ਮਾਛੀਵਾੜਾ ਸਾਹਿਬ ‘ਚ ਸਿੱਖ ਸਾਬਕਾ ਫੌਜੀ ਤੇ ਉਸਦੇ ਪੁੱਤਰ ਨਾਲ ਕੁੱਟਮਾਰ ਦਾ ਮਾਮਲਾ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਲਿਆ ਨੋਟਿਸ
ਦੋਸ਼ੀਆਂ ਵਿਰੁੱਧ ਪਰਚਾ ਦਰਜ ਕਰਕੇ ਕਾਨੂੰਨੀ ਕਾਰਵਾਈ ਦੀ ਕੀਤੀ ਮੰਗ
ਬੀਤੀ ਰਾਤ ਪੁਲਸ ਜ਼ਿਲ੍ਹਾ ਖੰਨਾ ਅਧੀਨ ਨਗਰ ਕੌਂਸਲ ਮਾਛੀਵਾੜਾ ਸਾਹਿਬ ਦੇ ਮੁਲਾਜ਼ਮਾਂ ਵਲੋਂ ਬੱਸ ਸਟੈਂਡ ਨੇੜ੍ਹੇ ਟ੍ਰੈਕਟਰ-ਟਰਾਲੀ ਲਗਾ ਕੇ ਸਬਜੀ ਵੇਚਣ ਵਾਲੇ ਸਿੱਖ ਵਿਅਕਤੀ ਕੁਲਦੀਪ ਸਿੰਘ ਦੀ ਕੁੱਟਮਾਰ ਅਤੇ ਉਸਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਈਰਲ ਹੋਣ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਮਾਮਲੇ ਦਾ ਗੰਭੀਰ ਨੋਟਿਸ ਲਿਆ ਹੈ। ਇਸ ਮਾਮਲੇ ਸਬੰਧੀ ਮਾਛੀਵਾੜਾ ਪੁਲਸ ਕੋਲ ਸਿੱਖ ਵਿਅਕਤੀ ਕੁਲਦੀਪ ਸਿੰਘ ਨੇ ਬਿਆਨ ਦਰਜ ਕਰਵਾਏ ਕਿ ਉਹ ਫੌਜ ਤੋਂ ਸੇਵਾਮੁਕਤ ਹੋ ਕੇ ਆਪਣੇ ਖੇਤਾਂ ਵਿਚ ਸਬਜੀਆਂ ਦੀ ਪੈਦਾਵਾਰ ਕਰ ਮਾਛੀਵਾੜਾ ਬੱਸ ਅੱਡੇ ਨੇੜ੍ਹੇ ਟ੍ਰੈਕਟਰ-ਟਰਾਲੀ ਲਗਾ ਕੇ ਇਨ੍ਹਾਂ ਨੂੰ ਵੇਚਦਾ ਹੈ।
4 ਮਈ ਦੀ ਲੰਘੀ ਸ਼ਾਮ ਨੂੰ ਨਗਰ ਕੌਂਸਲ ਦੀ ਇੱਕ ਗੱਡੀ ਉਸ ਕੋਲ ਆਈ ਅਤੇ ਮੇਰੇ ਟ੍ਰੈਕਟਰ-ਟਰਾਲੀ ਤੋਂ ਕੰਡਾ ਚੁੱਕ ਕੇ ਲੈ ਗਏ। ਕੁਲਦੀਪ ਸਿੰਘ ਨੇ ਕਿਹਾ ਕਿ ਜਦੋਂ ਉਹ ਕੰਡਾ ਵਾਪਸ ਲੈਣ ਲਈ ਨਗਰ ਕੌਂਸਲ ਮੁਲਾਜਮਾਂ ਕੋਲ ਗਿਆ ਤਾਂ 7-8 ਵਿਅਕਤੀਆਂ ਨੇ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਬਿਆਨਕਰਤਾ ਅਨੁਸਾਰ ਕੁੱਟਮਾਰ ਕਰਨ ਵਾਲੇ ਵਿਅਕਤੀ ਪਾਰਸ, ਬਬਲੀ, ਮੌਜੀ, ਨੋਨਾ, ਦੇਵ ਅਤੇ ਬਾਕੀ ਅਣਪਛਾਤੇ ਹਨ। ਇਨ੍ਹਾਂ ਕੁੱਟਮਾਰ ਕਰਨ ਵਾਲੇ ਵਿਅਕਤੀਆਂ ਨੇ ਉਸਦੇ ਸਿਰ ਵਿਚ ਪਲਾਸਟਿਕ ਵਾਲੇ ਕਰੇਟ ਮਾਰੇ ਅਤੇ ਲੋਹੇ ਵਾਲਾ ਕੜਾ ਵੀ ਮਾਰਿਆ ਜਿਸ ਕਾਰਨ ਉਹ ਜਖ਼ਮੀ ਹੋ ਗਿਆ। ਬਿਆਨਕਰਤਾ ਅਨੁਸਾਰ ਉਸਦੇ ਨਾਬਾਲਗ ਲੜਕੇ ਸੁਖਮਨਪ੍ਰੀਤ ਸਿੰਘ ਦੀ ਵੀ ਕੁੱਟਮਾਰ ਕੀਤੀ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੁਲਦੀਪ ਸਿੰਘ ਨੇ ਕਿਹਾ ਕਿ ਕੁੱਟਮਾਰ ਕਰਨ ਵਾਲਿਆਂ ਨੇ ਉਸ ਨੂੰ ਵਾਲਾਂ ਤੋਂ ਖਿੱਚ ਕੇ ਕੁੱਟਿਆ ਅਤੇ ਕੇਸਾਂ ਦੀ ਬੇਅਦਬੀ ਵੀ ਕੀਤੀ। ਇਹ ਕੁੱਟਮਾਰ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਈਰਲ ਹੋਣ ਤੋਂ ਬਾਅਦ ਸਿੱਖ ਜਥੇਬੰਦੀਆਂ ਵਲੋਂ ਕੁੱਟਮਾਰ ਕਰਨ ਵਾਲੇ ਵਿਅਕਤੀਆਂ ਖਿਲਾਫ਼ ਸਖ਼ਤ ਧਾਰਾਵਾਂ ਤਹਿਤ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਗਈ ਹੈ। ਦੂਸਰੇ ਪਾਸੇ ਜਦੋਂ ਇਹ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੇ ਧਿਆਨ ਵਿਚ ਆਇਆ ਤਾਂ ਉਨ੍ਹਾਂ ਤੁਰੰਤ ਪੁਲਸ ਜ਼ਿਲਾ ਖੰਨਾ ਦੇ ਐੱਸ.ਐੱਸ.ਪੀ. ਨਾਲ ਗੱਲ ਕੀਤੀ ਅਤੇ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਕਿਹਾ ਕਿ ਜੇਕਰ ਪੁਲਸ ਨੇ 24 ਘੰਟਿਆਂ ਅੰਦਰ ਪੀੜ੍ਹਤ ਵਿਅਕਤੀ ਨੂੰ ਇਨਸਾਫ਼ ਨਾ ਦਿੱਤਾ ਤਾਂ ਉਹ ਖੁਦ ਪਰਿਵਾਰ ਨੂੰ ਮਿਲ ਕੇ ਅਗਲੀ ਕਾਰਵਾਈ ਲਈ ਸਾਥ ਦੇਣਗੇ। ਜਥੇਦਾਰ ਗੜਗੱਜ ਨੇ ਕਿਹਾ ਕਿ ਕੁਲਦੀਪ ਸਿੰਘ ਇੱਕ ਕਿਰਤੀ ਕਿਸਾਨ ਹੈ ਜੋ ਮਿਹਨਤ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਿਹਾ ਹੈ, ਇਸ ਲਈ ਸਿੱਖ ਵਿਅਕਤੀ ਨਾਲ ਗੁੰਡਾ ਅਨਸਰਾਂ ਵਲੋਂ ਕੀਤੀ ਗਈ ਧੱਕੇਸ਼ਾਹੀ ਬਰਦਾਸ਼ਤ ਨਹੀਂ ਹੋਵੇਗੀ।
ਦੂਸਰੇ ਪਾਸੇ ਮਾਛੀਵਾੜਾ ਥਾਣਾ ਮੁਖੀ ਪਵਿੱਤਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿਚ 7 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ ਜਿਨ੍ਹਾਂ ’ਚੋਂ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਬਾਕੀ ਮੁਲਾਜ਼ਮਾਂ ਨੂੰ ਵੀ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਅਤੇ ਇਸ ਕੇਸ ਦੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾਵੇਗੀ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
