ਨਵੀਂ ਦਿੱਲੀ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਆਉਣ ਵਾਲੀ ਭਾਰਤ ਫੇਰੀ ਨੇ ਪੂਰੇ ਦੇਸ਼ ਲਈ ਸਮੱਸਿਆਵਾਂ ਖੜੀਆਂ ਕਰ ਦਿੱਤੀਆਂ ਹਨ l ਜਿੱਥੇ ਇੱਕ ਪਾਸੇ ਸਰਕਾਰ ਟਰੰਪ ਦੇ ਆਉਣ ਨੂੰ ਲੈ ਕੇ ਤਿਆਰੀਆਂ ਵਿੱਚ ਰੁੱਝੀ ਹੋਈ ਹੈ ਅਤੇ ਕਿਸੇ ਕਿਸਮ ਦੀ ਘਾਟ ਨਾ ਰਹਿ ਜਾਵੇ ਇਸ ਦਾ ਪੂਰਾ ਧਿਆਨ ਰੱਖਣ ਵਿੱਚ ਲੱਗੀ ਹੋਈ ਹੈ l ਉੱਥੇ ਹੀ ਦੂਜੇ ਪਾਸੇ ਟਰੰਪ ਦਾ ਆਉਣਾ ਗਰੀਬਾਂ ਲਈ ਮੁਸੀਬਤ ਬਣਿਆ ਹੋਇਆ ਹੈ l ਪੂਰੇ ਸਾਲ ਕਹਿ ਲਓ ਜਾਂ ਪੂਰੇ ਸ਼ੈਸ਼ਨ ਕਾਲ ਵਿੱਚ ਤਾਂ ਕੋਈ ਵੀ ਜਾਂ ਮੌਜੂਦਾ ਸਰਕਾਰ ਪਹਿਲਾਂ ਤਾਂ ਗਰੀਬਾਂ ਨੂੰ ਪੁੱਛਦੀ ਨਹੀਂ ਪਰ ਜਦੋਂ ਕਿਸੇ ਵਿਦੇਸ਼ੀ ਮਹਿਮਾਨ ਨੇ ਆਉਣਾ ਹੋਵੇ ਜਾਂ ਮੌਜੂਦਾ ਸਰਕਾਰ ਨੇ ਆਪਣੀ ਦਿੱਖ ਵਧੀਆ ਬਣਾਉਣੀ ਹੋਵੇ ਤਾਂ ਗਰੀਬਾਂ ਲਈ ਆਫਤਾਂ ਖੜੀਆਂ ਕਰ ਦਿੰਦੀ ਹੈ l
ਮਿਲੀ ਜਾਣਕਾਰੀ ਅਨੁਸਾਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਭਾਰਤ ਦੌਰੇ ਨੂੰ ਲੈ ਕੇ ਅਹਿਮਦਾਬਾਦ ਮਿਊਂਸਿਪਲ ਕਾਰਪੋਰੇਸ਼ਨ ਨੇ ਤਿਆਰੀ ਸ਼ੁਰੂ ਕਰ ਦਿੱਤੀ ਹੈ l ਇੱਕ ਪਾਸੇ ਜਿੱਥੇ ਅਹਿਮਦਾਬਾਦ ਏਅਰਪੋਰਟ ਤੋਂ ਲੈ ਕੇ ਸਰਦਾਰ ਪਟੇਲ ਮੋਟੇਰਾ ਸਟੇਡੀਅਮ ਦੇ ਰਸਤੇ ਨੂੰ ਠੀਕ ਕੀਤਾ ਜਾ ਰਿਹਾ ਹੈ ਤਾਂ ਉੱਥੇ ਦੂਜੇ ਪਾਸੇ ਇਸੀ ਰਸਤੇ ਦੇ ਵਿੱਚ ਆਉਣ ਵਾਲੀ ਝੁੱਗੀ ਝੌਂਪੜੀ ਦੇ ਅੱਗੇ ਦੀਵਾਰ ਬਣਾ ਕੇ ਉਸ ਨੂੰ ਲੁਕਾਉਣ ਦੀ ਕੋਸ਼ਿਸ਼ ਵੀ ਹੋ ਰਹੀ ਹੈ l ਪ੍ਰਸ਼ਾਸਨ ਨੇ ਅਹਿਮਦਾਬਾਦ ਏਅਰਪੋਰਟ ਤੋਂ ਹਾਸੋਲ ਸਰਕਲ ਦੇ ਵਿੱਚ ਆਉਣ ਵਾਲੀ ਝੁੱਗੀ ਝੌਂਪੜੀ ਦੇ ਅੱਗੇ ਦੀਵਾਰ ਬਣਾ ਕੇ ਇੱਥੋਂ ਦੀ ਗਰੀਬੀ ਅਤੇ ਲੋਕਾਂ ਦੇ ਹਾਲਾਤਾਂ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਹੈ ਜਿਸ ਵਜ੍ਹਾ ਕਾਰਨ ਇੱਥੇ ਰਹਿਣ ਵਾਲੇ ਲੋਕ ਕਾਫੀ ਗੁੱਸੇ ਵਿੱਚ ਹਨ l ਇਸ ਝੁੱਗੀ ਵਿੱਚ ਰਹਿਣ ਵਾਲੇ ਮਹੇਸ਼ ਦਾ ਕਹਿਣਾ ਹੈ ਕਿ ਹੁਣ ਤੱਕ ਇੱਥੇ ਹਰਾ ਕੱਪੜਾ ਪਾਇਆ ਜਾਂਦਾ ਸੀ ਪਰ ਹੁਣ ਦੀਵਾਰ ਬਣਾਈ ਜਾ ਰਹੀ ਹੈ l ਸਰਕਾਰ ਨੂੰ ਗਰੀਬਾਂ ਤੋਂ ਸ਼ਰਮ ਆਉਂਦੀ ਹੈ ਤਾਂ ਗਰੀਬੀ ਹਟਾਉਣ ਦੇ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ ਨਾ ਕਿ ਦੀਵਾਰ ਬਣਾਉਣੀ ਚਾਹੀਦੀ ਹੈ l
ਮਿਲੀ ਜਾਣਕਾਰੀ ਅਨੁਸਾਰ ਇਸ ਦੀਵਾਰ ਨੂੰ ਲੈ ਕੇ ਜਦੋਂ ਅਹਿਮਦਾਬਾਦ ਦੀ ਮੇਅਰ ਬੀਜਲ ਪਟੇਲ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਇਸ ਪੂਰੇ ਮਾਮਲੇ ਤੋਂ ਅਣਜਾਣ ਹੋਣ ਦੀ ਗੱਲ ਕਹੀ l ਇਹ ਗੱਲ ਸਾਫ ਹੈ ਕਿ ਇਸ ਤੋਂ ਪਹਿਲਾਂ ਜਦੋਂ ਜਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਅਬੇ, ਚੀਨ ਦੇ ਸ਼ੀ ਜਿਨਪਿੰਗ ਅਤੇ ਇਸਰਾਈਲ ਦੇ ਨੇਤਨਯਾਹੂ ਇੱਥੇ ਆਏ ਸਨ ਤਦ ਹਰੇ ਪਰਦੇ ਨਾਲ ਪੂਰੀਆਂ ਝੁੱਗੀਆਂ ਨੂੰ ਲੁਕੋ ਦਿੱਤਾ ਗਿਆ ਸੀ l ਦੱਸ ਦਈਏ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 24 ‘ਤੇ 25 ਫਰਵਰੀ ਨੂੰ ਭਾਰਤ ਯਾਤਰਾ ‘ਤੇ ਆ ਰਹੇ ਹਨ l ਇਸ ਦੌਰਾਨ ਕੇਮ ਛੋ ਟਰੰਪ ਪ੍ਰੋਗਰਾਮ ਦੇ ਮੰਚ ‘ਤੇ ਉਨ੍ਹਾਂ ਦਾ ਅਹਿਮਦਾਬਾਦ ਵਿੱਚ ਸਵਾਗਤ ਹੋਵੇਗਾ l
ਟਰੰਪ ਅਤੇ ਮੋਦੀ ਸ਼ਹਿਰ ਦੇ ਮੋਟੇਰਾ ਇਲਾਕੇ ਵਿੱਚ ਹੁਣੇ ਬਣਾਏ ਗਏ ਸਰਦਾਰ ਵੱਲਭ ਭਾਈ ਪਟੇਲ ਸਟੇਡੀਅਮ ਦਾ ਉਦਘਾਟਨ ਕਰਨਗੇ ਅਤੇ ਸਭਾ ਨੂੰ ਸੰਬੋਧਿਤ ਕਰਨਗੇ l ਇਹ ਦੁਨੀਆਂ ਦਾ ਸਭ ਤੋਂ ਵੱਡਾ ਕ੍ਰਿਕੇਟ ਸਟੇਡੀਅਮ ਹੈ ਜਿੱਥੇ ਇੱਕ ਲੱਖ ਤੋਂ ਜ਼ਿਆਦਾ ਲੋਕ ਸ਼ਾਮਿਲ ਹੋ ਸਕਦੇ ਹਨ l
