ਫਰੀਦਕੋਟ :- ਕਰੋਨਾ ਵਾਇਰਸ ਦੇ ਚਲਦੇ ਜਿਥੇ ਹਰ ਵਰਗ ਦੇ ਲੋਕ ਦੁਖੀ ਹਨ ਉਥੇ ਹੀ ਇਹਨੀ ਦਿਨੀ ਸਕੂਲ ਬੱਸਾਂ ਦੇ ਕਾਰੋਬਾਰ ਨਾਲ ਜੁੜੇ ਲੋਕਾਂ ਨੂੰ ਵੀ ਵੱਡੀਆਂ ਸਮਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਸਕੂਲ ਬੰਦ ਹੋਣ ਕਾਰਨ ਬੱਸਾਂ ਘਰਾਂ ਵਿਚ ਖੜ੍ਹੀਆਂ ਨੇ। ਬੱਸ ਮਾਲਕਾਂ ਨੂੰ ਬੱਸਾਂ ਦੀਆਂ ਕਿਸ਼ਤਾਂ, ਬੀਮਾ, ਟੈਕਸ ਅਤੇ ਮੁਲਾਜਮਾਂ ਦੇ ਖਰਚੇ ਨਿਰੰਤਰ ਪੈ ਰਹੇ ਹਨ ਜਿਸ ਕਾਰਨ ਹੁਣ ਇਸ ਕਿੱਤੇ ਨਾਲ ਜੁੜੇ ਲੋਕਾਂ ਵਲੋਂ ਸਰਕਾਰ ਤੋਂ ਮਦਦ ਦੀ ਮੰਗ ਕੀਤੀ ਜਾ ਰਹੀ ਹੈ।
ਫਰੀਦਕੋਟ ਵਿਖੇ ਇਕੱਠੇ ਹੋਏ ਸਕੂਲ ਬੱਸਾਂ ਦੇ ਮਾਲਕਾਂ ਅਤੇ ਡਰਾਈਵਰਾਂ ਵਲੋਂ ਮੰਗ ਕੀਤੀ ਗਈ ਕਿ ਸਕੂਲ ਬੰਦ ਹੋਣ ਕਾਰਨ ਉਹਨਾਂ ਦਾ ਕਾਰੋਬਾਰ ਠੱਪ ਪਿਆ ਹੈ ਪਰ ਖਰਚੇ ਉਸੇ ਤਰਾਂ ਪੈ ਰਹੇ ਹਨ। ਉਹਨਾਂ ਸਰਕਾਰ ਤੋਂ ਮੰਗ ਕੀਤੀ ਜਿੰਨਾ ਚਿਰ ਲਾਕ ਡਾਉਂਣ ਚੱਲ ਰਿਹਾ ਉੰਨਾ ਚਿਰ ਉਹਨਾਂ ਨੂੰ ਬੱਸਾਂ ਦੀਆਂ ਕਿਸ਼ਤਾਂ, ਬੀਮੇ ਟੈਕਸ ਅਤੇ ਪਾਸਿੰਗ ਵਿਚ ਛੋਟ ਦਿੱਤੀ ਜਾਵੇ। ਉਹਨਾਂ ਕਿਹਾ ਕਿ ਬੱਸਾਂ ਦੀ ਕਰੀਬ 30 ਹਜਾਰ ਰੁਪਏ ਮਹੀਨਾ ਕਿਸ਼ਤ ਹੁੰਦੀ ਹੈ, 2800 ਰੁਪਏ ਦੇ ਕਰੀਬ ਮੰਥਲੀ ਟੈਕਸ ਹੁੰਦਾ ਹੈ ਇਸ ਦੇ ਨਾਲ ਹੀ ਡਰਾਇਵਰ ਅਤੇ ਕੰਡਕਟਰ ਦਾ ਖਰਚਾ ਵੀ ਪੈ ਰਿਹਾ ਜਿਸ ਕਾਰਨ ਉਹਨਾਂ ਨੂੰ ਭਾਰੀ ਆਰਥਿਕ ਨੁਕਸਾਨ ਚੁੱਕਣਾ ਪੈ ਰਿਹਾ ਹੈ।ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਇਸ ਸਮੇਂ ਨਾ ਤਾਂ ਸਕੂਲ ਉਹਨਾਂ ਦੀ ਬਾਂਹ ਫੜ ਰਹੇ ਹਨ ਅਤੇ ਨਾ ਹੀ ਬੱਚਿਆਂ ਦੇ ਮਾਪੇ ਅਜਿਹੇ ਵਿਚ ਉਹ ਜਾਣ ਕਿਥੇ। ਉਹਨਾਂ ਸਰਕਾਰ ਤੇ ਤੰਜ ਕਦਸਿਆ ਕਿਹਾ ਕਿ ਜਦੋਂ ਰੈਲੀਆਂ ਸਮੇਂ ਅਸੀਂ ਸਰਕਾਰ ਨਾਲ ਖੜ੍ਹਦੇ ਹਾਂ ਤਾਂ ਹੁਣ ਸਰਕਾਰ ਨੂੰ ਵੀ ਸਾਡੇ ਨਾਲ ਖੜ੍ਹਨਾ ਚਾਹੀਦਾ।