ਜਲੰਧਰ ਦਾ ਨੌਜਵਾਨ ਦੁਬਈ ਦੇ ਵਿੱਚ ਫਸਿਆ
ਕੰਮ ਕਾਰ ਦੀ ਤਲਾਸ਼ ਦੇ ਵਿੱਚ ਗਿਆ ਸੀ ਦੁਬਈ
ਚਾਰ ਮਹੀਨੇ ਤੋਂ ਨਹੀਂ ਮਿਲੀ ਸੈਲਰੀ
ਭਾਰਤ ਵਾਪਿਸ ਆਉਣ ਦੀ ਛੱਡ ਦਿੱਤੀ ਸੀ ਆਸ
ਸਾਂਸਦ ਸੀਚੇਵਾਲ ਦੀ ਮਦਦ ਨਾਲ ਵਾਪਿਸ ਆਇਆ ਲਵਪ੍ਰੀਤ
“ਪਰਦੇਸ ਦੇ ਲੱਡੂ ਖਾਣ ਵਾਲੇ ਨੂੰ ਹੀ ਪਤਾ ਲੱਗਦਾ ਏ ਕਿ ਕਿੰਨੇ ਕੌੜੇ ਨੇ…”
ਜਲੰਧਰ ਦੇ ਸੋਫੀ ਪਿੰਡ ਦਾ ਨੌਜਵਾਨ ਲਵਪ੍ਰੀਤ ਸਿੰਘ ਵੀ ਮਾਪਿਆਂ ਦਾ ਕਰਜ਼ਾ ਉਤਾਰਣ ਅਤੇ ਘਰ ਦੀ ਹਾਲਤ ਸੁਧਾਰਣ ਦੇ ਸੁਪਨੇ ਲੈ ਕੇ ਦੁਬਈ ਗਿਆ ਸੀ, ਪਰ ਉੱਥੇ ਉਸਦੇ ਸੁਪਨੇ ਡਰ, ਭੁੱਖ ਅਤੇ ਬੇਬਸੀ ਵਿੱਚ ਤਬਦੀਲ ਹੋ ਗਏ। ਇੱਕ ਟ੍ਰੈਵਲ ਏਜੰਟ ਨੇ ਉਸਨੂੰ ਪੈਕਿੰਗ ਦੇ ਸੌਖੇ ਕੰਮ ਅਤੇ ਚੰਗੀ ਤਨਖਾਹ ਦੇ ਵਾਅਦੇ ਕੀਤੇ ਸਨ, ਪਰ ਦੁਬਈ ਪਹੁੰਚਦੇ ਹੀ ਉਸਨੂੰ ਸਟੀਲ ਕੰਪਨੀ ਵਿੱਚ ਕਠਿਨ ਮਜ਼ਦੂਰੀ ‘ਤੇ ਲਾ ਦਿੱਤਾ ਗਿਆ। 1300 ਦਿਰਹਮ ਤਨਖਾਹ ਤੈਅ ਹੋਣ ਦੇ ਬਾਵਜੂਦ ਚਾਰ ਮਹੀਨੇ ਤੱਕ ਇੱਕ ਰੁਪਇਆ ਵੀ ਨਹੀਂ ਦਿੱਤਾ ਗਿਆ। ਉੱਪਰੋਂ ਪਾਸਪੋਰਟ ਜ਼ਬਤ ਕਰ ਲਿਆ ਗਿਆ ਤਾਂ ਜੋ ਉਹ ਵਾਪਸ ਨਾ ਆ ਸਕੇ। ਬਿਮਾਰ ਹੋਣ ‘ਤੇ ਇਲਾਜ ਵੀ ਨਹੀਂ ਕਰਵਾਇਆ ਗਿਆ।
ਹੌਲੀ-ਹੌਲੀ ਲਵਪ੍ਰੀਤ ਦੀ ਹਾਲਤ ਖਰਾਬ ਹੁੰਦੀ ਗਈ ਅਤੇ ਉਸਨੇ ਭਾਰਤ ਵਾਪਸ ਆਉਣ ਦੀ ਆਸ ਤੱਕ ਛੱਡ ਦਿੱਤੀ। ਇੱਧਰ ਪੰਜਾਬ ਵਿੱਚ ਉਸਦੀ ਮਾਂ ਹਰ ਰੋਜ਼ ਪੁੱਤ ਦੀ ਸਲਾਮਤੀ ਲਈ ਅਰਦਾਸ ਕਰਦੀ ਰਹੀ। ਆਖ਼ਿਰ 6 ਅਪ੍ਰੈਲ ਨੂੰ ਉਹ ਸੁਲਤਾਨਪੁਰ ਲੋਧੀ ਦੀ ਨਿਰਮਲ ਕੁਟੀਆ ਪਹੁੰਚੀ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਅੱਗੇ ਆਪਣੇ ਪੁੱਤ ਨੂੰ ਵਾਪਸ ਲਿਆਉਣ ਦੀ ਅਪੀਲ ਕੀਤੀ।
ਉਧਰ ਇਰਾਨ-ਇਜ਼ਰਾਈਲ ਤਣਾਅ ਦੇ ਦਰਮਿਆਨ ਲਵਪ੍ਰੀਤ ਚਾਰ ਮਹੀਨੇ ਤੱਕ ਮਿਸਾਈਲਾਂ ਅਤੇ ਡਰੋਨ ਹਮਲਿਆਂ ਦੇ ਸਾਏ ਹੇਠ ਜੀਉਂਦਾ ਰਿਹਾ। ਸਾਇਰਨ ਵੱਜਦੇ ਹੀ ਦਹਿਸ਼ਤ ਦਾ ਮਾਹੌਲ ਬਣ ਜਾਂਦਾ ਅਤੇ ਮੌਤ ਦਾ ਡਰ ਹਰ ਵੇਲੇ ਸਿਰ ‘ਤੇ ਮੰਡਰਾਉਂਦਾ ਰਹਿੰਦਾ। ਅੱਜ ਵੀ ਉਹ ਖੌਫਨਾਕ ਦਿਨ ਯਾਦ ਕਰਕੇ ਕੰਬ ਉਠਦਾ ਹੈ।
ਨਵੇਂ ਸਾਲ ਮੌਕੇ ਪਰਿਵਾਰ ਨੇ ਆਪਣੇ ਇਕਲੌਤੇ ਪੁੱਤ ਨੂੰ ਵੱਡੀਆਂ ਉਮੀਦਾਂ ਨਾਲ ਵਿਦੇਸ਼ ਭੇਜਿਆ ਸੀ। ਸੋਚਿਆ ਸੀ ਕਿ ਪੁੱਤ ਕਮਾਈ ਕਰਕੇ ਘਰ ਦੇ ਹਾਲਾਤ ਬਦਲੇਗਾ, ਪਰ ਹਾਲਾਤ ਇੰਨੇ ਮਾੜੇ ਹੋ ਗਏ ਕਿ ਲਵਪ੍ਰੀਤ ਨੂੰ ਆਪਣੀ ਰੋਟੀ ਲਈ ਵੀ ਘਰੋਂ ਪੈਸੇ ਮੰਗਵਾਉਣੇ ਪਏ।
ਮਾਂ ਦਾ ਦਰਦ ਦੇਖਦੇ ਹੋਏ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਤੁਰੰਤ ਵਿਦੇਸ਼ ਮੰਤਰਾਲੇ ਨੂੰ ਪੱਤਰ ਲਿਖ ਕੇ ਕਾਰਵਾਈ ਦੀ ਮੰਗ ਕੀਤੀ। ਵਿਦੇਸ਼ ਮੰਤਰਾਲੇ ਅਤੇ ਦੁਬਈ ਸਥਿਤ ਭਾਰਤੀ ਦੂਤਾਵਾਸ ਦੀ ਕੋਸ਼ਿਸ਼ਾਂ ਸਦਕਾ 13 ਮਈ ਨੂੰ ਲਵਪ੍ਰੀਤ ਸੁਰੱਖਿਅਤ ਭਾਰਤ ਵਾਪਸ ਆ ਗਿਆ। ਪੰਜ ਮਹੀਨੇ ਬਾਅਦ ਜਦੋਂ ਉਹ ਮਾਂ ਦੇ ਗਲੇ ਲੱਗਿਆ ਤਾਂ ਘਰ ਵਿੱਚ ਖੁਸ਼ੀ ਅਤੇ ਦਰਦ ਦੇ ਹੰਝੂ ਇਕੱਠੇ ਵਗ ਪਏ।
ਮੰਗਲਵਾਰ ਨੂੰ ਨਿਰਮਲ ਕੁਟੀਆ ਪਹੁੰਚ ਕੇ ਲਵਪ੍ਰੀਤ ਨੇ ਸੰਤ ਸੀਚੇਵਾਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੇ ਸਮੇਂ ਸਿਰ ਮਦਦ ਨਾ ਮਿਲਦੀ ਤਾਂ ਸ਼ਾਇਦ ਉਹ ਕਦੇ ਆਪਣੇ ਵਤਨ ਵਾਪਸ ਨਾ ਆ ਸਕਦਾ।
ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਵਿਦੇਸ਼ ਜਾਣ ਤੋਂ ਪਹਿਲਾਂ ਪੂਰੀ ਜਾਂਚ-ਪੜਤਾਲ ਅਤੇ ਕਾਨੂੰਨੀ ਪ੍ਰਕਿਰਿਆ ਜ਼ਰੂਰ ਅਪਣਾਈ ਜਾਵੇ, ਤਾਂ ਜੋ ਹੋਰ ਕੋਈ ਪਰਿਵਾਰ ਇਸ ਦਰਦ ਤੋਂ ਨਾ ਗੁਜ਼ਰੇ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
