ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਜਿਹੜੇ ਕਿ ਟਕਸਾਲੀ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਨੂੰ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵਿੱਚ ਸ਼ਾਮਿਲ ਕਰਾਉਣ ਲਈ ਉਤਾਵਲੇ ਸਨ, ਹੁਣ ਢੀਂਡਸਾ ਵੱਲੋਂ ਆਪਣੀ ਪਾਰਟੀ ਬਣਾਏ ਜਾਣ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਬੁਰੀ ਤਰ੍ਹਾਂ ਭੜਕ ਗਏ ਹਨ।ਬ੍ਰਹਮਪੁਰਾ ਨੇ ਢੀਂਡਸਾ ਤੇ ਦੋਸ਼ ਲਾਇਆ ਕਿ ਉਹ ਨਵੀਂ ਪਾਰਟੀ ਰਾਹੀਂ ਆਪਣੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਨੂੰ ਮੁੱਖ ਮੰਤਰੀ ਬਣਾਉਣ ਲਈ ਹੀ ਟਕਸਾਲੀ ਦਲ ਦਾ ਸਾਥ ਛੱਡਿਆ ਹੇ।ਬ੍ਰਹਮਪੁਰਾ ਦਾ ਇਹ ਬਿਆਨ ਉਸ ਵੇਲੇ ਆਇਆ ਜਦੋਂ ਬੀਤੀ ਕੱਲ ਬਾਦਲ ਅਕਾਲੀ ਦਲ ਦੇ ਉਪ ਪ੍ਰਧਾਨ ਡਾਕਟਰ ਦਲਜੀਤ ਸਿੰਘ ਚੀਮਾ ਉਨ੍ਹਾਂ ਨੂੰ ਮਿਲ ਕੇ ਪੀਜੀਆਈ ਵਿੱਚੋਂ ਵਾਪਸ ਗਏ ਹਨ ਤੇ ਬ੍ਰਹਮਪੁਰਾ ਦੇ ਇੱਕ ਵਾਰ ਫੇਰ ਅਕਾਲੀ ਦਲ ‘ਚ ਵਾਪਸੀ ਦੀ ਚਰਚਾਵਾਂ ਛਿੜ ਪਈਆਂ ਹਨ।
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬ੍ਰਹਮਪੁਰਾ ਨੇ ਸਵਾਲ ਕੀਤਾ ਹੈ ਕਿ ਉਨ੍ਹਾਂ ਨੇ ਤਾਂ ਢੀਂਡਸਾ ਨੂੰ ਪ੍ਰਧਾਨਗੀ ਦੀ ਪੇਸ਼ਕਸ਼ ਕੀਤੀ ਸੀ ਤੇ ਉਹ ਵੀ ਬਿਨਾਂ ਕਿਸੇ ਸ਼ਰਤ ਦੇ ਪਰ ਫੇਰ ਵੀ ਢੀੱਡਸਾ ਨੇ ਨਵੀਂ ਪਾਰਟੀ ਕਿਉਂ ਬਣਾਈ, ਇਹ ਗੱਲ ਉਨ੍ਹਾਂ ਨੂੰ ਸਮਝ ਨਹੀਂ ਆ ਰਹੀ।ਬ੍ਰਹਮਪੁਰਾ ਨੇ ਇਹ ਵੀ ਕਿਹਾ ਕਿ ਪੁਰਾਣੇ ਕਾਂਗਰਸੀ ਆਪਣੇ ਆਪ ਨੂੰ ਟਕਸਾਲੀ ਕਾਂਗਰਸੀ ਕਹਾਉਂਦੇ ਹਨ ਅਤੇ ਜੇਕਰ ਲੋਕ ਉਨ੍ਹਾਂ ਨੂੰ ਟਕਸਾਲੀ ਕਾਂਗਰਸੀਆਂ ਨੂੰ ਵੋਟਾਂ ਪਾ ਸਕਦੇ ਹਨ ਤਾਂ ਉਨ੍ਹਾਂ ਨੂੰ ਕਿਉਂ ਨਹੀਂ।
ਬ੍ਰਹਮਪੁਰਾ ਨੇ ਅੱਗੇ ਕਿਹਾ ਕਿ ਜਦੋਂ ਉਨ੍ਹਾਂ ਨੇ ਅਕਾਲੀ ਦਲ ਟਕਸਾਲੀ ਦਾ ਗਠਨ ਕੀਤਾ ਤਾਂ ਕੁਝ ਲੋਕਾਂ ਨੇ ਉਨ੍ਹਾਂ ਨੂੰ ਆ ਕੇ ਕਿਹਾ ਕਿ ਢੀਂਡਸਾ ਨੂੰ ਪ੍ਰਧਾਨ ਬਣਾਇਆ ਜਾਵੇ ਅਤੇ ਪੁੱਛੇ ਜਾਣ ਤੇ ਉਨ੍ਹਾਂ ਨੇ ਕਿਹਾ ਕਿ ਢੀਂਡਸਾ ਕਹਿ ਰਹੇ ਹਨ ਕਿ ਉਹ ਸੀਨੀਅਰ ਹਨ।ਬ੍ਰਹਮਪੁਰਾ ਨੇ ਕਿਹਾ ਕਿ ਜਿੰਨੀਆਂ ਜ਼ੇਲਾਂ ਦੀ ਸਜਾਵਾਂ ਉਨ੍ਹਾਂ ਨੇ ਕੱਟੀਆਂ ਅਤੇ ਜਿੰਨੀਆਂ ਚੋਣਾਂ ਉਨ੍ਹਾਂ ਨੇ ਜਿੱਤੀਆਂ ਹਨ, ਉਨ੍ਹਾਂ ਦੇ ਮੁਕਾਬਲੇ ਢੀਂਡਸਾ ਨੇ ਨਾ ਤਾਂ ਕੋਈ ਚੋਣ ਜਿੱਤੀ ਹੈ ਅਤੇ ਨ ਹੀ ਜੇਲਾਂ ਵਿੱਚ ਸਜ਼ਾ ਕੱਟੀਆਂ ਹੋਣਗੀਆਂ।
ਪਰ ਫੇਰ ਵੀ ਉਹ ਉਨ੍ਹਾਂ ਨੂੰ ਸਨਮਾਨ ਦਿੰਦੇ ਹੋਏ ਪਾਰਟੀ ਪ੍ਰਧਾਨ ਬਣਾਉਣ ਦੀ ਪੇਸ਼ਕਸ਼ ਕੀਤੀ ਸੀ।ਉਨ੍ਹਾਂ ਨੇ ਕਿਹਾ ਕਿ ਜਿਹੜੇ ਨੇਤਾ ਚਲੇ ਗਏ ਹਨ, ਉਨ੍ਹਾਂ ਦੀ ਮਰਜ਼ੀ ਹੈ ਪਰ ਅਕਾਲੀ ਦਲ ਅਕਸਾਲੀ ਕਾਇਮ ਹੈ, ਜਿਸ ਦੀ ਕੋਰ ਕਮੇਟੀ ਸਮੇਤ ਹੋਰ ਜੱਥੇਬੰਦੀਆਂ ਢਾਂਚਾ ਬਣ ਚੁੱਕਿਆ ਹੈ ਅਤੇ ਜਿਸ ਦਾ ਕੰਮ ਜਾਰੀ ਰਹੇਗਾ।ਬ੍ਰਹਮਪੁਰਾ ਨੇ ਕਿਹਾ ਕਿ ਹਰਸੁਖਿੰਦਰ ਸਿੰਘ ਬੱਬੀ ਬਾਦਲ ਹਲੇ ਬੱਚੇ ਹਨ।ਉਨ੍ਹਾਂ ਦੇ ਬਾਰੇ ਨਹੀਂ ਪਤਾ ਕਿ ਉਹ ਅੱਗੇ ਜਾ ਕੇ ਕੀ ਕਰਨਗੇ।
ਪੱਤਰਕਾਰਾਂ ਨਾਲ ਗੱਲਬਾਤ ਦੇ ਦੌਰਾਨ ਭਾਵੁਕ ਹੁੰਦੇ ਹੋਏ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ, ਕੋਰੋਨਾ ਦਾ ਕਹਿਰ ਜਾਰੀ ਹੈ ਪਰ ਲੋਕ ਹੁਣ ਵੀ ਪਰਮਾਤਮਾ ਤੋਂ ਨਹੀਂ ਡਰਦੇ ਅਤੇ ਕਈ ਲੋਕਾਂ ਨੇ ਧਰਮ ਦਾ ਝੂਠਾ ਬਾਣਾ ਪਾਇਆ ਹੋਇਆ ਹੈ।ਉਨ੍ਹਾਂ ਨੂੰ ਦੁੱਖ ਹੈ ਕਿ ਉਨ੍ਹਾਂ ਦੇ ਦੋਸਤ ਹੀ ਧੋਖੇਬਾਜ ਹੋ ਗਏ ਪਰ ਆਉਣ ਵਾਲਾ ਸਮਾਂ ਤੈਅ ਕਰੇਗਾ ਕਿ ਲੋਕ ਕਿਸ ਨੂੰ ਮਨਜ਼ੂਰ ਕਰਦੇ ਹਨ ਅਤੇ ਕਿਸ ਨੂੰ ਨਹੀਂ।ਅਕਾਲੀ ਦਲ ਟਕਸਾਲੀ ਅਜਿਹੇ ਹੀ ਚਲੱਦਾ ਰਹੇਗਾ।