ਪਟਿਆਲਾ:- ਪਟਿਆਲਾ ਦੀ ਬਾਲ ਭਲਾਈ ਕਮੇਟੀ ਨੇ ਕੋਰੋਨਾਵਾਇਰਸ ਕਰਕੇ ਪੰਜਾਬ ਵਿੱਚ ਲਗਾਏ ਗਏ ਕਰਫਿਊ ਅਤੇ ਦੇਸ਼ ਭਰ ‘ਚ ਲਾਗੂ ਲਾਕਡਾਊਨ ਕਰਕੇ ਪਟਿਆਲਾ ‘ਚ ਫਸੇ ਜੰਮੂ ਦੇ ਇੱਕ 3 ਸਾਲਾ ਬੱਚੇ ਨੂੰ ਜੰਮੂ ਦੇ ਕਠੂਆ ਦੀ ਬਾਲ ਭਲਾਈ ਕਮੇਟੀ ਦੇ ਸਹਿਯੋਗ ਨਾਲ ਵਿਖੇ ਉਸਦੇ ਮਾਪਿਆਂ ਤੱਕ ਪੁੱਜਦਾ ਕੀਤਾ ਹੈ।
ਇਸ ਸਬੰਧ ‘ਚ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਜੰਮੂ ਦੇ ਕਠੂਆ ਦਾ ਇਹ 3 ਸਾਲਾ ਬੱਚਾ ਮਿਯੰਕਵੀਰ ਪਟਿਆਲਾ ਦੇ ਅਰਬਨ ਅਸਟੇਟ ਫੇਜ਼-2 ਵਿਖੇ ਆਪਣੇ ਨਾਨਕੇ ਘਰ ਮਿਲਣ ਲਈ ਆਇਆ ਹੋਇਆ ਸੀ ਪਰ ਇਸੇ ਦੌਰਾਨ ਕਰਫਿਊ ਲੱਗ ਗਿਆ ਅਤੇ ਮਗਰੋਂ ਲਾਕਡਾਊਨ ਲਾਗੂ ਹੋ ਗਿਆ। ਉਨ੍ਹਾਂ ਦੱਸਿਆ ਕਿ ਇਸ ਬੱਚੇ ਦੀ ਮਾਂ ਪੁਨੀਤ ਕੌਰ ਜੰਮੂ ਦੇ ਕਠੂਆ ਵਿਖੇ ਹੀ ਰਹਿ ਰਹੀ ਹੈ ਜਦੋਂਕਿ ਉਸਦਾ ਪਿਤਾ ਅਜੀਤ ਸਿੰਘ ਗਵਾਲੀਅਰ ਦੇ ਕੇਨਰਾ ਬੈਂਕ ਵਿਖੇ ਕਾਰਜਸ਼ੀਲ ਹੈ।
ਇਸ ਮਗਰੋਂ ਬੱਚੇ ਦੇ ਨਾਨਕਿਆਂ ਅਤੇ ਮਾਂ ਵੱਲੋਂ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਦੇ ਦਫ਼ਤਰ ਵਿਖੇ ਫੋਨ ਕਰਕੇ ਪਹੁੰਚ ਕੀਤੀ ਗਈ ਤੇ ਇਸ ਬੱਚੇ ਨੂੰ ਇਸਦੀ ਮਾਤਾ ਕੋਲ ਪੁੱਜਦਾ ਕਰਨ ਲਈ ਕਿਹਾ ਗਿਆ । ਡਿਪਟੀ ਕਮਿਸ਼ਨਰ ਅਨੁਸਾਰ ਸਹਾਇਕ ਕਮਿਸ਼ਨਰ ਜਨਰਲ ਡਾ. ਇਸਮਤ ਵਿਜੇ ਸਿੰਘ ਨੇ ਇਸ ਬੱਚੇ ਨੂੰ ਕਠੂਆ ਇਸ ਦੀ ਮਾਤਾ ਕੋਲ ਭੇਜਣ ਲਈ ਪਟਿਆਲਾ ਦੀ ਬਾਲ ਭਲਾਈ ਕਮੇਟੀ ਦੇ ਸਹਿਯੋਗ ਨਾਲ ਕਠੂਆ ਦੀ ਬਾਲ ਭਲਾਈ ਕਮੇਟੀ ਨਾਲ ਤਾਲਮੇਲ ਕਰਕੇ ਅੰਤਰ ਰਾਜੀ ਪਾਸ ਮੁਹੱਈਆ ਕਰਵਾਏ। ਇਸ ਤੋਂ ਬਾਅਦ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਗੁਲਬਹਾਰ ਸਿੰਘ ਤੂਰ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਰੂਪਵੰਤ ਕੌਰ ਨੇ ਇਸ ਬੱਚੇ ਦੇ ਕਠੂਆ ਜਾਣ ਲਈ ਪ੍ਰਬੰਧ ਕੀਤੇ ਅਤੇ ਇਹ ਬੱਚਾ ਮਿਯੰਕਵੀਰ ਆਪਣੇ ਮਾਪਿਆਂ ਤੱਕ ਪੁੱਜ ਗਿਆ।
ਇਸ ਬੱਚੇ ਦੇ ਜੰਮੂ ਦੀ ਸਰਹੱਦ ‘ਤੇ ਪੁੱਜਣ ‘ਤੇ ਪਹਿਲਾਂ ਜੰਮੂ ਦੇ ਪ੍ਰਸ਼ਾਸਨ ਵੱਲੋਂ ਬੱਚੇ ਦਾ ਮੈਡੀਕਲ ਕਰਵਾਇਆ ਗਿਆ ਅਤੇ ਲੋੜੀਂਦੀ ਕਾਰਵਾਈ ਮੁਕੰਮਲ ਕਰਨ ਤੋਂ ਬਾਅਦ ਇਸ ਨੂੰ ਬੱਚੇ ਦੀ ਮਾਤਾ ਪੁਨੀਤ ਕੌਰ ਨੂੰ ਸੌਂਪ ਦਿੱਤਾ। ਇਸ ‘ਤੇ ਪੁਨੀਤ ਕੌਰ ਨੇ ਪਟਿਆਲਾ ਜ਼ਿਲ੍ਹਾ ਪ੍ਰਸਾਸਨ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ, ਜ਼ਿਲ੍ਹਾ ਬਾਲ ਭਲਾਈ ਕਮੇਟੀ ਅਤੇ ਸਮੁੱਚੀ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਦੀ ਟੀਮ ਦਾ ਧੰਨਵਾਦ ਕੀਤਾ।