ਬਟਾਲਾ : ਰੰਜਿਸ਼ ਵਿੱਚ ਕੁਝ ਲੋਕਾਂ ਨੇ ਪਿੰਡ ਭਗਤੂਪੁਰ ਦੇ ਰਹਿਣ ਵਾਲੇ ਇਕ ਨੌਜਵਾਨ ਦੀ ਰੱਜ ਕੇ ਕੁੱਟ ਮਾਰ ਕੀਤੀ।ਦੋਸ਼ ਹੈ ਕਿ ਕੁੱਟ ਮਾਰ ‘ਤੋਂ ਬਾਅਦ ਹਮਲਾਵਰ ਨੌਜਵਾਨਾਂ ਨੇ ਪੀੜਿਤ ਦੀ ਨੰਗੀ ਅਵਸਥਾ ਵਿੱਚ ਕੀਤੀ ਕੁੱਟ ਮਾਰ ਦੀ ਬਣਾਈ ਗਈ ਵੀਡੀਓ ਵੀ ਵਾਇਰਲ ਕਰ ਦਿੱਤੀ। ਘਟਨਾ ਮਗਰੋਂ ਪੁਲਿਸ ਨੇ ਪੀੜਿਤ ਨੌਜਵਾਨ ਦੇ ਬਿਆਨ ਤੇ 10 ਲੋਕਾਂ ਖਿਲਾਫ ਪਰਚਾ ਦਰਜ ਕੀਤਾ ਹੈ।
ਇਸ ਸਬੰਧ ਚ ਪੀੜਿਤ ਰਣਜੀਤ ਸਿੰਘ ਨੇ ਆਪਣੇ ਬਿਆਨਾਂ ‘ਚ ਪੁਲਿਸ ਨੂੰ ਦਸਿਆ ਕਿ 15 ਮਈ ਦੀ ਸ਼ਾਮ ਜਤਿੰਦਰ ਸਿੰਘ ਉਸਨੂੰ ਆਪਣੇ ਮੋਟਰ ਸਾਈਕਲ ਤੇ ਬਿਠਾ ਕੇ ਇਕ ਸ਼ੈਲਰ ਕੋਲ ਲੈ ਗਿਆ। ਓਥੇ ਰਾਣਾ ਵੰਜ ਵਾਸੀ ਘੁਮਾਣ ਅਤੇ ਕਾਲੂ ਵਾਸੀ ਬਾਰਿਆਰ ਅਤੇ ਨਾਲ 7 ਅਣਪਛਾਤੇ ਨੌਜਵਾਨ ਪਹਿਲਾਂ ਹੀ ਖੜ੍ਹੇ ਸਨ। ਉਕਤ ਨੌਜਵਾਨ ਮਿਲਕੇ ਉਸਨੂੰ ਕਿਸੇ ਸੁਨਸਾਨ ਜਗ੍ਹਾ ਤੇ ਲੈ ਗਏ ਤੇ ਨੰਗਾ ਕਰਕੇ ਉਸ ਦੀ ਮਾਰ ਕੁੱਟ ਕਰਨ ਲੱਗ ਪਏ। ਬਿਆਨ ਵਿਚ ਰਣਜੀਤ ਸਿੰਘ ਨੇ ਦਾਅਵਾ ਕੀਤਾ ਹੈ ਕਿ ਇਸ ਮਾਰ ਕੁੱਟ ਦੀ ਵੀਡੀਓ ਉਕਤ ਨੌਜਵਾਨਾਂ ਨੇ ਆਪਣੇ ਮੋਬਾਇਲ ਵਿੱਚ ਬਣਾਈ। ਉਧਰ ਦੂਜੇ ਪਾਸੇ ਪੁਲਿਸ ਮੂਲਜ਼ਮਾਂ ਦੀ ਭਾਲ ਵਿਚ ਲੱਗੀ ਹੈ।