Htv Punjabi
Punjab Religion siyasat

‘‘ਰਾਜ ਧਰਮ ਦੇ ਅਨੁਸਾਰ ਚਲੇਗਾ’’ ਕਹਿਣ ਵਾਲੇ ਮੁੱਖ ਮੰਤਰੀ ਦੱਸਣ ਫਿਰ ਸਰਕਾਰੀ ਕਾਲਜਾਂ ‘ਚ ਧਰਮ ਦਾ ਵਿਸ਼ਾ ਕਿਉਂ ਨਹੀ ਕੀਤਾ ਜਾਂਦਾ ਲਾਗੂ: ਜਗਜੀਤ ਸਿੰਘ ਪੰਜੋਲੀ

ਪਟਿਆਲਾ, 15 ਨਵੰਬਰ 20201 : ਪੰਜਾਬ ਦੇ ਸਰਕਾਰੀ ਕਾਲਜਾਂ ਵਿਚ ਧਰਮ ਅਧਿਐਨ (Religious Studies) ਨੂੰ ਵਿਸ਼ੇ ਵਜੋ ਲਾਗੂ ਕਰਵਾਉਣ ਸੰਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਉੱਘੇ ਸਮਾਜ ਸੇਵਕ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਰਿਸਰਚ ਸਕਾਲਰ ਜਗਜੀਤ ਸਿੰਘ ਪੰਜੋਲੀ ਵੱਲੋਂ ਇਕ ਮੰਗ ਪੱਤਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਪਿਛਲੇ ਮਹੀਨੇ ਸਰਕਾਰੀ ਵਿਦਿਅਕ ਅਦਾਰਿਆਂ ਲਈ ਵੱਖੋ-ਵੱਖਰੇ 33 ਵਿਸ਼ਿਆਂ ਦੇ ਲੈਕਚਰਾਰਾਂ ਦੀਆਂ ਅਸਾਮੀਆਂ ਕੱਢੀਆਂ ਹਨ ਜਿਸ ਵਿਚ ਧਰਮ ਦਾ ਵਿਸ਼ਾ ਸ਼ਾਮਿਲ ਨਹੀ ਹੈ। ਲੋਕਾਂ ਨੂੰ ਧਰਮ ਦੀ ਸਮਝ ਨਾ ਹੋਣ ਕਾਰਨ ਸਮਾਜ ਵਿਚ ਧਾਰਮਿਕ ਗ੍ਰੰਥਾਂ, ਧਾਰਮਿਕ ਆਸਥਾ ਖਾਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਬੇਅਦਬੀ ਤੇ ਬਰਗਾੜੀ ਕਾਂਡ ਜਿਹੀਆਂ ਮੰਦਭਾਗੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ।ਜਦੋਂ ਕਿ ਸਿੱਖ, ਹਿੰਦੂ, ਮੁਸਲਮ, ਇਸਾਈ, ਜੈਨ ਤੇ ਬੁੱਧ ਆਦਿ ਧਰਮ ਸਾਨੂੰ ਨੈਤਿਕਤਾਂ ਦਾ ਪਾਠ ਪੜਾਉਂਦੇ ਹਨ ਫਿਰ ਵੀ ਸਮਾਜ ਵਿਚ ਅਜਿਹੀਆਂ ਘਟਨਾਵਾਂ ਦੇ ਵਾਪਰਨ ਤੋਂ ਇਹ ਸਾਬਤ ਹੁੰਦਾ ਹੈ ਕਿ ਸਮਾਜ ਵਿਚ ਧਰਮ ਦੀ ਸਹੀ ਸਮਝ ਨਹੀ ਹੈ। ਲੋਕਾਂ ਨੂੰ ਧਰਮ ਦੇ ਹਵਾਲੇ ਨਾਲ ਨੈਤਿਕਤਾਂ ਦਾ ਪਾਠ ਪੜਾਉਣ ਲਈ ਉਨ੍ਹਾਂ ਨੂੰ ਧਰਮ ਦੀ ਘੱਟੋ-ਘੱਟ ਮੁੱਢਲੀ ਸਮਝ ਹੋਣੀ ਜਰੂਰੀ ਹੈ, ਜਿਸ ਨੂੰ ਸਕੂਲ, ਕਾਲਜ ਪੱਧਰ ‘ਤੇ ਵਿਸ਼ੇ ਵਜੋ ਸਰਕਾਰ ਨੂੰ ਲਾਗੂ ਕਰਨਾ ਚਾਹੀਦਾ ਹੈ। ਵੱਖ-ਵੱਖ ਧਰਮਾਂ ਦੇ ਲੋਕਾਂ ਵਿਚ ਅਮਨ-ਸ਼ਾਤੀ ਅਤੇ ਭਾਈਚਾਰਾ ਬਣਾਈ ਰੱਖਣ ਲਈ ਉਨ੍ਹਾਂ ਨੂੰ ਅੰਤਰ ਧਰਮ ਸੰਵਾਦ ਰਚਾਉਣਾ ਤੇ ਵਿਭਿੰਨ ਧਰਮਾਂ ਦੀ ਦਾਰਸ਼ਨਿਕ ਪੱਖੋ ਸਮਝ ਹੋਣੀ ਚਾਹੀਦੀ ਹੈ, ਜਿਸ ਨਾਲ ਸਮਾਜ ਅੰਦਰ ਜਾਗ੍ਰਿਤੀ ਲਿਆਂਦੀ ਜਾ ਸਕਦੀ ਹੈ।


ਜਗਜੀਤ ਸਿੰਘ ਪੰਜੋਲੀ ਨੇ ਦੱਸਿਆ ਕਿ ਪੰਜਾਬ ਦੇ ਮੌਜੂਦਾ ਮੁਖ ਮੰਤਰੀ ਚਰਨਜੀਤ ਸਿੰਘ ਚੰਨੀ ਜਦੋਂ ਮੁਖ ਮੰਤਰੀ ਬਣਨ ਤੋਂ ਬਾਅਦ ਦਰਬਾਰ ਸਾਹਿਬ (ਸ੍ਰੀ ਅੰਮ੍ਰਿਤਸਰ ਸਾਹਿਬ) ਵਿਖੇ ਨਤਮਸਤਕ ਹੋਣ ਆਏ ਤਾਂ ਉਨ੍ਹਾਂ ਨੇ ਉੱਥੇ ਹੀ ਪ੍ਰੈੱਸ ਨੂੰ ਸੁਬੋਧਨ ਹੁੰਦਿਆ ਕਿਹਾ ਸੀ ਕਿ “ਰਾਜ ਧਰਮ ਦੇ ਅਨੁਸਾਰ ਚਲੇਗਾ, ਧਰਮ ਦੇ ਵਿਚ ਰਹਿ ਕੇ ਰਾਜ ਨੂੰ ਚਲਾਇਆ ਜਾਏਗਾ। ਹਰ ਧਰਮ ਦਾ ਸੂਬੇ ਦੇ ਵਿਚ ਸਤਿਕਾਰ ਹੋਏਗਾ ਤੇ ਆਪਸੀ ਮੇਲ-ਮਿਲਾਪ ਵਧਾਇਆ ਜਾਵੇਗਾ ਨਾਲ ਹੀ ਧਰਮ ਦੀ ਜੈ-ਜੈਕਾਰ ਰਹੇਗੀ”। ਮੁੱਖ ਮੰਤਰੀ ਵਲੋਂ ਧਰਮ ਬਾਬਤ ਐਨੀਆਂ ਵੱਡੀਆਂ ਗੱਲਾਂ ਕਰਨ ਤੋਂ ਬਾਅਦ ਵੀ ਪੰਜਾਬ ਅੰਦਰ ਧਰਮ ਦੇ ਵਿਸ਼ੇ ਨੂੰ ਸਰਕਾਰੀ ਕਾਲਜਾਂ ਵਿਚ ਅਣਗੌਲਿਆ ਕੀਤੇ ਜਾਣ ਉੱਤੇ ਸਵਾਲੀਆ ਚਿੰਨ੍ਹ ਪੈਦਾ ਹੁੰਦਾ ਹੈ।
ਜ.ਪੰਜੋਲੀ ਨੇ ਕਿਹਾ ਕਿ ਧਰਮ ਦੀ ਤੁਲਾਨਤਮਿਕ ਪੜਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਸੰਸਾਰ ਦੇ ਧਰਮਾਂ ਜਿਵੇਂ ਸਿਖ, ਹਿੰਦੂ, ਬੁਧ, ਜੈਨ, ਯਹੂਦੀ, ਇਸਾਈ, ਇਸਲਾਮ ਆਦਿ ਦੀ ਜਾਣਕਾਰੀ ਹੁੰਦੀ ਹੈ ਅਤੇ ਵਿਦਿਆਰਥੀ ਧਰਮਾਂ ਦੇ ਸਰਬ ਸਾਂਝੇ ਸੰਦੇਸ਼ ਨੂੰ ਸਮਝਦੇ ਹਨ। ਪੰਜਾਬ ਵਰਗੇ ਬਹੁ-ਧਰਮੀ, ਧਰਮ ਨਿਰਪੱਖ ਰਾਜ ਵਿਚ ਵਿਭਿੰਨ ਧਰਮਾਂ ਦਾ ਅਧਿਐਨ ਬਹੁਤ ਜਰੂਰੀ ਹੈ। ਇਸ ਪੱਤਰ ਰਾਹੀਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਇਸ ਸੰਵੇਦਨਸ਼ੀਲ ਮੁੱਦੇ ਤੋਂ ਜਾਣੂੰ ਕਰਵਾਇਆ ਗਿਆ ਤਾਂ ਜੋ ਉਹ ਇਸ ਬਾਬਤ ਦ੍ਰਿੜਤਾ ਨਾਲ ਪਹਿਰੇਦਾਰੀ ਕਰ ਸਕਣ। ਇਸ ਮੰਗ ਪੱਤਰ ਦੇ ਉਤਾਰੇ ਦੀ ਕਾਪੀ ਮੁੱਖ ਮੰਤਰੀ ਪੰਜਾਬ, ਉੱਚ ਸਿੱਖਿਆ ਮੰਤਰੀ, ਪੰਜਾਬ ਸਰਕਾਰ, ਮੁੱਖ ਸਿੱਖਿਆ ਸਕੱਤਰ, ਪੰਜਾਬ ਤੇ ਡੀ. ਪੀ. ਆਈ. ਕਾਲਜਾਂ ਨੂੰ ਭੇਜੀ ਗਈ ਹੈ।
ਇਸ ਮੌਕੇ ਸ.ਪੰਜੋਲੀ ਪ੍ਰੈੱਸ ਨੋਟ ਜਾਰੀ ਕਰਦਿਆ ਇਹ ਜਾਣਕਾਰੀ ਦਿੱਤੀ ਕਿ ਬੀ.ਏ. ਪੱਧਰ ‘ਤੇ ਕਾਫੀ ਵਡੀ ਗਿਣਤੀ ਵਿਚ ਵਿਦਿਆਰਥੀ ਧਰਮ ਅਧਿਐਨ ਨੂੰ ਚੋਣਵੇਂ ਵਿਸ਼ੇ ਵਜੋਂ ਪੜ੍ਹਨਾ ਪਸੰਦ ਕਰਦੇ ਹਨ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪ੍ਰਾਈਵੇਟ ਕਾਲਜਾਂ ਵਿਚ ਧਰਮ ਵਿਸ਼ਾ ਪੜ੍ਹਦੇ ਵਿਦਿਆਰਥੀਆਂ ਦੀ ਗਿਣਤੀ ਦਾ ਵੇਰਵਾ ਵੀ ਪੱਤਰ ਨਾਲ ਨੱਥੀ ਕੀਤਾ ਗਿਆ ਹੈ। ਪੰਜਾਬ ਦੇ ਕਿਸੇ ਵੀ ਸਰਕਾਰੀ ਕਾਲਜ ਵਿਚ ਧਰਮ ਅਧਿਐਨ ਦਾ ਵਿਸ਼ਾ ਨਹੀਂ ਪੜਾਇਆ ਜਾਂਦਾ। ਇਹ ਵੀ ਦੱਸਣਾ ਜਰੂਰੀ ਹੈ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਵਿਖੇ ਧਰਮ ਅਧਿਐਨ ਵਿਸ਼ਾ ਪੋਸਟ ਗਰੈਜੂਏਟ ਪੱਧਰ ਉਤੇ ਪੜ੍ਹਾਇਆ ਜਾਂਦਾ ਹੈ ਅਤੇ ਇਸ ਵਿਸ਼ੇ ਵਿਚ ਪੀਐਚ. ਡੀ. ਪੱਧਰ ਉਤੇ ਖੋਜ ਹੋ ਰਹੀ ਹੈ। 150 ਤੋਂ ਉਪਰ ਖੋਜਾਰਥੀ ਪੀਐਚ. ਡੀ ਕਰ ਚੁੱਕੇ ਹਨ ਅਤੇ ਬਹੁਤ ਖੋਜਾਰਥੀ ਪੀਐੱਚ.ਡੀ. ਕਰ ਵੀ ਰਹੇ ਹਨ। ਯੂ.ਜੀ.ਸੀ. ਦੁਆਰਾ ਇਸ ਵਿਸ਼ੇ ਦਾ ਨੈਟ ਦਾ ਪੇਪਰ (ਕੋਡ.62) ਉੱਤੇ ਲਿਆ ਜਾਂਦਾ ਹੈ। ਮੰਗ ਪੱਤਰ ਵਿਚ ਮੁੱਦੇ ਦੀ ਸੰਵੇਦਸ਼ੀਲਤਾ ਨੂੰ ਸਮਝਦੇ ਹੋਏ ਧਰਮ ਦੇ ਵਿਸ਼ੇ ਨੂੰ ਸਰਕਾਰੀ ਕਾਲਜਾਂ ਵਿਚ ਲਾਗੂ ਕਰਾਉਣ ਲਈ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ, ਪੰਜਾਬ ਤੋਂ ਮੰਗ ਕੀਤੀ ਗਈ ਹੈ। ਇਸ ਮੌਕੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸਾਬਕਾ ਡੀਨ ਅਕਦਾਮਿਕ ਮਾਮਲੇ ਪ੍ਰੋ. ਗੁਰਨਾਮ ਸਿੰਘ ਪਟਿਆਲਾ, ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਦੇ ਗੱਤਕਾ ਕੋਚ ਤਲਵਿੰਦਰ ਸਿੰਘ ਸਨੌਰ ਹਾਜ਼ਰ ਸਨ।

Related posts

ਸ਼ਾਹੀ ਇਮਾਮ ਪੰਜਾਬ ਦੀ ਜ਼ੁਬਾਨੀ ਰੋਜ਼ੇ (ਵਰਤ) ਜ਼ਰੂਰੀ ਕਿਉਂ

htvteam

ਲੋਹੜੀ ਦੀ ਰਾਤ ਇੰਝ ਨਕਲੀ ਮੁੰਡਿਆਂ ਦੀ ਰੂਹ; ਪਿੰਡ ਵਾਲਿਆਂ ਨੇ ਦੱਸੀ ਖੌਫਨਾਕ ਕਹਾਣੀ

htvteam

ਡਾਕਟਰ ਨੇ ਖੋਲ੍ਹ ਕੇ ਰੱਖ ਤੀ ਅਜਿਹੀ ਪੋਲ ਕਿ ਸਰਕਾਰ ਨੂੰ ਪਈਆਂ ਭਾਜੜਾਂ

Htv Punjabi