ਚੰਡੀਗੜ : ਲੱਦਾਖ ਦੀ ਗਲਵਾਂ ਘਾਟੀ ਵਿੱਚ ਐਲਏਸੀ ਤੇ ਚੀਨ ਦੇ ਫੌਜੀਆਂ ਦੇ ਨਾਲ ਸੋਮਵਾਰ ਨੂੰ ਹੋਈ ਹਿੰਸਕ ਝੜਪ ਵਿੱਚ ਪੰਜਾਬ ਦੇ ਚਾਰ ਜਵਾਨ ਵੀ ਸ਼ਹੀਦ ਹੋਏ ਹਨ।ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਹੀਦਾਂ ਨੂੰ ਸ਼ਰਧਾਜਲੀ ਦਿੰਦੇ ਹੋਏ ਐਲਾਨ ਕੀਤਾ ਕਿ ਉਨ੍ਹਾਂ ਦੇ ਪਰਿਵਾਰਾਂ ਦੇ ਇੱਕ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ ਮੁਆਵਜ਼ਾ ਦਿੱਤਾ ਜਾਵੇਗਾ।
ਜਿ਼ਕਰਯੋਗ ਹੈ ਕਿ ਸ਼ਹੀਦ ਹੋਏ ਜਵਾਨਾਂ ਵਿੱਚ ਪਟਿਆਲਾ ਦੇ ਨਾਇਬ ਸੂਬੇਦਾਰ ਮਨਦੀਪ ਸਿੰਘ, ਗੁਰਦਾਸਪੁਰ ਦੇ ਨਾਇਬ ਸੂਬੇਦਾਰ ਸਤਨਾਮ ਸਿੰਘ, ਸੰਗਰੂਰ ਦੇ ਸਿਪਾਹੀ ਗੁਰਵਿੰਦਰ ਸਿੰਘ ਅਤੇ ਮਾਨਸਾ ਦੇ ਸਿਪਾਹੀ ਗੁਰਤੇਜ ਸਿੰਘ ਸ਼ਾਮਿਲ ਹਨ।ਕੈਪਟਨ ਨੇ ਕਿਹਾ ਕਿ ਦੇਸ਼ ਦੀ ਸੁੱਰਖਿਆ ਦੀ ਖਾਤਿਰ ਕੀਤੇ ਬਲੀਦਾਨ ਨੂੰ ਕਦੀ ਭੁਲਾਇਆ ਨਹੀਂ ਜਾਵੇਗਾ।ਸ਼ਹੀਦਾਂ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਪਿੰਡਾਂ ਵਿੱਚ ਕੀਤਾ ਜਾਵੇਗਾ ਅਤੇ ਇਸ ਮੌਕੇ ਤੇ ਕੈਬਿਨੇਟ ਮੰਤਰੀ ਰਾਜ ਸਰਕਾਰ ਦੀ ਪ੍ਰਤੀਨਿਧਤਾ ਕਰਨਗੇ।
ਉੱਥੇ ਸਰਕਾਰੀ ਬੁਲਾਰੇੇ ਨੇ ਦੱਸਿਆ ਕਿ ਨਾਇਬ ਸੂਬੇਦਾਰ ਮਨਦੀਪ ਸਿੰਘ ਅਤੇ ਨਾਇਬ ਸੂਬੇਦਾਰ ਸਤਨਾਮ ਸਿੰਘ ਦੇ ਵਿਆਹੁਤਾ ਹੋਣ ਦੇ ਕਾਰਨ ਸਰਕਾਰ ਦੀ ਨੀਤੀ ਦੇ ਮੁਤਾਬਿਕ 12-12 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ।ਇਸੀ ਤਰ੍ਹਾਂ ਅਵਵਿਆਹੁਤਾ ਸ਼ਹੀਦ ਗੁਰਤੇਜ ਸਿੰਘ ਅਤੇ ਗੁਰਵਿੰਦਰ ਸਿੰਘ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇਗਾ।