ਮਾਛੀਵਾੜਾ ਦੇ ਜੰਗਲੀ ਖੇਤਰ ਚ ਗਊ ਮਾਸ ਦਾ ਬੁੱਚੜਖਾਨਾ ਫੜਿਆ
10 ਗਊਆਂ ਕਤਲ ਕੀਤੀਆਂ ਮਿਲੀਆਂ
ਪੁਲਿਸ ਨੇ ਮੌਕੇ ’ਤੇ ਪਹੁੰਚ ਕੇ 9 ਨੂੰ ਬਚਾਇਆ
ਬੀਤੀ ਦੇਰ ਰਾਤ ਮਾਛੀਵਾੜਾ ਦੀ ਸਰਹਿੰਦ ਨਹਿਰ ਕਿਨਾਰੇ ਜੰਗਲੀ ਖੇਤਰ ਵਿਚ ਹਿੰਦੂ ਸੰਗਠਨਾਂ ਵਲੋਂ ਗਊਆਂ ਦੀ ਹੱਤਿਆ ਕਰ ਮਾਸ ਤਿਆਰ ਕਰਨ ਵਾਲਾ ਬੁੱਚੜਖਾਨਾ ਫੜਿਆ ਜਿਸ ’ਤੇ ਪੁਲਸ ਨੇ ਮੌਕੇ ’ਤੇ ਪਹੁੰਚ ਕੇ 10 ਦੇ ਕਰੀਬ ਕਤਲ ਕੀਤੀਆਂ ਗਊਆਂ ਦੇ ਅੰਸ਼ ਬਰਾਮਦ ਕੀਤੇ ਜਦਕਿ 9 ਨੂੰ ਮੌਕੇ ’ਤੇ ਬਚਾ ਲਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੌਕੇ ’ਤੇ ਮੌਜੂਦ ਸੰਯੁਕਤ ਗਊ ਰੱਖਿਆ ਦੇ ਰਾਸ਼ਟਰੀ ਪ੍ਰਧਾਨ ਗੁਰਪ੍ਰੀਤ ਸਿੰਘ, ਪੰਜਾਬ ਪ੍ਰਧਾਨ ਨਿਕਸ਼ਿਨ ਕੁਮਾਰ, ਸ਼ਿਵ ਸੈਨਾ ਯੂਥ ਪ੍ਰਧਾਨ ਰਮਨ ਵਡੇਰਾ, ਰਾਸ਼ਟਰੀ ਪ੍ਰਧਾਨ ਡੀ.ਡੀ. ਰਾਣਾ, ਚੰਦਰ ਸੇਖ਼ਰ, ਸਾਜਨ, ਤਰੁਣ ਕਪਿਲ, ਅਮਿਤ ਕਪੂਰ, ਰਮਨ ਅਗਰਵਾਲ, ਸੰਦੀਪ ਬਲੀਆ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਸਰਹਿੰਦ ਨਹਿਰ ਦੇ ਮੁਸ਼ਕਾਬਾਦ ਨੇੜ੍ਹੇ ਜੰਗਲੀ ਖੇਤਰ ਵਿਚ ਗਊਆਂ ਦੀ ਹੱਤਿਆ ਕਰ ਉਨ੍ਹਾਂ ਦੇ ਮਾਸ ਦੀ ਤਸਕਰੀ ਕੀਤੀ ਜਾ ਰਹੀ ਹੈ।
ਇਸ ਸਬੰਧੀ ਉਨ੍ਹਾਂ ਪੁਲਸ ਨੂੰ ਸੂਚਿਤ ਕੀਤਾ ਅਤੇ ਮੌਕੇ ’ਤੇ ਜਾ ਕੇ ਚੱਲ ਰਹੇ ਬੁੱਚੜਖਾਨੇ ’ਤੇ ਛਾਪੇਮਾਰੀ ਕੀਤੀ ਗਈ। ਸੂਚਨਾ ਮਿਲਦੇ ਹੀ ਡੀਐੱਸਪੀ ਤਰਲੋਚਨ ਸਿੰਘ, ਥਾਣਾ ਮੁਖੀ ਪਵਿੱਤਰ ਸਿੰਘ, ਇੰਸਪੈਕਟਰ ਹਰਵਿੰਦਰ ਸਿੰਘ ਪੁਲਸ ਟੀਮਾਂ ਸਮੇਤ ਮੌਕੇ ’ਤੇ ਪਹੁੰਚ ਗਏ ਅਤੇ ਗਊਆਂ ਦੀ ਹੱਤਿਆ ਕਰ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ। ਪੁਲਸ ਵਲੋਂ ਇੱਕ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ। ਇਸ ਜੰਗਲੀ ਖੇਤਰ ਵਿਚ ਚੱਲ ਰਹੇ ਨਾਜਾਇਜ ਬੁੱਚੜਖਾਨੇ ਦਾ ਦ੍ਰਿਸ਼ ਬੜਾ ਖੌਫ਼ਨਾਕ ਸੀ ਕਿਉਂਕਿ ਭਾਰੀ ਗਿਣਤੀ ਵਿਚ ਗਊਆਂ ਦੇ ਮਾਸ ਤੇ ਉਨ੍ਹਾਂ ਦੇ ਪਿੰਜਰ ਬਿਖਰੇ ਪਏ ਸਨ। ਇਨ੍ਹਾਂ ’ਚੋਂ ਕੁਝ ਗਊਆਂ ਦਾ ਮਾਸ ਤਰਪਾਲ ਵਿਚ ਲਪੇਟ ਵਿਚ ਇਕੱਠਾ ਕੀਤਾ ਸੀ ਜਿਸ ਨੂੰ ਵੇਚਣ ਲਈ ਤਸਕਰੀ ਕੀਤਾ ਜਾਣਾ ਸੀ। ਗਊ ਸੰਗਠਨਾਂ ਦੀ ਮੌਜੂਦਗੀ ਵਿਚ ਜਿਨ੍ਹਾਂ ਗਊਆਂ ਦੀ ਹੱਤਿਆ ਹੋਈ ਹੈ ਉਨ੍ਹਾਂ ਦਾ ਪੰਡਿਤਾਂ ਵਲੋਂ ਵਿਧੀ ਵਿਧਾਨ ਅਨੁਸਾਰ ਦਫ਼ਨਾ ਦਿੱਤਾ ਗਿਆ।
ਗਊਆਂ ਦੀ ਹੱਤਿਆ ਕਰ ਮਾਸ ਤਸਕਰੀ ਕਰਨ ਵਾਲੇ ਇਹ ਬੁੱਚੜਖਾਨਾ ਚਲਾ ਰਹੇ ਵਿਅਕਤੀਆਂ ਵਲੋਂ ਇਸ ਜੰਗਲੀ ਖੇਤਰ ਵਿਚ ਟੋਏ ਪੁੱਟੇ ਹੋਏ ਸਨ ਤਾਂ ਜੋ ਮਾਸ ਤੋਂ ਬਾਅਦ ਉਨ੍ਹਾਂ ਦੇ ਬਾਕੀ ਅੰਸ਼ ਇੱਥੇ ਦਫ਼ਨਾ ਦਿੱਤੇ ਜਾਣ। ਹੋਰ ਤਾਂ ਹੋਰ ਜਦੋਂ ਮ੍ਰਿਤਕ ਗਊਆਂ ਨੂੰ ਦਫਨਾਉਣ ਲਈ ਟੋਇਆ ਪੁੱਟਿਆ ਗਿਆ ਤਾਂ ਮਿੱਟੀ ’ਚੋਂ ਪਹਿਲਾਂ ਦਫ਼ਨਾਈਆਂ ਗਊਆਂ ਦੇ ਅੰਸ਼ ਵੀ ਨਿਕਲੇ ਜਿਸ ਤੋਂ ਜਾਹਿਰ ਹੋ ਰਿਹਾ ਸੀ ਕਿ ਪਹਿਲਾਂ ਵੀ ਇੱਥੇ ਗਊਆਂ ਦੀ ਹੱਤਿਆ ਕਰ ਇਨ੍ਹਾਂ ਦੇ ਅੰਸ਼ ਦਫ਼ਨਾਏ ਗਏ ਹੋਣ। ਜਿੱਥੇ ਗਊਆਂ ਦੀ ਹੱਤਿਆ ਕੀਤੀ ਜਾ ਰਹੀ ਸੀ ਉੱਥੇ ਨਾਲ ਹੀ ਇੱਕ ਗੁੱਜਰ ਭਾਈਚਾਰੇ ਦਾ ਡੇਰਾ ਹੈ ਜੋ ਕਿ ਉਨ੍ਹਾਂ ਨੇ ਜੰਗਲੀ ਖੇਤਰ ਦੀ ਆੜ੍ਹ ਹੇਠ ਬਣਾਇਆ ਹੈ ਜਿੱਥੇ ਉਹ ਨਾਜਾਇਜ ਬੁੱਚੜਖਾਨਾ ਚਲਾ ਰਹੇ ਸਨ।
ਮਾਛੀਵਾੜਾ ਇਲਾਕੇ ਵਿਚ ਗਊ ਹੱਤਿਆ ਦੀ ਤੀਜੀ ਘਟਨਾ
ਮਾਛੀਵਾੜਾ ਇਲਾਕੇ ਵਿਚ ਗਊ ਹੱਤਿਆ ਦੀ ਇਹ ਤੀਜੀ ਘਟਨਾ ਸਾਹਮਣੇ ਆਈ ਹੈ। ਇਸ ਤੋਂ ਪਹਿਲਾਂ ਗਊਆਂ ਦੀ ਹੱਤਿਆ ਕਰ ਉਨ੍ਹਾਂ ਦੇ ਅੰਗ ਸਰਹਿੰਦ ਨਹਿਰ ਵਿਚ ਤੈਰਦੇ ਮਿਲੇ ਸਨ ਜਿਸ ’ਤੇ ਪੁਲਸ ਨੇ ਪਰਚਾ ਦਰਜ ਕਰ ਲਿਆ ਸੀ। ਕੁਝ ਮਹੀਨੇ ਪਹਿਲਾਂ ਵੀ ਮਾਛੀਵਾੜਾ ਪੁਲਸ ਵਲੋਂ ਇੱਕ ਬੁੱਚੜਖਾਨਾ ਬੇਨਕਾਬ ਕੀਤਾ ਸੀ ਅਤੇ ਮੁਲਜ਼ਮਾਂ ਨੂੰ ਫੜ੍ਹ ਕੇ ਸਲਾਖ਼ਾਂ ਪਿੱਛੇ ਡੱਕਿਆ ਗਿਆ। ਅੱਜ ਫਿਰ ਇਹ ਤੀਜੀ ਘਟਨਾ ਸਾਹਮਣੇ ਆਈ ਕਿ ਮਾਛੀਵਾੜਾ ਇਲਾਕੇ ਵਿਚ ਇਹ ਗਊ ਮਾਸ ਦੀ ਤਸਕਰੀ ਦਾ ਬੁੱਚੜਖਾਨਾ ਬੇਨਕਾਬ ਹੋਇਆ। ਡੀਐੱਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਅੱਜ ਦੀ ਘਟਨਾ ਸਬੰਧੀ ਪੁਲਸ ਵਲੋਂ ਇੱਕ ਵਿਅਕਤੀ ਨੂੰ ਕਾਬੂ ਕਰ ਹੋਰ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਕਿਹਾ ਕਿ 10 ਗਊਆਂ ਨੂੰ ਬਚਾ ਕੇ ਗਊਸ਼ਾਲਾ ਭੇਜ ਦਿੱਤਾ ਹੈ ਅਤੇ ਬਾਕੀ ਗਊਆਂ ਨੂੰ ਦਫ਼ਨਾ ਦਿੱਤਾ ਹੈ। ਡੀਐੱਸਪੀ ਨੇ ਕਿਹਾ ਕਿ ਇਸ ਮਾਮਲੇ ’ਚ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਬਾਕੀ ਜਲਦ ਗ੍ਰਿਫ਼ਤਾਰ ਕਰ ਲਏ ਜਾਣਗੇ।
ਮਾਛੀਵਾੜਾ ਦੇ ਜੰਗਲਾਂ ਵਿਚ ਗੁਰੂ ਸਾਹਿਬ ਨੇ ਪਰਿਵਾਰ ਕੁਰਬਾਨ ਕਰਕੇ ਚਰਨ ਪਾਏ ਉੱਥੇ ਗਊਆਂ ਦਾ ਖੂਨ ਡੁੱਲਣਾ ਮਹਾਂ ਪਾਪ: ਨਿਸ਼ਾਂਤ ਸ਼ਰਮਾ
ਸ਼ਿਵ ਸੈਨਾ ਹਿੰਦੂ ਦੇ ਰਾਸ਼ਟਰੀ ਮੁਖੀ ਨਿਸ਼ਾਂਤ ਸ਼ਰਮਾ ਵੀ ਮੌਕੇ ’ਤੇ ਪੁੱਜੇ ਜਿਨ੍ਹਾਂ ਨੇ ਗਊਆਂ ਦੀ ਹੱਤਿਆ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਮਾਛੀਵਾੜਾ ਦੇ ਜੰਗਲ ਜਿੱਥੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਪਰਿਵਾਰ ਕੁਰਬਾਨ ਕਰ ਆਪਣੇ ਚਰਨ ਪਾਏ ਪਰ ਉੱਥੇ ਲਗਾਤਾਰ ਗਊਆਂ ਦੀ ਹੱਤਿਆ ਕਰ ਉਨ੍ਹਾਂ ਦਾ ਖੂਨ ਡੋਲਣਾ ਮਹਾਂ ਪਾਪ ਤੋਂ ਘੱਟ ਨਹੀਂ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ, ਇੰਟਲੀਜੈਂਸੀ ਨੂੰ ਜੋ ਇਹ ਨਾਜਾਇਜ ਬੁੱਚੜਖਾਨੇ ਚਲਾ ਰਹੇ ਹਨ ਉਨ੍ਹਾਂ ਖਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਦੀ ਵੀ ਜਾਂਚ ਕੀਤੀ ਜਾਵੇਗੀ ਕਿ ਗਊ ਮਾਸ ਕਿਹੜੇ ਹੋਟਲਾਂ ਵਿਚ ਸਪਲਾਈ ਕੀਤਾ ਜਾਣਾ ਸੀ, ਉਨ੍ਹਾਂ ਖਿਲਾਫ਼ ਵੀ ਮਾਮਲਾ ਦਰਜ ਕੀਤਾ ਜਾਵੇ। ਹਿੰਦੂ ਆਗੂ ਨਿਸ਼ਾਂਤ ਸ਼ਰਮਾ ਨੇ ਕਿਹਾ ਕਿ ਉਹ ਅੱਜ ਹੀ ਹਿੰਦੂ ਸੰਗਠਨਾਂ ਦੀ ਮੀਟਿੰਗ ਬੁਲਾਉਣਗੇ ਜਿਸ ਵਿਚ ਲਗਾਤਾਰ ਗਊ ਹੱਤਿਆ ਦੀਆਂ ਵਧ ਰਹੀ ਘਟਨਾਵਾਂ ਨੂੰ ਨੱਥ ਪਾਉਣ ਲਈ ਸੰਘਰਸ਼ ਦੀ ਤਿਆਰੀ ਕਰਨਗੇ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
