ਗੁਰਦਸਪੁਰ (ਅਵਤਾਰ ਸਿੰਘ): ਪਟਿਆਲਾ ਦੀ ਕੇਂਦਰੀ ਜੇਲ੍ਹ ‘ਚ ਬੰਦ ਪ੍ਰਸਿੱਧ ਖ਼ਤਰਨਾਕ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਵੀ ਕੋਰੋਨਾ ਵਾਇਰਸ ਨਾਂ ਦੀ ਲਾ ਇਲਾਜ ਬਿਮਾਰੀ ਨੇ ਆਪਣੀ ਚਪੇਟ ਵਿੱਚ ਲੈ ਲਿਆ ਹੈ। ਡਾਕਟਰਾਂ ਵੱਲੋਂ ਜੱਗੂ ਦੇ ਲਏ ਗਏ ਸੈਂਪਲ ਟੈਸਟ ਦੀ ਰਿਪੋਰਟ ਕੋਰੋਨਾ ਪਾਜ਼ਿਟਿਵ ਆਈ ਹੈ। ਦੱਸ ਦਈਏ ਕਿ ਬਟਾਲਾ ਪੁਲਿਸ ਜੱਗੂ ਭਗਵਾਨਪੁਰੀਆ ਨੂੰ ਲੰਘੀ 30 ਅਪ੍ਰੈਲ ਵਾਲੇ ਦਿਨ ਢਿੱਲਵਾਂ ਦੇ ਸਾਬਕਾ ਅਕਾਲੀ ਸਰਪੰਚ ਦਲਬੀਰ ਸਿੰਘ ਦੇ ਕਤਲ ਕੇਸ ਵਿੱਚ ਪੁੱਛਗਿੱਛ ਲਈ ਪ੍ਰੋਡਕਸ਼ਨ ਵਾਰੰਟ ‘ਤੇ ਕੇਂਦਰੀ ਜੇਲ੍ਹ ਪਟਿਆਲਾ ‘ਚੋਂ ਆਪਣੇ ਨਾਲ ਬਟਾਲਾ ਦੇ ਥਾਣਾ ਸਿਵਲ ਲਾਈਨ ਲਿਆਈ ਸੀ। ਜਿਸ ਦੌਰਾਨ 2 ਮਈ ਨੂੰ ਪੁਲਿਸ ਵੱਲੋਂ ਉਸ ਦਾ ਰੁਟੀਨ ਕੋਰੋਨਾ ਟੈਸਟ ਕਰਵਾਇਆ ਗਿਆ। ਜਿਸ ਦੀ 5 ਮਈ ਨੂੰ ਰਿਪੋਰਟ ਆਉਣ ‘ਤੇ ਜਦੋਂ ਪਤਾ ਲੱਗਾ ਕਿ ਜੱਗੂ ਭਗਵਾਨਪੁਰੀਆ ਕੋਰੋਨਾ ਪਾਜ਼ਿਟਿਵ ਹੈ ਤਾਂ ਚਾਰੇ ਪਾਸੇ ਭਾਜੜਾਂ ਪੈ ਗਈਆਂ। ਪੁਲਿਸ ਵਿਭਾਗ ਹੁਣ ਜੱਗੂ ਦੇ ਸੰਪਰਕ ‘ਚ ਆਏ 40 ਪੁਲਿਸ ਮੁਲਾਜ਼ਮਾਂ ਦੇ ਵੀ ਕੋਰੋਨਾ ਟੈਸਟ ਕਰਵਾਉਣ ਜਾ ਰਹੀ ਐ।
ਇਧਰ ਦੂਜੇ ਪਾਸੇ ਪਿੰਡ ਭਗਵਾਨਪੁਰੀਆ ਦੀ ਸਰਪੰਚ ਤੇ ਜੱਗੂ ਭਗਵਾਨਪੁਰੀਆ ਦੀ ਮਾਤਾ ਹਰਜੀਤ ਕੌਰ ਨੂੰ ਜੱਗੂ ਦੇ ਕੋਰੋਨਾ ਪਾਜ਼ਿਟਿਵ ਆਉਣ ਦਾ ਪਤਾ ਲੱਗਣ ‘ਤੇ ਉਹ ਵੀ ਥਾਣਾ ਸਿਵਿਲ ਲਾਈਨ ਬਟਾਲਾ ਪਹੁੰਚ ਗਈ ਤੇ ਉਸਦਾ ਕਹਿਣਾ ਸੀ ਕਿ ਬਟਾਲਾ ਪੁਲਿਸ ਜੱਗੂ ਨੂੰ ਮਾਰਨ ਦੀਆਂ ਸਾਜ਼ਿਸ਼ਾਂ ਘੜ ਰਹੀ ਹੈ ਇਸੇ ਲਈ ਪੁਲਿਸ ਜੱਗੂ ਨੂੰ ਕੋਰੋਨਾ ਦੇ ਜਾਲ ‘ਚ ਫਸਾ ਰਹੀ ਐ। ਜੱਗੂ ਦੀ ਮਾਤਾ ਦਾ ਕਹਿਣਾ ਸੀ ਕਿ ਪੁਲਿਸ ਵਾਲੇ ਉਸ ਨੂੰ ਆਪਣੇ ਪੁੱਤਰ ਨਾਲ ਮਿਲਣ ਨਹੀਂ ਦੇ ਰਹੇ, ਲਿਹਾਜ਼ਾ ਉਸਨੂੰ ਮਿਲਾਇਆ ਜਾਏ।
ਇੱਧਰ ਬਟਾਲਾ ਪੁਲਿਸ ਦੇ ਐਸਪੀ ਜਸਬੀਰ ਰਾਏ ਦਾ ਕਹਿਣਾ ਹੈ ਕਿ ਜੱਗੂ ਦੀ ਮਾਤਾ ਵੱਲੋਂ ਪੁਲਿਸ ‘ਤੇ ਲਾਏ ਜਾ ਰਹੇ ਇਲਜ਼ਾਮ ਝੂਠੇ ਹਨ ਕਿਉਂਕਿ ਪੁਲਿਸ ਵਿਭਾਗ ਤਾਂ ਜੱਗੂ ਦੇ ਕੋਰੋਨਾ ਪਾਜ਼ਿਟਿਵ ਆਉਣ ਕਾਰਨ ਆਪ ਮੁਸੀਬਤ ‘ਚ ਆ ਗਿਆ ਹੈ। ਰਾਏ ਅਨੁਸਾਰ ਜੱਗੂ ਸੇ ਸੰਪਰਕ ਚ ਆਏ 40 ਪੁਲਿਸ ਮੁਲਾਜ਼ਮਾਂ ਨੂੰ ਵੀ ਇਕਾਂਤਵਾਸ ‘ਚ ਰੱਖਿਆ ਜਾ ਰਿਹਾ ਹੈ।
ਇਸ ਪੂਰੀ ਖ਼ਬਰ ਨੂੰ ਵੀਡੀਓ ਰੂਪ ‘ਚ ਦੇਖਣ ਲਈ ਹੇਠ ਦਿੱਤੇ ਲਿੰਕ ‘ਤੇ ਕਲਿੱਕ ਕਰੋ ਤੇ ਦੇਖੋ live ਵੀਡੀਓ ,.,