ਐਡੀਸ਼ਨਲ ਐਡਵੋਕੇਟ ਜਨਰਲ ਮੁਕੇਸ਼ ਬੇਰੀ ਨੇ ਅਸਤੀਫਾ ਦੇ ਦਿੱਤਾ ਹੈ। ਮੰਗਲਵਾਰ ਨੂੰ ਹੀ ਸਰਕਾਰ ਨੇ ਐਡਵੋਕੇਟ ਜਨਰਲ ਏਪੀਐਸ ਦਿਓਲ ਨੂੰ ਹਟਾ ਦਿੱਤਾ ਸੀ। ਬੇਰੀ ਨੇ ਆਪਣੇ ਅਸਤੀਫ਼ੇ ਦੇ ਪੱਤਰ ਵਿੱਚ ਸਰਕਾਰ ਨੂੰ ਵਕੀਲਾਂ ਦਾ ਇਸ ਤਰ੍ਹਾਂ ਅਪਮਾਨ ਨਾ ਕਰਨ ਲਈ ਕਿਹਾ ਹੈ। ਬੇਰੀ ਨੇ ਐਡਵੋਕੇਟ ਦਿਓਲ ਦੇ ਸਮਰਥਨ ‘ਚ ਅਸਤੀਫਾ ਦੇ ਦਿੱਤਾ ਹੈ। ਪੰਜਾਬ ਸਰਕਾਰ ਨੂੰ ਵੱਡਾ ਝਟਕਾ ਲੱਗਾ ਹੈ।
ਆਪਣੇ ਅਸਤੀਫ਼ੇ ਵਿੱਚ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਵਕਾਲਤ ਕਰਦੇ ਹੋਏ 28 ਸਾਲ ਹੋ ਗਏ ਹਨ। ਉਸਨੇ 27 ਸਾਲ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਸੇਵਾ ਨਿਭਾਈ। ਉਹ ਬਾਰ ਕੌਂਸਲ ਦੇ ਚੇਅਰਮੈਨ ਵੀ ਰਹਿ ਚੁੱਕੇ ਹਨ। ਇਸ ਬਾਰੇ ਮੁਕੇਸ਼ ਬੇਰੀ ਨੇ ਕਿਹਾ ਕਿ ਮੈਂ ਦਿਓਲ ਪ੍ਰਤੀ ਰਵੱਈਏ ਤੋਂ ਦੁਖੀ ਹਾਂ। ਉਨ੍ਹਾਂ ਕਿਹਾ ਕਿ ਸਰਕਾਰ ਵਕੀਲਾਂ ਨੂੰ ਜ਼ਲੀਲ ਕਰ ਰਹੀ ਹੈ। ਮੈਂ ਇਨ੍ਹਾਂ ਹਾਲਾਤਾਂ ਵਿੱਚ ਕੰਮ ਨਹੀਂ ਕਰ ਸਕਦਾ ਸੀ|
ਉਨ੍ਹਾਂ ਕਿਹਾ ਕਿ ਐਡਵੋਕੇਟ ਦਿਓਲ ਚੋਟੀ ਦੇ ਅਪਰਾਧਿਕ ਵਕੀਲ ਹਨ। ਜੇਕਰ ਕੋਈ ਉਹਨਾਂ ਦੀਆਂ ਸੇਵਾਵਾਂ ਨਹੀਂ ਲੈਣਾ ਚਾਹੁੰਦਾ ਤਾਂ ਉਹ ਸੂਬੇ ਦਾ ਹਿੱਤ ਨਹੀਂ ਚਾਹੁੰਦਾ। ਐਡਵੋਕੇਟ ਬੇਰੀ ਨੇ ਕਿਹਾ ਕਿ ਪਹਿਲਾਂ ਵਕੀਲ ਦਿੱਲੀ ਤੋਂ ਆਉਂਦੇ ਸਨ ਪਰ ਡੇਢ ਮਹੀਨੇ ਤੋਂ ਐਡਵੋਕੇਟ ਦਿਓਲ ਇੱਥੋਂ ਹੀ ਕਰ ਰਹੇ ਹਨ।