ਮਹਿਲ ਕਲਾਂ :- ਘੱਟ ਜਮੀਨ ਹੋਣ ਕਾਰਨ ਬਾਹਰਲੇ ਸੂਬੇ ‘ਚ ਮਜ਼ਦੂਰੀ ਕਰਨ ਗਏ ਇੱਕ ਕਿਸਾਨ ਨੂੰ ਜਦੋਂ ਪੰਜਾਬ ਵਾਪਸ ਮੁੜਨ ‘ਤੇ ਪ੍ਰਸ਼ਾਸ਼ਨ ਨੇ 20 ਦਿਨਾਂ ਲਈ ਘਰ ਵਿੱਚ ਹੀ ਇਕਾਂਤਵਾਸ ਕਰ ਦਿੱਤਾ, ਤਾਂ ਅਣਜਾਣ ਕਰਨਾ ਕਾਰਨ ਉਸ ਨੌਜਵਾਨ ਕਿਸਾਨ ਨੇ ਆਤਮਹੱਤਿਆ ਕਰ ਲਈ। ਆਤਮਹੱਤਿਆ ਕਰਨ ਵਾਲੇ ਕਿਸਾਨ ਦੀ ਉਮਰ 37 ਸਾਲ ਦੱਸੀ ਜਾਂਦੀ ਹੈ। ਘਟਨਾ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਆਗੂਆਂ ਨੇ ਸਰਕਾਰ ਤੋਂ ਮ੍ਰਿਤਕ ਕਿਸਾਨ ਦੇ ਪਰਿਵਾਰ ਦੀ ਆਰਥਿਕ ਸਹਾਇਤਾ ਕੀਤੇ ਜਾਣ ਦੀ ਮੰਗ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦੇਂਦਿਆਂ ਥਾਣਾ ਠੁੱਲੀਵਾਲ ਦੇ ਥਾਣੇਦਾਰ ਤੇ ਇਸ ਕੇਸ ਦੇ ਜਾਂਚ ਅਧਿਕਾਰੀ ਸੱਤਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਕਿਸਾਨ ਪੱਪੂ ਸਿੰਘ ਪੁੱਤਰ ਤੇਜਾ ਸਿੰਘ ਪਿੰਡ ਮਾਂਗੇਵਾਲ ਦਾ ਰਹਿਣ ਵਾਲਾ ਸੀ। ਜੋਕਿ ਪੰਜਾਬ ਤੋਂ ਬਾਹਰ ਹਰਿਆਣਾ ‘ਚ ਮਜ਼ਦੂਰੀ ਕਰਨ ਗਿਆ ਸੀ। ਬੀਤੇ ਦਿਨੀ ਜਦੋਂ ਉਹ ਵਾਪਸ ਪੰਜਾਬ ਆਇਆ ਤਾਂ ਸਿਹਤ ਵਿਭਾਗ ਵਾਲਿਆਂ ਵੱਲੋਂ ਪੰਜਾਬ ਸਰਕਾਰ ਦੀਆਂ ਹਿਦਾਇਤਾਂ ਅਨੁਸਾਰ ਉਸ ਨੂੰ ਘਰ ਵਿੱਚ ਹੀ ਇਕਾਂਤਵਾਸ ਕੀਤਾ ਗਿਆ ਸੀ। ਸੱਤਪਾਲ ਸਿੰਘ ਅਨੁਸਾਰ ਮ੍ਰਿਤਕ ਪਪੂ ਸਿੰਘ ਦੀ ਮਾਤਾ ਗੁਰਦੇਵ ਕੌਰ ਦੇ ਬਿਆਨ ਦੇ ਅਧਾਰ ‘ਤੇ ਧਾਰਾ 174 ਦੀ ਕਾਰਵਾਈ ਕਰਕੇ ਲਾਸ਼ ਨੂੰ ਪੋਸਟ ਮਾਰਟਮ ਲਈ ਬਰਨਾਲਾ ਦੇ ਸਰਕਾਰੀ ਹਸਪਤਾਲ ਭੇਜ ਦਿੱਤਾ ਗਿਆ ਹੈ।
ਉਧਰ ਦੂਜੇ ਪਾਸੇ ਇਸ ਸਬੰਧ ਵਿੱਚ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਆਗੂ ਗੁਰਦੇਵ ਸਿੰਘ ਮਾਂਗੇਵਾਲ ਨੇ ਦੱਸਿਆ ਕਿ ਪੱਪੂ ਸਿੰਘ ਆਪਣੇ ਘਰ ‘ਚ ਇਕੱਲਾ ਹੀ ਕਮਾਊ ਬੰਦਾ ਸੀ ਤੇ ਮ੍ਰਿਤਕ ਦੇ ਪਰਿਵਾਰ ਕੋਲ ਜ਼ਮੀਨ ਵੀ ਨਹੀਂ ਹੈ। ਕਿਸਾਨ ਆਗੂ ਨੇ ਸਰਕਾਰ ਕੋਲੋਂ ਮ੍ਰਿਤਕ ਪੱਪੂ ਸਿੰਘ ਦੇ ਪਰਿਵਾਰ ਦੀ ਆਰਥਿਕ ਸਹਾਇਤਾ ਕੀਤੇ ਜਾਣ ਦੀ ਮੰਗ ਕੀਤੀ ਹੈ।