ਲੁਧਿਆਣਾ : – ਬੀਤੀ ਰਾਤ ਪੰਜਾਬ ਦੇ ਦੀਨੀ ਮਰਕਜ ਜਾਮਾ ਮਸਜਿਦ ਲੁਧਿਆਣਾ ‘ਚ ਸ਼ਬ-ਏ-ਬਰਾਤ ਦੇ ਪਵਿੱਤਰ ਮੌਕੇ ‘ਤੇ ਇੱਕ ਧਾਰਮਿਕ ਸਮਾਰੋਹ ਦਾ ਪ੍ਰਬੰਧ ਕੀਤਾ ਗਿਆ, ਜਿਸਦੀ ਪ੍ਰਧਾਨਗੀ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕੀਤੀ, ਜਿਸ ‘ਚ ਮੁੱਖ ਮਹਿਮਾਨ ਲੁਧਿਆਣਾ ਉਤਰੀ ਦੇ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਵਿਸ਼ੇਸ਼ ਤੌਰ ‘ਤੇ ਪੁੱਜੇ। ਸਮਾਰੋਹ ਦਾ ਸੰਚਾਲਨ ਗੁਲਾਮ ਹਸਨ ਕੈਸਰ ਨੇ ਕੀਤਾ ਅਤੇ ਸਮਾਰੋਹ ਦੀ ਸ਼ੁਰੂਆਤ ਪਵਿੱਤਰ ਕੁਰਾਨ ਸ਼ਰੀਫ ਦੀ ਤੀਲਾਵਤ ਨਾਲ ਕਾਰੀ ਮੁਹੰਮਦ ਮੋਹਤਰਮ ਨੇ ਕੀਤੀ, ਜਦੋਂ ਕਿ ਆਪਣਾ ਨਾਤੀਆ ਕਲਾਮ ਹੱਸਾਨ ਨਸੀਰਾਬਾਦੀ, ਮੁਹੰਮਦ ਵਾਸਿਬ, ਸ਼ਮਸ਼ੁੱਲ ਕਮਰ, ਜੁਹੈਬ ਨੇ ਪੜਿਆ। ਇਸ ਮੌਕੇ ‘ਤੇ ਮੁਫਤੀ ਨੂਰ ਉਲ ਏੈਨ, ਕਾਰੀ ਇਬਰਾਹੀਮ, ਮੌਲਾਨਾ ਸੁਲੇਮਾਨ, ਕਾਰੀ ਅਬਦੁਲ ਰਹਿਮਾਨ, ਹਾਫਿਜ ਜੈਨੁਲ ਆਬਦੀਨ, ਬਿਲਾਲ ਖਾਨ ਅਤੇ ਮੁਹੰਮਦ ਮੁਸਤਕੀਮ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ।

ਸ਼ਬ-ਏ-ਬਰਾਤ ਦੇ ਮੌਕੇ ਤੇ ਜਾਮਾ ਮਸਜਿਦ ‘ਚ ਮੌਜੂਦ ਸੈਂਕੜੀਆਂ ਮੁਸਲਮਾਨਾਂ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਕਿ ਇਸ ਰਹਿਮਤਾਂ ਵਾਲੀ ਰਾਤ ਵਿੱਚ ਹਰ ਮੁਸਲਮਾਨ ਨੂੰ ਚਾਹੀਦਾ ਹੈ ਕਿ ਉਹ ਆਪਣੇ ਰੱਬ ਤੋਂ ਆਪਣੇ ਗੁਨਾਹ ਦੀ ਮਾਫ਼ੀ ਮੰਗੇ ਕਿਉਂਕਿ ਅੱਲਾਹ ਬੜਾ ਰਹਿਮ ਕਰਨ ਵਾਲਾ ਹੈ। ਉਨਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਅੱਲਾਹ ਦੇ ਦੱਸੇ ਹੋਏ ਰਸਤੇ ਤੇ ਚੱਲਦੇ ਹੋਏ ਗਰੀਬ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ ਅਤੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਸਾਡੀ ਵਜਾ ਨਾਲ ਕਿਸੇ ਦੇ ਦਿਲ ਨੂੰ ਤਕਲੀਫ ਨਾ ਪਹੁੰਚੇ।
ਸ਼ਾਹੀ ਇਮਾਮ ਨੇ ਕਿਹਾ ਕਿ ਅੱਲਾਹ ਸਾਰੇ ਇਨਸਾਨਾਂ ਦਾ ਰੱਬ ਅਤੇ ਹਰ ਬੰਦੇ ਲਈ ਅੱਲਾਹ ਦੀ ਜਾਤ 70 ਮਾਵਾਂ ਤੋਂ ਜਿਆਦਾ ਪਿਆਰ ਕਰਣ ਵਾਲੀ ਹੈ। ਉਨਾਂ ਕਿਹਾ ਕਿ ਰੱਬ ਕਦੇ ਨਹੀਂ ਚਾਹੁੰਦਾ ਕਿ ਉਸਦਾ ਬੰਦਾ ਪਰੇਸ਼ਾਨ ਹੋਵੇ। ਪਰ ਇਨਸਾਨ ਹੀ ਆਪਣੇ ਗਲਤ ਕਰਮਾਂ ਦੀ ਵਜਾ ਨਾਲ ਖੁੱਦ ਨੂੰ ਮੁਸੀਬਤ ’ਚ ਪਾ ਲੈਂਦਾ ਹੈ। ਉਨਾਂ ਕਿਹਾ ਕਿ ਅੱਜ ਦੀ ਰਾਤ ਜਿਹੜਾ ਵੀ ਇਨਸਾਨ ਅੱਲਾਹ ਤੋਂ ਆਪਣੇ ਗੁਨਾਹਾਂ ਦੀ ਮੁਆਫ਼ੀ ਮੰਗਦਾ ਹੈ, ਰੱਬ ਉਸਨੂੰ ਮਾਫ ਕਰ ਦਿੰਦਾ ਹੈ।

ਇਸ ਮੌਕੇ ‘ਤੇ ਵਿਧਾਇਕ ਮਦਨ ਲਾਲ ਬੱਗਾ ਨੇ ਸੰਬੋਧਿਤ ਕਰਦੇ ਹੋਏ ਕਿਹਾ ਕਿ ਮਰਹੂਮ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀਂ ਨਾਲ ਮੇਰਾ ਬਹੁਤ ਹੀ ਗਹਿਰਾ ਸੰਬਧ ਸੀ ਅਤੇ ਉਹ ਹਮੇਸ਼ਾ ਮੇਰੀ ਰਹਿਨੁਮਾਈ ਕਰਦੇ ਸਨ। ਉਨਾਂ ਕਿਹਾ ਕਿ ਜਿੱਥੇ ਆਮ ਆਦਮੀ ਪਾਰਟੀ ਸਾਰੇ ਵਰਗਾਂ ਲਈ ਵਚਨਬਧ ਹੈ ਉਥੇ ਹੀ ਮੈਂ ਮੁੱਖ ਮੰਤਰੀ ਪੰਜਾਬ ਸ਼੍ਰੀ ਭਗਵੰਤ ਮਾਨ ਜੀ ਵੱਲੋਂ ਪੰਜਾਬ ਦੇ ਮੁਸਲਮਾਨਾਂ ਨੂੰ ਇਸ ਗੱਲ ਦਾ ਭਰੋਸਾ ਦਵਾਉਦਾ ਹਾਂ ਕਿ ਪੰਜਾਬ ‘ਚ ਰਹਿ ਰਹੇ ਲੱਖਾਂ ਮੁਸਲਮਾਨਾਂ ਦੀਆਂ ਸਮਸਿਆਵਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕੀਤਾ ਜਾਵੇਗਾ।
ਇਸ ਦੌਰਾਨ ਜਾਮਾ ਮਸਜਿਦ ਦੇ ਬਾਹਰ ਦੀਆਂ ਰੌਣਕਾਂ ਦੇਖਦੇ ਹੀ ਬਣਦੀਆਂ ਸਨ। ਉਥੇ ਹੀ ਸ਼ਹਿਰ ਭਰ ਦੀਆਂ ਸਾਰੀਆਂ ਮਸਜਿਦਾਂ ’ਚ ਰੌਣਕ ਦੇਖਣ ਯੋਗ ਸੀ ਤੇ ਸਾਰੀ ਰਾਤ ਮੁਸਲਮਾਨਾਂ ਨੇ ਮਸਜਿਦ ’ਚ ਜਾ ਕੇ ਇਬਾਦਤ ਕੀਤੀ। ਇਸ ਮੌਕੇ ਜਾਮਾ ਮਸਜਿਦ ਦੇ ਬਾਹਰ ਨਮਾਜੀਆਂ ਲਈ ਮਿੱਠੇ ਪਾਣੀ ਦੀ ਛਬੀਲ ਤੇ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ। ਇਸ ਪਵਿੱਤਰ ਰਾਤ ’ਚ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਦੇਸ਼ ਭਰ ਲਈ ਅਮਨ ਤੇ ਸ਼ਾਂਤੀ ਦੀ ਵਿਸ਼ੇਸ਼ ਦੁਆ ਕਰਵਾਈ।
