ਨਵਾਂਸ਼ਹਿਰ : (ਸਤਪਾਲ ਰਤਨ) ਗੜ੍ਹਸ਼ੰਕਰ ਦੇ ਪਿੰਡ ਸੇਖੋਵਾਲ ਵਿੱਚ ਦਿਨ ਦਿਹਾੜੇ ਇੱਕ ਨੌਜਵਾਨ ਨੂੰ ਪਹਿਲਾਂ ਗੋਲੀ ਮਾਰੀ, ਤੇ ਫ਼ਿਰ ਉਸਨੂੰ ਘਰ ਦੇ ਬਾਹਰ ਸੜਕ ਵਿੱਚਕਾਰ ਲਿਜਾ ਕੇ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਮਾਰ ਦਿੱਤਾ। ਦੋਸ਼ ਹੈ ਕਿ ਹੱਤਿਆ ਕਰਨ ਵਾਲੇ ਨੌਜਵਾਨ ਵੀ ਨਜ਼ਦੀਕੀ ਪਿੰਡ ਦੇ ਰਹਿਣ ਵਾਲੇ ਹਨ। ਮੌਕੇ ਤੇ ਮੌਜੂਦ ਮ੍ਰਿਤਕ ਦੇ ਤਾਇਆ ਯੁੱਧਵੀਰ ਸਿੰਘ ਨੇ ਪੁਲਿਸ ਨੂੰ ਬਿਆਨ ਦਿੰਦਿਆਂ ਦੱਸਿਆ ਹੈ ਕਿ ਸ਼ਾਮ ਦੇ ਕਰੀਬ ਤਿੰਨ ਵਜੇ ਉਨ੍ਹਾਂ ਦਾ ਭਤੀਜਾ ਦਵਿੰਦਰ ਸਿੰਘ ਉਰਫ਼ ਬੰਟੀ ਜਦੋਂ ਆਪਣੇ ਘਰ ਵਿੱਚ ਮੌਜੂਦ ਸੀ, ਤਾਂ ਉਸੀ ਸਮੇਂ ਤੇਜ਼ਧਾਰ ਹਥਿਆਰਾਂ ਤੇ ਅਸਲਿਆਂ ਨਾਲ ਲੈਸ ਕਰੀਬ ਇੱਕ ਦਰਜਨ ਨੌਜਵਾਨ ਬਾਈਕ ‘ਤੇ ਸਵਾਰ ਹੋ ਕੇ ਆਏ ਤੇ ਉਨ੍ਹਾਂ ਨੇ ਪਹਿਲਾਂ ਘਰ ਦੇ ਬਾਹਰ ਖੜੀ ਬੰਟੀ ਦੀ ਕਾਰ ਨੂੰ ਤੋੜਿਆ ਤੇ ਉਸ ਮਗਰੋਂ ਹਵਾ ਵਿੱਚ ਗੋਲੀ ਚਲਾਈ।
ਯੁੱਧਵੀਰ ਅਨੁਸਾਰ ਇਸ ਉਪਰੰਤ ਹਮਲਾਵਰ ਘਰ ਦਾ ਦਰਵਾਜ਼ਾ ਤੋੜ ਕੇ ਅੰਦਰ ਵੜੇ ਅਤੇ ਉਨ੍ਹਾਂ ਨੇ ਦਵਿੰਦਰ ਸਿੰਘ ‘ਤੇ ਗੋਲੀਆਂ ਚਲਾ ਦਿੱਤੀਆਂ ਤੇ ਫ਼ਿਰ ਬੰਟੀ ਨੂੰ ਸੜਕੇ ਤੇ ਘੜੀਸ ਕੇ ਲੈ ਗਏ ਤੇ ਤੇਜ਼ਧਾਰ ਗੰਡਾਸੇ ਨਾਲ ਗਰਦਨ ਤੇ ਬੁਰੀ ਤਰ੍ਹਾਂ ਵਾਰ ਕੀਤੇ। ਇਸ ਤੋਂ ਬਾਅਦ ਹਮਲਾਵਰ ਫ਼ਰਾਰ ਹੋ ਗਏ l ਸੂਤਰਾਂ ਅਨੁਸਾਰ ਘਟਨਾ ਵਾਲੀ ਥਾਂ ਤੋਂ ਪੁਲਿਸ ਨੂੰ 5 ਜ਼ਿੰਦਾ ਕਾਰਤੂਸ ਮਿਲੇ ਹਨ l ਹਮਲਾਵਰ ਬੰਟੀ ਨੂੰ ਮਰਿਆ ਹੋਇਆ ਸਮਝ ਕੇ ਬਾਈਕ ਤੇ ਭੱਜ ਗਏ l ਇਸ ਤੋਂ ਬਾਅਦ ਪਿੰਡ ਦੇ ਲੋਕ ਉੱਥੇ ਪਹੁੰਚੇ ਅਤੇ ਉਹ ਲੋਕ ਬੰਟੀ ਨੂੰ ਚੁੱਕ ਕੇ ਸਿਵਲ ਹਸਪਤਾਲ ਗੜ੍ਹਸ਼ੰਕਰ ਲੈ ਗਏ, ਜਿੱਥੇ ਡਾਕਟਰਾਂ ਵੱਲੋਂ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ l ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਨੇ ਘਟਨਾ ਵਾਲੀ ਥਾਂ ਦਾ ਜ਼ਾਇਜ਼ਾ ਲਿਆ, ਪੁਲਿਸ ਅਨੁਸਾਰ ਦਵਿੰਦਰ ਪ੍ਰਤਾਪ ਸਿੰਘ ਦੇ ਮ੍ਰਿਤਕ ਸਰੀਰ ਨੂੰ ਸਿਵਿਲ ਹਸਪਤਾਲ ਗੜ੍ਹਸ਼ੰਕਰ ਵਿੱਚ ਰੱਖਿਆ ਗਿਆ ਹੈ ਤੇ ਵੀਰਵਾਰ ਨੂੰ ਪੋਸਟਮਾਰਟਮ ਕੀਤਾ ਜਾਵੇਗਾ l