ਭਗਵੰਤ ਮਾਨ ਜਦ ਪੰਜਾਬ ਸਿਵਲ ਸਕੱਤਰੇਤ ਪਹੁੰਚੇ ਤਾਂ ਓਥੇ ਸੈਂਕੜਿਆਂ ਦੀ ਤਾਦਾਤ ‘ਚ ਸਕੱਤਰੇਤ ਮੁਲਾਜ਼ਮ ਬਾਲਕੋਨੀਆਂ ਅਤੇ ਖਿੜਕੀਆਂ ‘ਚ ਖਲੌਤੇ ਉਹਨਾਂ ਦੀ ਉਡੀਕ ਕਰ ਰਹੇ ਸਨ | ਫੇਰ ਜਿਵੇਂ ਹੀ ਪਹਿਲੇ ਦਿਨ ਭਗਵੰਤ ਮਾਨ ਪਹੁੰਚੇ ਮੁਲਾਜ਼ਮਾਂ ਨੇ ਖ਼ੁਸ਼ੀ ਦਾ ਇਜ਼ਹਾਰ ਕਰਦਿਆਂ ਤਾੜੀਆਂ, ਜੈਕਾਰਿਆਂ ਅਤੇ ਕੂਕਾਂ ਮਾਰ ਆਪਣੇ ਨਵੇਂ ਮੁੱਖ ਮੰਤਰੀ ਦਾ ਸਵਾਗਤ ਕਰਨਾ ਸ਼ੁਰੂ ਕਰ ਦਿੱਤਾ |
ਇਸ ਮੌਕੇ ਤੇ ਮਾਨ ਵੀ ਮੁਲਾਜ਼ਮਾਂ ਨੂੰ ਹੱਥ ਹਿਲਾ ਕੇ ਜਵਾਬ ਦਿੱਤਾ ਅਤੇ ਉਨ੍ਹਾਂ ਦੇ ਪਿਆਰ ਨੂੰ ਝੁਕ ਕੇ ਕਬੂਲ ਕੀਤਾ। ਦੱਸਣਯੋਗ ਹੈ ਕਿ ਮਾਨ ਨੇ ਭਾਵੇਂ ਦੁਪਹਿਰ 3.45 ਵਜੇ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਲਈ ਇੱਥੇ ਪਹੁੰਚਣਾ ਸੀ, ਪਰ ਮੁਲਾਜ਼ਮ ਇੱਕ ਘੰਟਾ ਪਹਿਲਾਂ ਹੀ ਬਾਲਕੋਨੀ ਵਿੱਚ ਖੜ੍ਹੇ ਹੋ ਗਏ।
ਇਸ ਮੌਕੇ ਤੇ ਮਾਨ ਨੂੰ ਪੰਜਾਬ ਪੁਲਿਸ ਦੀ 82ਵੀਂ ਬਟਾਲੀਅਨ ਵੱਲੋਂ ਗਾਰਡ ਆਫ਼ ਆਨਰ ਦਿੱਤਾ ਗਿਆ। ਉਨ੍ਹਾਂ ਦਾ ਸਵਾਗਤ ਮੁੱਖ ਸਕੱਤਰ ਅਨਿਰੁਧ ਤਿਵਾਰੀ, ਡੀਜੀਪੀ ਵੀਕੇ ਭਾਵਰਾ ਅਤੇ ਮੁੱਖ ਮੰਤਰੀ ਦੇ ਏਸੀਐਸ ਏ ਵੇਣੂ ਪ੍ਰਸਾਦ ਨੇ ਕੀਤਾ। ਮਾਨ ਦੇ ਅਹੁਦਾ ਸੰਭਾਲਣ ਮੌਕੇ ਲਗਭਗ ਸਾਰੇ ਸੀਨੀਅਰ ਅਧਿਕਾਰੀ ਅਤੇ ਸੀਨੀਅਰ ਪੁਲਿਸ ਅਧਿਕਾਰੀ ਮੌਜੂਦ ਸਨ। ਅਧਿਕਾਰੀਆਂ ਨੂੰ ਇੱਕ ਸੰਖੇਪ ਸੰਦੇਸ਼ ਵਿੱਚ, ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਸਰਕਾਰ ਲੋਕਾਂ ਦੀ ਭਲਾਈ ਲਈ ਕੰਮ ਕਰੇਗੀ, ਜਿਨ੍ਹਾਂ ਨੇ ਉਨ੍ਹਾਂ ਨੂੰ ਇਤਿਹਾਸਕ ਫਤਵਾ ਦਿੱਤਾ ਹੈ। ਉਨ੍ਹਾਂ ਅਧਿਕਾਰੀਆਂ ਨੂੰ ਭਰੋਸਾ ਦਿਵਾਇਆ ਕਿ ਉਹ ਮਿਲ ਕੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਅਤੇ ਪੰਜਾਬ ਨੂੰ ਤਰੱਕੀ ਦੀਆਂ ਲੀਹਾਂ ‘ਤੇ ਲਿਜਾਣ ਲਈ ਕੰਮ ਕਰਨਗੇ।