ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਬਾਗੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਪ੍ਰਤੀ ਹਾਈਕਮਾਨ ਦੇ ਮਨ ਵਿੱਚ ਪੈਦਾ ਹੋਈ ਕੜਵਾਹਟ ਘੱਟ ਹੋਣ ਦਾ ਨਾਮ ਹੀ ਨਹੀਂ ਲੈ ਰਹੀ l ਪਾਰਟੀ ਹਾਈਕਮਾਨ ਪੰਜਾਬ ਵਿੱਚ ਝਾੜੂ ਨੂੰ ਖਿਡਾਉਣ ਅਤੇ ਵਿਧਾਇਕਾਂ ਨੂੰ ਬਗਾਵਤ ਦੇ ਲਈ ਉਕਸਾਉਣ ਦੇ ਲਈ ਸੁਖਪਾਲ ਸਿੰਘ ਖਹਿਰਾ ਨੂੰ ਵੱਡਾ ਕਸੂਰਵਾਰ ਮੰਨਦੀ ਹੈ l ਪਾਰਟੀ ਖਹਿਰਾ ਨੂੰ ਸਬਕ ਸਿਖਾਉਣ ਦੀ ਤਿਆਰੀ ਵਿੱਚ ਹੈ l ਵਿਰੋਧੀ ਪੱਖ ਦੇ ਨੇਤਾ ਹਰਪਾਲ ਸਿੰਘ ਚੀਮਾ ਵੱਲੋਂ ਦਲ ਬਦਲ ਕਾਨੂੰਨ ਦੇ ਅੰਤਰਗਤ ਖਹਿਰਾ ਖਿਲਾਫ਼ ਦਾਇਰ ਕੀਤੀ ਗਈ ਪਟੀਸ਼ਨ ਵਿਧਾਨ ਸਭਾ ਦੇ ਸਪੀਕਰ ਦੇ ਕੋਲ ਪਹੁੰਚਾ ਦਿੱਤੀ ਗਈ ਹੈ, ਜਦਕਿ ਅਕਤੂਬਰ 2019 ਵਿੱਚ ਖਹਿਰਾ ਨੇ ਅਸਤੀਫ਼ਾ ਵਾਪਸ ਲੈ ਲਿਆ ਹੈ l ਇਸ ਕਰਕੇ ਪਾਰਟੀ ਨੇ ਖਹਿਰਾ ਦੇ ਖਿਲਾਫ਼ ਹਾਈਕੋਰਟ ਜਾਣ ਦਾ ਫ਼ੈਸਲਾ ਕੀਤਾ ਹੈ l ਪਾਰਟੀ ਹਾਈਕਮਾਨ ਕਾਨੂੰਨੀ ਮਾਹਿਰਾਂ ਨਾਲ ਇਸ ਬਾਰੇ ਸਲਾਹ ਕਰ ਰਹੀ ਹੈ l ਚੀਮਾ ਦਾ ਕਹਿਣਾ ਹੈ ਕਿ ਪਾਰਟੀ ਜਲਦੀ ਹੀ ਹਾਈਕੋਰਟ ਜਾਵੇਗੀ l