ਚੰਡੀਗੜ੍ਹ : ਸੈਕਟਰ 24 ਵਿੱਚ ਬਸੰਤੀ ਮਾਤਾ ਮੰਦਰ ਦੇ ਸੇਵਾਦਾਰ ਦੀ ਸ਼ੱਕੀ ਹਾਲਾਤਾਂ ‘ਚ ਮੌਤ ਹੋ ਗਈ l ਮੰਦਿਰ ਦੇ ਪੁਜਾਰੀ ਨੇ ਦੱਸਿਆ ਕਿ ਸੇਵਾਦਾਰ ਨੌਜਵਾਨ ਨੇ ਮੰਦਿਰ ਦੀ ਧਰਮਸ਼ਾਲਾ ਵਿੱਚ ਬਣੇ ਕਮਰੇ ਵਿੱਚ ਫ਼ਾਂਸੀ ਲਾ ਕੇ ਆਤਮ ਹੱਤਿਆ ਕਰ ਲਈ l ਜਦ ਕਿ ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਮੁੰਡੇ ਨੂੰ ਤੰਗ ਪ੍ਰੇਸ਼ਾਨ ਕਰਕੇ ਫ਼ਾਂਸੀ ‘ਤੇ ਲਟਕਾ ਕੇ ਮਾਰਨ ਦਾ ਇਲਜ਼ਾਮ ਲਾਇਆ ਹੈ l ਸੈਕਟਰ 24 ਥਾਣਾ ਪੁਲਿਸ ਦੇ ਸਾਹਮਣੇ ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਪੁਲਿਸ ਤੇ ਕੋਈ ਵੀ ਕਾਰਵਾਈ ਨਾ ਕਰਨ ਦਾ ਇਲਜ਼ਾਮ ਲਾ ਕੇ ਹੰਗਾਮਾ ਕੀਤਾ l ਇਸ ਤੋਂ ਬਾਅਦ ਪੁਲਿਸ ਨੇ ਰਿਸ਼ਤੇਦਾਰਾਂ ਦੀ ਸ਼ਿਕਾਇਤ ਤੇ ਜਾਂਚ ਸ਼ੁਰੂ ਕਰ ਦਿੱਤੀ l ਜੀਐਮਐਸਐਚ 16 ਵਿੱਚ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਰਿਸ਼ਤੇਦਾਰਾਂ ਨੂੰ ਦੇ ਦਿੱਤੀ l
ਪੁਲਿਸ ਦੇ ਅਨੁਸਾਰ ਮ੍ਰਿਤਕ 22 ਸਾਲਾ ਦੁਰਗੇਸ਼ ਪਰਿਵਾਰ ਦੇ ਨਾਲ ਨਵਾਂ ਗਰਾਉਂ ਵਿੱਚ ਰਹਿੰਦਾ ਸੀ l ਉਹ ਪਿਛਲੇ ਪੰਜ ਮਹੀਨੇ ਤੋਂ ਮੰਦਿਰ ਵਿੱਚ ਸੇਵਾਦਾਰ ਦੇ ਤੌਰ ਤੇ ਕੰਮ ਕਰ ਰਿਹਾ ਸੀ l ਮੰਦਿਰ ਦੇ ਪੁਜਾਰੀ ਨੇ ਪੁਲਿਸ ਨੂੰ ਦੱਸਿਆ ਕਿ ਮੰਦਿਰ ਵਿੱਚ ਕਮਰਾ ਬਣਿਆ ਹੋਇਆ ਹੈ, ਤੇ ਬਾਕੀ ਦੇ ਤਿੰਨ ਸੇਵਾਦਾਰ ਛੁੱਟੀ ਤੇ ਹੋਣ ਕਰਕੇ ਘਰ ਗਏ ਹੋਏ ਸਨ l ਜਦ ਕਿ ਦੁਰਗੇਸ਼ ਇੱਕਲਾ ਕਮਰੇ ਵਿੱਚ ਸੀ l ਸਵੇਰੇ ਪੁਜਾਰੀ ਜਦੋਂ ਉਸਨੂੰ ਉਠਾਉਣ ਗਿਆ ਤਾਂ ਉਹ ਕਮਰੇ ਵਿੱਚ ਪੱਖੇ ਨਾਲ ਫ਼ਾਂਸੀ ਲਾ ਕੇ ਲਟਕਿਆ ਹੋਇਆ ਸੀ l
