ਮੈਣਪੁਰੀ : ਤੁਸੀਂ ਕੁੜੀਆਂ ਜਾਂ ਮੁੰਡਿਆਂ ਵੱਲੋਂ ਮਾਪਿਆਂ ਦੀ ਮਰਜ਼ੀ ਤੋਂ ਬਗੈਰ ਵਿਆਹ ਕਰਾਉਣ ‘ਤੇ ਮਾਪਿਆਂ ਵੱਲੋਂ ਗੁੱਸੇ ‘ਚ ਆ ਕੇ ਉਨ੍ਹਾਂ ਦਾ ਕਤਲ ਕੀਤੇ ਜਾਣ ਦੀਆਂ ਘਟਨਾਵਾਂ ਤਾਂ ਆਮ ਹੀ ਪੜੀਆਂ, ਸੁਣੀਆਂ ਤੇ ਦੇਖੀਆਂ ਹੋਣੀਆਂ ਹਨ।ਜੀ ਹਾਂ ਅਸੀਂ ਉਨ੍ਹਾਂ ਕਤਲਾਂ ਦੀ ਹੀ ਗੱਲ ਕਰ ਰਹੇ ਹਾਂ ਜਿਨ੍ਹਾਂ ਨੂੰ ਅੱਜ ਕੱਲ ਸਾਡਾ ਸਮਾਜ ਆਨਰ ਕੀਲਿੰਗ ਯਾਨੀ ਕਿ ਇੱਜ਼ਤ ਪਿੱਛੇ ਕੀਤਾ ਕਤਲ ਕਰਾਰ ਦਿੰਦਾ ਹੈ।ਪਰ ਜਿਹੜੇ ਕਤਲ ਦੀ ਗੱਲ ਏਸ ਵੇਲੇ ਅਸੀਂ ਕਰਨ ਜਾ ਰਹੇ ਹਾਂ ਉਸ ਨੇ ਸਮਾਜ ਚਿੰਤਕਾਂ ਨੂੰ ਇਹ ਸੋਚਣ ਤੇ ਮਜ਼ਬੂਰ ਕਰ ਦਿੱਤਾ ਹੈ ਕਿ ਜੇਕਰ ਹੁੁਣ ਇਨ੍ਹਾਂ ਗੱਲਾਂ ਪਿੱਛੇ ਵੀ ਮਾਪੇ ਆਪਣੇ ਬੱਚਿਆਂ ਦਾ ਕਤਲ ਕਰਨ ਲੱਗ ਪਏ ਤਾਂ ਫੇਰ ਬੱਚਿਆਂ ਤੇ ਮਾਪਿਆਂ ਵਿੱਚ ਪੈਦਾ ਹੋਣ ਵਾਲੀਆਂ ਦੂਰੀਆਂ ਨੂੰ ਮਿਟਾਉਣ ਵਿੱਚ ਕਿਹੜੀਆਂ ਚੀਜ਼ਾਂ ਸਹਾਈ ਹੋਣਗੀਆਂ ਕਿਉਂਕਿ ਬਦਲਦੇ ਜ਼ਮਾਨੇ ਦੇ ਨਾਲ ਮਾਪਿਆਂ ਤੇ ਬੱਚਿਆਂ ਦੇ ਵਿਚਾਰ ਤਾਂ ਪਹਿਲਾਂ ਹੀ ਦੋਵਾਂ ਨੂੰ ਇੱਕ ਦੂਜੇ ਤੋਂ ਦੂਰ ਕਰਦੇ ਜਾ ਰਹੇ ਨੇ ਤੇ ਉੱਤੋਂ ਅਜਿਹੇ ਮਾਮਲੇ ਉਸ ਪਾੜੇ ਨੂੰ ਹੋਰ ਵੱਧਣੋਂ ਕਿਵੇਂ ਰੋਕ ਸਕਣਗੇ।ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਉੱਤਰ ਪ੍ਰਦੇਸ਼ ਦੇ ਮੈਣਪੁਰੀ ਇਲਾਕੇ ਦੇ ਸਦਰ ਕੋਤਵਾਲੀ ਖੇਤਰ ‘ਚ ਘਟੀ ਦੋ ਕਤਲਾਂ ਵਾਲੀ ਘਟਨਾ ਦੀ ਜਿੱਥੇ ਇੱਕ ਬਾਪ ਨੇ ਆਪਣੀਆਂ ਦੋ ਧੀਆਂ ਨੂੰ ਸ਼ਰੇਆਮ ਗੋਲੀ ਮਾਰ ਕੇ ਮਾਰ ਦਿੱਤਾ।
ਮਿਲੀ ਜਾਣਕਾਰੀ ਅਨੁਸਾਰ ਘਟਨਾ ਤੋਂ ਬਾਅਦ ਕਾਤਲ ਪਿਓ ਸੁਖਦੇਵ ਸ਼ਰਮਾ ਨੇ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਤੇ ਕਤਲ ਦੀ ਜਿਹੜੀ ਵਜ੍ਹਾ ਦੱਸੀ ਉਸ ਨੇ ਸੁਣਨ ਵਾਲਿਆਂ ਦੇ ਰੌਂਗਟੇ ਖੜੇ ਕਰ ਦਿੱਤੇ।ਪੁਲਿਸ ਅਨੁਸਾਰ ਧਾਰਊ ਪਿੰਡ ਵਾਸੀ ਸੁਖਦੇਵ ਸਿੰਘ ਅਤੇ ਉਸ ਦੀਆਂ ਦੋ ਪੁੱਤਰੀਆਂ ਨੇਹਾ ਤੇ ਅਨਾਮੀਕਾ ਲੰਘੀ ਮੰਗਲਵਾਰ ਇੱਕ ਸਮਾਗਮ ਵਿੱਚ ਹਿੱਸਾ ਲੈਣ ਗਏ ਸਨ, ਜਿੱਥੇ ਉਨ੍ਹਾਂ ਦੇ ਕਿਸੇ ਰਿਸ਼ਤੇਦਾਰ ਦਾ ਮੋਬਾਈਲ ਚੋਰੀ ਹੋ ਗਿਆ ਸੀ।ਮੌਕੇ ਤੇ ਸਾਰਾ ਸ਼ੱਕ ਸੁਖਦੇਵ ਸ਼ਰਮਾ ਦੀਆਂ ਧੀਆਂ ਨੇਹਾ ਤੇ ਅਨਾਮੀਕਾ ਤੇ ਪਿਆ ਤੇ ਇਹ ਗੱਲ ਸੁਖਦੇਵ ਸ਼ਰਮਾ ਨੂੰ ਇੰਨੀ ਚੋਭ ਮਾਰ ਗਈ ਕਿ ਉਸ ਨੇ ਲੰਘੀ ਰਾਤ ਸਾਡੇ ਦਸ ਵਜੇ ਦੇ ਕਰੀਬ ਦੋਵਾਂ ਨੂੰ ਗੋਲੀ ਮਾਰ ਦਿੱਤੀ।
ਇਨ੍ਹਾਂ ਕਤਲਾਂ ਤੋਂ ਬਾਅਦ ਚਰਚਾ ਇਹ ਛਿੜ ਗਈ ਕਿ ਦੋਸ਼ ਤਾਂ ਉਨ੍ਹਾਂ ਸਾਰੇ ਮੁਲਜ਼ਮਾਂ ਦਾ ਵੀ ਅਦਾਲਤ ‘ਚ ਸਾਬਿਤ ਨਹੀਂ ਹੋ ਪਾਉਂਦਾ ਜਿਨ੍ਹਾਂ ਉੱਤੇ ਪੁਲਿਸ ਚੋਰੀ ਦੇ ਮਾਮਲੇ ਦਰਜ ਕਰਕੇ ਦੇਸ ਚਲਾਉਂਦੀ ਐ ਫੇਰ ਅਜਿਹੇ ਵਿੱਚ ਸੁਖਦੇਵ ਸ਼ਰਮਾ ਨੇ ਕਿਸ ਆਧਾਰ ਤੇ ਜੱਜ ਬਣ ਕੇ ਬਿਨਾਂ ਆਪਣੀਆਂ ਧੀਆਂ ਦਾ ਪੱਖ ਸੁਣਿਆ, ਉਨ੍ਹਾਂ ਦਾ ਕਤਲ ਕੀਤੇ ਜਾਣ ਦਾ ਤਾਲੀਬਾਨੀ ਫੈਸਲਾ ਲੈ ਲਿਆ।ਲੋਕ ਫਿੱਟ ਲਾਹਨਤਾਂ ਦੇ ਨਾਲ ਨਾਲ ਸੁਖਦੇਵ ਸ਼ਰਮਾ ਦੇ ਖਿਲਾਫ ਕਾਨੂੰਨ ਕੋਲੋਂ ਸਖ਼ਤ ਕਾਰਵਾਹੀ ਦੀ ਮੰਗ ਵੀ ਕਰ ਰਹੇ ਨੇ।
