ਅੰਮ੍ਰਿਤਸਰ ਚ MLA ਦੇ ਫੋਨ ਤੇ ਹੀ ਚੁੱਕਿਆ ਜਾਵੇਗਾ ਕੂੜਾ
ਆਡੀਓ ਵਾਇਰਲ ਹੋਣ ਤੋਂ ਬਾਅਦ ਭਖਿਆ ਵਿਵਾਦ
ਸੁਪਰਵਾਈਜ਼ਰ ਨੇ ਐਮਐਲਏ ਦਫਤਰ ਦੇ ਪੋਲੀਟੀਕਲ ਪ੍ਰੈਸ਼ਰ ਹੇਠ ਕੰਮ ਕਰਨ ਦੇ ਆਰੋਪ
ਅੰਮ੍ਰਿਤਸਰ ਦੇ ਵਾਰਡ ਨੰਬਰ 36 ਵਿੱਚ ਕੂੜਾ ਚੁੱਕਣ ਨੂੰ ਲੈ ਕੇ ਵੱਡਾ ਵਿਵਾਦ ਖੜਾ ਹੋ ਗਿਆ ਹੈ। ਇਸ ਸਬੰਧੀ ਕਾਂਗਰਸ ਪਾਰਟੀ ਦੇ ਵਾਰਡ ਇੰਚਾਰਜ ਬਲਬੀਰ ਸਿੰਘ ਬਾਵਾ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਨਗਰ ਨਿਗਮ ਅਤੇ ਸੱਤਾ ਧਾਰੀ ਪਾਰਟੀ ‘ਤੇ ਗੰਭੀਰ ਆਰੋਪ ਲਗਾਏ ਗਏ। ਬਲਬੀਰ ਸਿੰਘ ਬਾਵਾ ਨੇ ਕਿਹਾ ਕਿ ਇਹ ਕੋਈ ਉਨ੍ਹਾਂ ਦਾ ਨਿੱਜੀ ਜਾਂ ਸਿਆਸੀ ਮੁੱਦਾ ਨਹੀਂ, ਸਗੋਂ ਵਾਰਡ ਦੇ ਲੋਕਾਂ ਦੀ ਪਰੇਸ਼ਾਨੀ ਅਤੇ ਆਵਾਜ਼ ਹੈ।
ਉਹਨਾਂ ਦੱਸਿਆ ਕਿ ਬੀਤੇ ਦਿਨੀਂ ਜਨਤਾ ਕਲੋਨੀ ਵਿੱਚ ਮੀਟਿੰਗ ਦੌਰਾਨ ਲੋਕਾਂ ਨੇ ਕੂੜਾ ਚੁੱਕਣ, ਰਾਸ਼ਨ ਕਾਰਡ, ਪਾਣੀ ਸਪਲਾਈ ਅਤੇ ਬਿਜਲੀ ਨਾਲ ਜੁੜੀਆਂ ਸਮੱਸਿਆਵਾਂ ਉੱਠਾਈਆਂ। ਕੂੜੇ ਦੀ ਸਮੱਸਿਆ ਨੂੰ ਦੇਖਦੇ ਹੋਏ ਉਨ੍ਹਾਂ ਨੇ ਮੌਕੇ ‘ਤੇ ਹੀ ਸੁਪਰਵਾਈਜ਼ਰ ਨਾਲ ਸੰਪਰਕ ਕੀਤਾ, ਜਿਸ ਵੱਲੋਂ ਭਰੋਸਾ ਦਿੱਤਾ ਗਿਆ ਕਿ ਕੂੜੇ ਵਾਲੀ ਗੱਡੀ ਜਰੂਰ ਭੇਜੀ ਜਾਵੇਗੀ। ਅਗਲੇ ਦਿਨ ਗੱਡੀ ਆਈ ਅਤੇ ਕੂੜਾ ਚੁੱਕਿਆ ਗਿਆ, ਜਿਸ ਨਾਲ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ।
ਪਰ ਬਾਵਾ ਨੇ ਆਰੋਪ ਲਗਾਇਆ ਕਿ ਜਦੋਂ ਹਰਗੋਬਿੰਦ ਕਲੋਨੀ ਵਿੱਚ ਕੂੜਾ ਨਹੀਂ ਚੁੱਕਿਆ ਗਿਆ ਅਤੇ ਉਨ੍ਹਾਂ ਨੇ ਦੁਬਾਰਾ ਸੁਪਰਵਾਈਜ਼ਰ ਨੂੰ ਕਾਲ ਕੀਤੀ, ਤਾਂ ਉਨ੍ਹਾਂ ਤੋਂ ਸਿਆਸੀ ਪਛਾਣ ਪੁੱਛੀ ਗਈ। ਕਾਂਗਰਸ ਨਾਲ ਸਬੰਧ ਦੱਸਣ ਮਗਰੋਂ ਕਾਲ ਕੱਟ ਦਿੱਤੀ ਗਈ। ਬਾਵਾ ਮੁਤਾਬਕ, ਬਾਅਦ ਵਿੱਚ ਸੁਪਰਵਾਈਜ਼ਰ ਨੇ ਸਾਫ ਕਿਹਾ ਕਿ ਉਸ ‘ਤੇ ਐਮਐਲਏ ਦਫਤਰ ਵੱਲੋਂ ਪੋਲੀਟੀਕਲ ਪ੍ਰੈਸ਼ਰ ਹੈ ਅਤੇ ਇਸ ਕਰਕੇ ਗੱਡੀ ਨਹੀਂ ਭੇਜੀ ਜਾ ਰਹੀ।
ਇਸ ਸਬੰਧੀ ਸੁਪਰਵਾਈਜ਼ਰ ਦੀ ਅਤੇ ਕਾਂਗਰਸੀ ਨੇਤਾ ਦੀ ਫੋਨ ਰਿਕਾਰਡਿੰਗ ਵੀ ਸਾਹਮਣੇ ਆਈ ਹੈ। ਬਲਬੀਰ ਸਿੰਘ ਬਾਵਾ ਨੇ ਚੇਤਾਵਨੀ ਦਿੱਤੀ ਕਿ ਜੇ ਵਾਰਡ ਨੰਬਰ 36 ਦੀਆਂ ਮੰਗਾਂ ਤੁਰੰਤ ਪੂਰੀਆਂ ਨਾ ਹੋਈਆਂ ਤਾਂ ਇਹ ਲੜਾਈ ਸਿਰਫ ਪ੍ਰੈਸ ਤੱਕ ਸੀਮਤ ਨਹੀਂ ਰਹੇਗੀ, ਸਗੋਂ ਨਗਰ ਨਿਗਮ ਅੱਗੇ ਧਰਨਾ ਅਤੇ ਸੜਕਾਂ ‘ਤੇ ਸੰਘਰਸ਼ ਕੀਤਾ ਜਾਵੇਗਾ।
ਦੂਜੇ ਪਾਸੇ, ਹਲਕਾ ਵਿਧਾਇਕ ਇੰਦਰਬੀਰ ਸਿੰਘ ਨਿਜਰ ਨੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਗੱਡੀਆਂ ਦੀ ਘਾਟ ਕਾਰਨ ਕਈ ਵਾਰ ਦੇਰੀ ਹੋ ਜਾਂਦੀ ਹੈ, ਪਰ ਕੂੜਾ ਚੁੱਕਣ ਦਾ ਕੰਮ ਲਗਾਤਾਰ ਜਾਰੀ ਹੈ ਅਤੇ ਕਿਸੇ ਵੀ ਤਰ੍ਹਾਂ ਦਾ ਸਿਆਸੀ ਦਬਾਅ ਨਹੀਂ ਬਣਾਇਆ ਗਿਆ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
