ਅੰਮ੍ਰਿਤਸਰ ; ਅੰਮ੍ਰਿਤਸਰ ‘ਚ ਪੈਂਦਾ ਇਹ ਇਤਿਹਾਸਿਕ ਸਥਾਨ ਸਿੱਖ ਕੌਮ ਦੇ ਮਹਾਨ ਸ਼ਹੀਦ ਬਾਬਾ ਦੀਪ ਸਿੰਘ ਦੀਆਂ, ਜਿੱਥੇ ਅਣਗਿਣਤ ਯਾਦਾਂ ਆਪਣੇ ਅੰਦਰ ਸਮੋਈ ਬੈਠਾ ਹੈ l ਉੱਥੇ ਇਸ ਅਸਥਾਨ ਨਾਲ ਬੀਤੇ ਦਿਨੀਂ ਇੱਕ ਹੋਰ ਅਜਿਹੀ ਯਾਦ ਜੁੜ ਗਈ ਹੈ,ਜਿਸ ਨੇ ਜਿੱਥੇ ਵੇਖਣ ਵਾਲਿਆਂ ਨੂੰ ਅੰਦਰ ਤੱਕ ਹਲੂਣ ਕੇ ਰੱਖ ਦਿੱਤਾ ਹੈ l ਇੰਨਾ ਹਲੂਣ ਕੇ ਕਿ ਮੌਕੇ ਦੀਆਂ ਤਸਵੀਰਾਂ ਦੇਖਣ ਵਾਲੇ ਦੇ ਮੂੰਹੋਂ ਅੱਬੜਵਾਹੇ ਨਿਕਲ ਜਾਂਦਾ ਹੈ, ਕਿ ਕਿੰਨਾ ਸਫ਼ੈਦ ਹੋ ਗਿਆ ਹੈ ਇਨਸਾਨ ਦਾ ਖੂਨ, ਜਿਹੜਾ ਗੁਰੂ ਘਰ ਅੰਦਰ ਵੀ ਮੁਸੀਬਤ ‘ਚ ਘਿਰੇ ਬੰਦੇ ਨੂੰ ਦੇਖ ਪਾਸਾ ਵੱਟ ਲੈਂਦੇ ਹਨ l ਜੀ ਹਾਂ ਅਸੀਂ ਗੱਲ ਕਰ ਰਹੇ ਆਂ ਗੁਰਦੁਆਰਾ ਸ਼ਹੀਦਾਂ ‘ਚ ਵਾਪਰੇ, ਉਸ ਹਾਦਸੇ ਦੀ, ਜਿਸ ‘ਚ ਰੋਜ਼ ਦੀ ਤਰ੍ਹਾਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਆਏ, ਨਿਊ ਤਹਿਸੀਲ ਪੁਰਾ ਅੰਮ੍ਰਿਤਸਰ ਦੇ ਰਹਿਣ ਵਾਲੇ ਗੁਰੂ ਘਰ ਦੇ ਸ਼ਰਧਾਲੂ ਪਰਮਜੀਤ ਸਿੰਘ ਭਾਟੀਆ, ਜਦੋਂ ਲੰਘੇ ਦਿਨੀਂ ਇੱਕ ਵਾਰ ਫੇਰ ਹਾਜ਼ਰੀ ਭਰਨ ਗਏ ਤਾਂ ਉਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ‘ਚ ਈ ਦਿਲ ਦਾ ਦੌਰਾ ਪੈ ਗਿਆ l
ਇਸ ਤੋਂ ਪਹਿਲਾਂ ਕਿ ਕਿਸੇ ਨੂੰ ਕੁਝ ਸਮਝ ਆਉਂਦਾ, ਪਰਮਜੀਤ ਸਿੰਘ ਦਰਬਾਰ ਹਾਲ ਦੇ ਫ਼ਰਸ਼ ‘ਤੇ ਚੱਕਰ ਖਾ ਕੇ ਪਿੱਠ ਭਾਰ ਡਿੱਗ ਪਏ l ਇਸ ਹਾਦਸੇ ਦੌਰਾਨ ਪਰਮਜੀਤ ਸਿੰਘ ਇੱਕਲਾ ਹੀ ਸੀ, ਤੇ ਸੀਸੀਟੀਵੀ ਕੈਮਰੇ ‘ਚ ਕੈਦ ਹੋਈਆਂ ਤਸਵੀਰਾਂ ਵਿੱਚ ਇਹ ਸਾਫ਼ ਦਿਖ ਰਿਹਾ ਕਿ ਪਰਮਜੀਤ ਸਿੰਘ ਕਿਸ ਤਰ੍ਹਾਂ ਧਰਤੀ ਤੇ ਡਿੱਗਿਆ ਹੋਇਆ ਹੈ, ਤੇ ਇਸਦੇ ਬਾਵਜੂਦ ਸਿਰਫ਼ ਚੰਦ ਬੰਦਿਆਂ ਨੂੰ ਛੱਡ ਕੇ, ਲੋਕ ਉਸ ਮੁਸੀਬਤ ‘ਚ ਫਸੇ ਹੋਏ ਸ਼ਰਧਾਲੂ ਵੱਲ, ਗੁਰੂ ਘਰ ਅੰਦਰ ਵੀ ਪਾਸ ਵੱਟ ਵੱਟ ਕੇ ਲੰਘੀ ਜਾ ਰਹੇ ਸਨ l ਬਾਅਦ ਵਿੱਚ ਪਰਮਜੀਤ ਸਿੰਘ ਨੂੰ ਨੇੜੇ ਦੇ ਗੁਰੂ ਰਾਮਦਾਸ ਹਸਪਤਾਲ ਲਿਜਾਇਆ ਗਿਆ l ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਕਰ ਦਿੱਤਾ l ਗੁਰਬਾਣੀ ਕਹਿੰਦੀ ਹੈ ਕਿ ਐਸੀ ਮਰਨੀ ਜੋ ਮਰੈ ਬਹੁਰਿ ਨ ਮਰਨਾ ਹੋਇ, ਯਾਨੀ ਕਿ ਗੁਰੂ ਦੇ ਦੱਸੇ ਰਾਹ ਤੇ ਚੱਲਦਿਆਂ ਜੇ ਕਿਸੇ ਦੀ ਮੋਤ ਵੀ ਹੋ ਜਾਂਦੀ ਹੈ ਤਾਂ ਉਹ ਦੁਨਿਆਵੀ ਆਵਾਗਮਨ ਦੇ ਚੱਕਰਾਂ ਤੋਂ ਮੁਕਤ ਹੋ ਜਾਂਦਾ ਹੈ l ਵੇਖਣ ਵਾਲਿਆਂ ਨੇ ਸਾਫ਼ ਦੇਖਿਆ ਹੈ ਕਿ ਪਰਮਜੀਤ ਸਿੰਘ ਦੀ ਮੋਤ ਵੀ ਗੁਰੂ ਚਰਨਾਂ ‘ਚ ਹੋਈ ਹੈ l ਹੁਣ ਉਹ ਤਾਂ ਸ਼ਾਇਦ ਦੁਨਿਆਵੀ ਚੱਕਰ ਤੋਂ ਮੁਕਤ ਹੋ ਜਾਵੇ, ਪਰ ਉਨ੍ਹਾਂ ਦਾ ਕੀ, ਜਿਹੜੇ ਉਸਨੂੰ ਮਰਦਾ ਦੇਖ ਕੇ ਪਾਸਾ ਵੱਟ ਗਏ ਸਨ l ਇਸ ਸਵਾਲ ਦਾ ਜਵਾਬ ਸ਼ਾਇਦ ਕੋਈ ਨਾ ਦੇ ਪਾਵੇ l