ਅੰਮ੍ਰਿਤਸਰ (ਹਰਜੀਤ ਗਰੇਵਾਲ) ਪੰਜਾਬ ‘ਚ ਕੋਰੋਨਾ ਕਰਫਿਊ ਤੇ ਤਾਲਾਬੰਦੀ ਦੇ ਮਾਹੌਲ ‘ਚ ਪਹਿਲਾਂ ਸਿੱਧੂ ਮੂਸੇਵਾਲਾ, ਫੇਰ ਗਾਇਕ ਰਣਜੀਤ ਬਾਵਾ ਤੇ ਹੁਣ ਫਿਲਮ ਅਦਾਕਾਰ ਤੇ ਗਾਇਕ ਸਤਿੰਦਰ ਸਰਤਾਜ ਨੂੰ ਵੀ ਵਿਵਾਦਾਂ ਨੇ ਆਣ ਘੇਰਿਆ ਹੈ। ਸਤਿੰਦਰ ਸਰਤਾਜ ਵਲੋਂ ਗਾਏ ਗਏ ਜ਼ਫ਼ਰਨਾਮਾਂ ਉੱਤੇ ਸਖਤ ਇਤਰਾਜ਼ ਉੱਠੇ ਹਨ। ਇੰਨੇ ਸਖ਼ਤ ਕਿ ਇਸਦੀ ਸ਼ਿਕਾਇਤ ਸਿੱਖ ਧਰਮ ਦੀ ਸੁਪਰੀਮ ਕੋਰਟ ਮੰਨੀ ਜਾਂਦੀ ਸ੍ਰੀ ਅਕਾਲ ਤਖਤ ਸਾਹਿਬ ‘ਤੇ ਵੀ ਜਾ ਪਹੁੰਚੀ ਹੈ। ਇਸ ਸ਼ਿਕਾਇਤ ਨੂੰ ਉੱਥੇ ਪਹੁੰਚਾਇਆ ਹੈ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਭਾਈ ਅਜਾਇਬ ਸਿੰਘ ਅਭਿਆਸੀ ਨੇ। ਜਿਨ੍ਹਾਂ ਨੇ ਦੋਸ਼ ਲਾਇਆ ਹੈ ਕਿ ਗਾਇਕ ਸਤਿੰਦਰ ਸਰਤਾਜ ਵੱਲੋਂ ਗਾਏ ਗਏ ਜ਼ਫ਼ਰਨਾਮਾਂ ਦਾ ਉਚਾਰਣ ਉਨ੍ਹਾਂ ਨੇ ਸ਼ੁੱਧ ਨਹੀਂ ਕੀਤਾ। ਲਿਹਾਜਾ ਇਸ ਤੇ ਪਾਬੰਦੀ ਲਗਾਈ ਜਾਏ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੁਰਾਂ ਨੂੰ ਲਿਖੇ ਇੱਕ ਪੱਤਰ ਵਿੱਚ ਭਾਈ ਅਜਾਇਬ ਸਿੰਘ ਅਭਿਆਸੀ ਨੇ ਮੰਗ ਕੀਤੀ ਹੈ ਕਿ ਇਸ ਜ਼ਫਰਨਾਮਾ ਨੂੰ ਵਾਪਾਸ ਲੈਕੇ ਇਸਦਾ ਉਚਾਰਣ ਸ਼ੁੱਧ ਕਰਨ ਤੇ ਲੁੜੀਂਦੀਆਂ ਸੋਧਾਂ ਕਰਨ ਉਪਰੰਤ ਹੀ ਇਸ ਨੂੰ ਅੱਗੇ ਜਾਰੀ ਕਰਨ ਦੀ ਇਜਾਜ਼ਤ ਮਿਲੇ। ਪੱਤਰ ਵਿੱਚ ਭਾਈ ਅਭਿਆਸੀ ਨੇ ਲੱਚਰ ਗਾਇਕੀ ਦੇ ਦੌਰ ‘ਚ ਗਾਇਕ ਕਲਾਕਾਰਾਂ ਵੱਲੋਂ ਗੁਰਬਾਣੀ ਗਾਇਨ, ਸਿੱਖ ਇਤਿਹਾਸ ਅਤੇ ਸਾਹਿਤ ਨੂੰ ਗਾਇਕੀ ਰਾਹੀਂ ਪੇਸ਼ ਕਰਨ ਦਾ ਤਾਂ ਸਵਾਗਤ ਕੀਤਾ ਹੈ, ਪਰ ਨਾਲ ਹੀ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਹੈ ਕਿ ਇਹ ਲੋਕ ਗੁਰਬਾਣੀ ਦਾ ਗਾਇਨ ਸ਼ੁੱਧ ਤਰੀਕੇ ਨਾਲ ਕਰਨ ਕਿਉਂਕਿ ਸਿੱਖ ਧਰਮ ‘ਚ ਗੁਰਬਾਣੀ ਦਾ ਗਲਤ ਉਚਾਰਣ ਅਪਰਾਧ ਮੰਨਿਆ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਜ਼ਫ਼ਰਨਾਮਾ ਫਾਰਸੀ ਜ਼ੁਬਾਨ ‘ਚ ਲਿਖਿਆ ਗਿਆ ਹੈ ਤੇ ਫਾਰਸੀ ਜ਼ੁਬਾਨ ਨੂੰ ਸਮਝਣ ਵਾਲੇ ਸਤਿੰਦਰ ਸਰਤਾਜ ਵਲੋਂ ਗਾਏ ਜ਼ਫ਼ਰਨਾਮੇ ਨੂੰ ਸੁਣ ਕੇ ਆਪਣੇ ਅੰਦਰ ਭਰਮ ਭੁਲੇਖੇ ਪਾਲ ਲੈਣਗੇ। ਇਥੇ ਉਨ੍ਹਾਂ ਗਿਆਨੀ ਹਰਪ੍ਰੀਤ ਸਿੰਘ ਹੁਰਾਂ ਦੇ ਧਿਆਨ ‘ਚ ਇਹ ਗੱਲ ਲਿਆਉਂਦਿਆਂ ਕਿਹਾ ਕਿ ਇਸ ਤੋਂ ਪਹਿਲਾਂ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਸਤਿੰਦਰ ਸਰਤਾਜ ਆਰਤੀ ਗਾਉਣ ਵੇਲੇ ਵੀ ਕਈ ਤਰ੍ਹਾਂ ਦੀਆਂ ਗ਼ਲਤੀਆਂ ਕਰ ਚੁਕੇ ਹਨ। ਉਨ੍ਹਾਂ ਪੱਤਰ ਵਿੱਚ ਇਹ ਸ਼ਿਕਾਇਤ ਕਰਨ ਦਾ ਇੱਕ ਹੋਰ ਤਰਕ ਦੇਂਦਿਆਂ ਕਿਹਾ ਕਿ ਨੌਜਵਾਨ ਪੀੜ੍ਹੀ ਅਜਿਹੇ ਗਾਇਕਾਂ ਨੂੰ ਰੋਲ ਮਾਡਲ ਬਣਾਈ ਬੈਠੀ ਹੈ ਤੇ ਇਸ ਦੌਰਾਨ ਇਨ੍ਹਾਂ ਵੱਲੋਂ ਜੇਕਰ ਕੋਈ ਗ਼ਲਤ ਚੀਜ਼ ਵੀ ਪੇਸ਼ ਕਰ ਦਿੱਤੀ ਜਾਏ, ਤਾਂ ਉਹ ਉਸ ਨੂੰ ਵੀ ਸਹੀ ਮੰਨ ਕੇ ਆਪਣੇ ਜੀਵਨ ਵਿੱਚ ਆਪਣਾ ਲੈਂਦੇ ਹਨ। ਲਿਹਾਜਾ ਅਜਿਹੇ ਕਲਾਕਾਰਾਂ ਵੱਲੋਂ ਗੁਰਬਾਣੀ ਗਾਇਨ ਤੇ ਰਿਕਾਰਡਿੰਗ ਮੌਕੇ ਕੋਈ ਗ਼ਲਤੀ ਨਾ ਹੋਵੇ ਇਸ ਗੱਲ ਦਾ ਧਿਆਨ ਰੱਖਿਆ ਜਾਣਾ ਯਕੀਨੀ ਬਣਾਉਣਾ ਜਰੂਰੀ ਹੈ।