ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ਦੀ ਮਾਰ
ਆਮ ਜਨਤਾ ਹੋ ਰਹੀ ਪਰੇਸ਼ਾਨ
ਲੋਕ ਸਾਈਕਲ ਚਲਾਉਣ ਨੂੰ ਹੋਏ ਮਜਬੂਰ
ਪੰਜਾਬ ਦੇ ਵਿੱਚ ਮਹਿੰਗਾਈ ਦੀ ਇੱਕ ਹੋਰ ਵੱਡੀ ਮਾਰ ਆਮ ਜਨਤਾ ‘ਤੇ ਪਈ ਹੈ। ਤੇਲ ਕੰਪਨੀਆਂ ਵੱਲੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕਰੀਬ 3 ਰੁਪਏ ਪ੍ਰਤੀ ਲੀਟਰ ਦਾ ਭਾਰੀ ਵਾਧਾ ਕਰ ਦਿੱਤਾ ਗਿਆ ਹੈ। ਇਸ ਅਚਾਨਕ ਹੋਏ ਵਾਧੇ ਕਾਰਨ ਜਿੱਥੇ ਪੈਟਰੋਲ ਪੰਪਾਂ ‘ਤੇ ਸੰਨਾਟਾ ਪਸਰ ਗਿਆ ਹੈ, ਉੱਥੇ ਹੀ ਆਮ ਲੋਕਾਂ ਅਤੇ ਦਿਹਾੜੀਦਾਰਾਂ ਦਾ ਬਜਟ ਪੂਰੀ ਤਰ੍ਹਾਂ ਹਿੱਲ ਗਿਆ ਹੈ। ਲੋਕ ਹੁਣ ਮੋਟਰਸਾਈਕਲ ਅਤੇ ਸਕੂਟਰ ਛੱਡ ਕੇ ਸਾਈਕਲਾਂ ‘ਤੇ ਆਉਣ ਲਈ ਮਜਬੂਰ ਹੋ ਰਹੇ ਹਨ।
ਤੇਲ ਦੀਆਂ ਵਧਦੀਆਂ ਕੀਮਤਾਂ ਨੇ ਆਮ ਆਦਮੀ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਪੈਟਰੋਲ ਪੰਪਾਂ ‘ਤੇ ਜਿੱਥੇ ਪਹਿਲਾਂ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗਦੀਆਂ ਸਨ, ਉੱਥੇ ਹੀ ਅੱਜ ਪੰਪ ਖਾਲੀ ਪਏ ਨਜ਼ਰ ਆ ਰਹੇ ਹਨ। ਕੀਮਤਾਂ ਵਧਣ ਕਾਰਨ ਲੋਕ ਲੋੜ ਮੁਤਾਬਕ ਹੀ ਤੇਲ ਪਵਾ ਰਹੇ ਹਨ। ਪੰਪ ‘ਤੇ ਕੰਮ ਕਰਨ ਵਾਲੇ ਕਰਮਚਾਰੀ ਕੁਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਪੈਟਰੋਲ ਅਤੇ ਡੀਜ਼ਲ ਵਿੱਚ ਕਰੀਬ 3 ਰੁਪਏ ਦਾ ਵਾਧਾ ਹੋਣ ਨਾਲ ਪੰਪਾਂ ‘ਤੇ ਗਾਹਕ ਬਹੁਤ ਘੱਟ ਗਏ ਹਨ। ਪਹਿਲਾਂ ਜਿੱਥੇ ਸਾਹ ਲੈਣ ਵਿਹਲ ਨਹੀਂ ਸੀ ਮਿਲਦੀ, ਉੱਥੇ ਹੁਣ ਮਹਿੰਗਾਈ ਕਾਰਨ ਲੋਕ ਸਿਰਫ਼ ਬਸਤੀ (ਗੁਜ਼ਾਰੇ) ਜੋਗਾ ਤੇਲ ਹੀ ਪਵਾ ਰਹੇ ਹਨ।
ਇਸਦਾ ਸਭ ਤੋਂ ਵੱਧ ਅਸਰ ਗ਼ਰੀਬ ਅਤੇ ਦਿਹਾੜੀਦਾਰ ਤਬਕੇ ‘ਤੇ ਪੈ ਰਿਹਾ ਹੈ, ਜੋ 500 ਰੁਪਏ ਦਿਹਾੜੀ ਕਮਾਉਂਦਾ ਹੈ ਅਤੇ ਉਸਦਾ 100 ਰੁਪਏ ਦਾ ਪੈਟਰੋਲ ਹੀ ਲੱਗ ਜਾਂਦਾ ਹੈ।ਇਹ ਡੀਜ਼ਲ ਪੈਟਰੋਲ ਦੇ ਰੇਟ ਵਧ ਗਏ ਜੀ ਜਿਹੜੇ ਹੁਣ, ਉਹਦੇ ਨਾਲ ਬਹੁਤ ਫ਼ਰਕ ਪਊਗਾ ਜੀ। ਤਿੰਨ ਰੁਪਏ ਡੀਜ਼ਲ ‘ਚ ਤੇ ਤਿੰਨ ਰੁਪਏ ਪੈਟਰੋਲ ‘ਚ ਵਾਧਾ ਹੋਇਆ। ਪਹਿਲਾਂ ਤਾਂ ਇਸ ਪੰਪ ‘ਤੇ ਸਾਹ ਲੈਣ ਦਾ ਟਾਈਮ ਨਹੀਂ ਮਿਲਦਾ ਸੀਗਾ, ਲਾਈਨਾਂ ਲੱਗ ਜਾਂਦੀਆਂ ਸੀ ਇੰਨੀਆਂ-ਇੰਨੀਆਂ। ਹੁਣ ਮਹਿੰਗਾਈ ਕਰਕੇ ਹਰ ਬੰਦੇ ਨੂੰ ਇਹ ਹੁੰਦਾ ਵੀ ਬੱਸ ਬਸਤੀ ‘ਚ ਹੀ ਚੱਲੀਏ… ਗ਼ਰੀਬ ਤਬਕੇ ਨੂੰ ਜ਼ਿਆਦਾ ਫ਼ਰਕ ਪਊਗਾ ਜੀ। ਜਿਹੜਾ ਦਿਹਾੜੀਦਾਰ ਬੰਦਾ 500 ਦੀ ਦਿਹਾੜੀ ਕਰਦਾ, ਉਹਨੂੰ 100 ਰੁਪਏ ਦਾ ਪੈਟਰੋਲ ਲੱਗਜਿਆ ਕਰੂਗਾ.
ਮਹਿੰਗਾਈ ਦਾ ਆਲਮ ਇਹ ਹੈ ਕਿ ਲੋਕ ਹੁਣ ਆਪਣੇ ਘਰਾਂ ਵਿੱਚੋਂ ਪੁਰਾਣੇ ਸਾਈਕਲ ਕੱਢਣ ਲਈ ਮਜਬੂਰ ਹੋ ਗਏ ਹਨ। ਪੈਟਰੋਲ ਪੰਪ ‘ਤੇ ਸਾਈਕਲ ਲੈ ਕੇ ਪਹੁੰਚੇ ਬਜ਼ੁਰਗ ਹਰਬੰਸ ਸਿੰਘ ਨੇ ਦੱਸਿਆ ਕਿ ਉਹ ਕਾਫ਼ੀ ਸਮੇਂ ਬਾਅਦ ਘਰੋਂ ਸਾਈਕਲ ਕੱਢ ਕੇ ਲਿਆਏ ਹਨ। ਉਹ ਸਿਰਫ਼ ਇਹ ਦੇਖਣ ਆਏ ਹਨ ਕਿ ਤੇਲ ਦੀਆਂ ਵਧੀਆਂ ਕੀਮਤਾਂ ਦਾ ਲੋਕਾਂ ‘ਤੇ ਕੀ ਅਸਰ ਪਿਆ ਹੈ। ਉਨ੍ਹਾਂ ਸਰਕਾਰ ‘ਤੇ ਤਨਜ਼ ਕਸਦਿਆਂ ਕਿਹਾ ਕਿ ਇਹ ਵਾਧਾ ਸਿੱਧੇ ਤੌਰ ‘ਤੇ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਲਈ ਕੀਤਾ ਗਿਆ ਹੈ, ਜਿਸਦੀ ਸਿੱਧੀ ਮਾਰ ਗ਼ਰੀਬ ਬੰਦੇ ਦੀ ਜੇਬ੍ਹ ‘ਤੇ ਪੈ ਰਹੀ ਹੈ।
ਓਹਨਾ ਕਿਹਾ ਕਿ ਅੱਜ ਕਾਫ਼ੀ ਦੇਰ ਬਾਅਦ ਮੈਂ ਸਾਈਕਲ ਚੁੱਕਿਆ। ਮੇਰੇ ਘਰ ਖੜ੍ਹਾ ਸੀ ਸਾਈਕਲ… ਮੈਂ ਇਹ ਦੇਖਣ ਲਈ ਅੱਜ ਸਾਈਕਲ ‘ਤੇ ਪੈਟਰੋਲ ਪੰਪ ‘ਤੇ ਆਇਆ ਸੀ ਕਿ ਪੈਟਰੋਲ ਦਾ ਜੋ ਰੇਟ ਵਧਿਆ, ਉਹਦਾ ਆਮ ਜਨਤਾ ‘ਤੇ ਕੀ ਪ੍ਰਭਾਵ ਪਿਆ ਹੈ। ਹਾਲਾਤ ਦੇਖੇ ਤਾਂ ਆਮ ਜਨਤਾ ‘ਤੇ ਇਸਦਾ ਬਹੁਤ ਅਸਰ ਪਿਆ। ਤਿੰਨ ਰੁਪਏ ਦੇ ਨਜ਼ਦੀਕ ਰੇਟ ਵਧਣਾ ਲੋਕਾਂ ਦੀ ਜੇਬ੍ਹ ‘ਤੇ ਬਹੁਤ ਵੱਡਾ ਡਾਕਾ ਹੈ। ਸਰਕਾਰ ਨੇ ਕਾਰਪੋਰੇਟ ਘਰਾਣਿਆਂ ਦੀ ਸਿੱਧੀ-ਸਿੱਧੀ ਮਦਦ ਕੀਤੀ ਹੈ, ਜੋ ਕਿ ਗ਼ਰੀਬ ਬੰਦੇ ‘ਤੇ ਬਹੁਤ ਵੱਡੀ ਮਾਰ ਹੈ।
ਤੇਲ ਦੀਆਂ ਕੀਮਤਾਂ ਵਿੱਚ ਹੋਏ ਇਸ ਵਾਧੇ ਨੇ ਸਾਫ਼ ਕਰ ਦਿੱਤਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਟ੍ਰਾਂਸਪੋਰਟੇਸ਼ਨ ਮਹਿੰਗੀ ਹੋਣ ਕਾਰਨ ਸਬਜ਼ੀਆਂ, ਰਾਸ਼ਨ ਅਤੇ ਹੋਰ ਲੋੜੀਂਦੀਆਂ ਚੀਜ਼ਾਂ ਦੇ ਰੇਟ ਵੀ ਵਧ ਸਕਦੇ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਕੀ ਸਰਕਾਰ ਜਨਤਾ ਨੂੰ ਇਸ ਮਹਿੰਗਾਈ ਤੋਂ ਕੋਈ ਰਾਹਤ ਦਿੰਦੀ ਹੈ ਜਾਂ ਫਿਰ ਆਮ ਆਦਮੀ ਨੂੰ ਇਸੇ ਤਰ੍ਹਾਂ ਸਾਈਕਲ ਦੇ ਪੈਡਲ ਮਾਰ ਕੇ ਹੀ ਗੁਜ਼ਾਰਾ ਕਰਨਾ ਪਵੇਗਾ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
