ਚੰਡੀਗੜ੍ਹ ; ਮੋਦੀ ਸਰਕਾਰ ਵੱਲੋਂ ਨਾਗਰਿਕਤਾ ਕਾਨੂੰਨ ਪਾਸ ਕੀਤੇ ਜਾਣ ਤੋਂ ਬਾਅਦ ਅੱਜ ਦਿੱਲੀ ਅੰਦਰ ਕੁੱਲ ਹਿੰਦ ਕਾਂਗਰਸ ਪਾਰਟੀ ਵੱਲੋਂ ਭਾਰਤ ਬਚਾਓ ਰੈਲੀ ਕੀਤੀ ਗਈ ਸੀ l ਇਹ ਰੈਲੀ ਮੋਦੀ ਸਰਕਾਰ ਤੇ ਕੀ ਅਸਰ ਪਾਏਗੀ, ਇਹ ਤਾਂ ਅਜੇ ਭਵਿੱਖ ਦੇ ਗਰਭ ਵਿੱਚ ਹੈ l ਪਰ ਉਸ ਸਮੇਂ ਜਦੋਂ ਇਸ ਰੈਲੀ ਵਿੱਚ ਸ਼ਾਮਿਲ ਹੋਣ ਲਈ ਕਾਂਗਰਸ ਪਾਰਟੀ ਦੇ ਸੱਤਾ ਵਾਲੇ ਹੋਰਨਾਂ ਸੂਬਿਆਂ ਦੇ ਮੁੱਖ ਮੰਤਰੀ ਇੱਕ ਦਿਨ ਪਹਿਲਾਂ ਹੀ ਹਾਈਕਮਾਂਡ ਕੋਲ ਦਿੱਲੀ ਪਹੁੰਚ ਗਏ ਸਨ l ਅਜਿਹੇ ਵਿੱਚ ਐਨ ਮੌਕੇ ‘ਤੇ ਆ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਹੈਲੀਕਾਪਟਰ ਖਰਾਬ ਹੋ ਜਾਣ ਦੇ ਮਾਮਲੇ ਨੇ ਕਾਂਗਰਸ ਹਾਈਕਮਾਂਡ ਵਿੱਚ ਬੈਠੇ ਲੋਕਾਂ ਦੇ ਭਰਵੱਟੇ ਉੱਤੇ ਚੱਕ ਦਿੱਤੇ ਨੇ l ਦੱਸ ਦਈਏ ਕਿ ਇਹ ਰੈਲੀ ਦੇਸ਼ ਵਿੱਚ ਆਪਣੀ ਹੋਂਦ ਗਵਾਉਂਦੀ ਜਾ ਰਹੀ ਕਾਂਗਰਸ ਪਾਰਟੀ ਲਈ ਇੱਕ ਟੋਨਿਕ ਦਾ ਕੰਮ ਕਰਨ ਵਾਲੀ ਹੈ l ਜਿਸ ਤੋਂ ਬਾਅਦ ਨਾ ਸਿਰਫ਼ ਦੇਸ਼ ਦੇ 25ਕਰੋੜ ਮੁਸਲਮਾਨਾਂ ਦਾ ਸਾਥ ਕਾਂਗਰਸ ਨੂੰ ਮਿਲਣ ਦੀ ਉਮੀਦ ਬੱਝਦੀ ਹੈ l ਬਲਕਿ ਸਿੱਖਾਂ ਵਰਗੀਆਂ ਹੋਰ ਕੋਮਾਂ ਨੂੰ ਵੀ ਪਾਰਟੀ ਆਪਣੇ ਵੱਲ ਖਿੱਚਣ ਵਿੱਚ ਕਾਮਯਾਬ ਰਹਿੰਦੀ l ਅਜਿਹੇ ਵਿੱਚ ਕੈਪਟਨ ਅਮਰਿੰਦਰ ਸਿੰਘ ਦਾ ਇਸ ਰੈਲੀ ਵਿੱਚ ਸ਼ਾਮਿਲ ਨਾ ਹੋਣਾ ਕਾਂਗਰਸ ਹਾਈਕਮਾਂਡ ਦੇ ਮਨ ਵਿੱਚ ਵੱਡੇ ਸਵਾਲ ਖੜ੍ਹੇ ਕਰਨ ਦੇ ਨਾਲ ਨਾਲ ਉਸ ਹਾਲਤ ਵਿੱਚ ਨਰਾਜ਼ਗੀ ਨੂੰ ਹੋਰ ਵਧਾ ਗਿਆ, ਜਦੋਂ ਨਵਜੋਤ ਸਿੰਘ ਸਿੱਧੂ ਦੇ ਮਾਮਲੇ ਵਿੱਚ ਕੈਪਟਨ ਵੱਲੋਂ ਅਪਣਾਇਆ ਗਿਆ ਰਵਈਆ ਹਾਈਕਮਾਂਡ ਨੂੰ ਅਜੇ ਤੱਕ ਖਟਕ ਰਿਹਾ l
ਭਾਵੇਂ ਕਿ ਦਿੱਲੀ ਦੇ ਇੰਡੀਆ ਗੇਟ ਵਿਖੇ ਕੀਤੀ ਗਈ ਇਸ ਰੈਲੀ ਦੌਰਾਨ ਨਵਜੋਤ ਸਿੰਘ ਸਿੱਧੂ ਵੀ ਨਹੀਂ ਪਹੰਚੇ,ਪਰ ਉਨ੍ਹਾਂ ਨਾਲ ਨਰਾਜ਼ਗੀ ਸ਼ਾਇਦ ਇਸ ਲਈ ਵੀ ਘੱਟ ਹੋਵੇ ਕਿ ਉਹ ਇਸ ਵੇਲੇ ਪਹਿਲਾਂ ਹੀ ਇੱਕ ਪਾਸੇ ਕੀਤੇ ਹੋਏ ਨੇ l ਜ਼ਿਕਰਯੋਗ ਹੈ ਕਿ ਇਸ ਰੈਲੀ ਵਿੱਚ ਪੂਰੇ ਦੇਸ਼ ਵਿੱਚੋਂ ਵੱਡੇ ਤੋਂ ਵੱਡਾ ਲੀਡਰ ਹਾਈਕਮਾਂਡ ਨਾਲ ਮੋਢੇ ਨਾਲ ਮੋਢਾ ਲਾਕੇ ਖਲੋਤਾ ਦਿਖਾਈ ਦਿੱਤਾ ਹੈ,ਤੇ ਅਜਿਹੇ ਵਿੱਚ ਕੈਪਟਨ ਦਾ ਉੱਥੇ ਨਾ ਪਹੁੰਚਣਾ ਸਾਰਿਆਂ ਨੂੰ ਖਟਕਣਾ ਲਾਜ਼ਮੀ ਸੀ l
ਉਨ੍ਹਾਂ ਹਲਾਤਾਂ ਵਿੱਚ ਜਦੋਂ ਪੰਜਾਬ ਵਿੱਚ ਨਵਜੋਤ ਸਿੰਘ ਸਿੱਧੂ,ਪ੍ਰਤਾਪ ਸਿੰਘ ਬਾਜਵਾ ਤੋਂ ਇਲਾਵਾ ਕੈਪਟਨ ਦੇ ਆਪਣੇ ਜ਼ਿਲ੍ਹੇ ਪਟਿਆਲਾ ਦੇ ਚਾਰ ਵਿਧਾਇਕ ਮੁੱਖ ਮੰਤਰੀ ਦੇ ਖਿਲਾਫ਼ ਹੋਣ ਤੇ ਕੈਪਟਨ ਵੱਲੋਂ ਆਪ ਜ਼ੋਰ ਪਾ ਕੇ ਲਵਾਏ ਗਏ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਵੀ ਜਨਤਕ ਤੋਰ ਤੇ ਇਹ ਬਿਆਨ ਦੇ ਰਹੇ ਹੋਣ ਕਿ ਸੂਬੇ ਦੇ ਲੋਕ ਪੰਜਾਬ ਦੀ ਕਾਂਗਰਸ ਸਰਕਾਰ ਤੋਂ ਖੁਸ਼ ਨਹੀਂ ਹਨ ਤੇ ਸਾਰੀ ਰਿਪੋਰਟ ਹਾਈਕਮਾਂਡ ਕੋਲ ਪਹੁੰਚ ਰਹੀ ਹੈ,ਉਸ ਹਾਲਤ ਵਿੱਚ ਜਦੋਂ ਪ੍ਰਤਾਪ ਸਿੰਘ ਬਾਜਵਾ ਅਤੇ ਰਾਜਾ ਵੜਿੰਗ ਵਰਗੇ ਆਗੂਆਂ ਵੱਲੋਂ ਕੈਪਟਨ ਮੰਤਰੀ ਮੰਡਲ ਵਿੱਚ ਫ਼ੇਰਬਦਲ ਅਤੇ ਤਿੰਨ ਉੱਪ ਮੁੱਖਮੰਤਰੀ ਬਣਾਉਣ ਦੀ ਚਰਚਾ ਛੇੜ ਦਿੱਤੀ ਗਈ ਹੋਵੇ l ਅਜਿਹੇ ਵਿੱਚ ਕੈਪਟਨ ਨਾਲ ਹਾਈਕਮਾਂਡ ਦੀ ਨਰਾਜ਼ਗੀ ਹੁਣ ਅੱਗੇ ਕੀ ਨਵਾਂ ਗੁਲ ਖਿਲਾਏਗੀ l ਏਸ ਗੱਲ ਤੇ ਪੰਜਾਬ ਦੇ ਲੋਕਾਂ ਨੇ ਬਿਨਾਂ ਝੱਪਕੇ ਅੱਖ ਟਿਕਾਈ ਹੋਈ ਹੈ l