– ਬੀ ਐੱਲ ਓ ਸਮੇਤ ਹੋਰ ਗੈਰ ਵਿਦਿਅਕ ਡਿਊਟੀਆ ਕੱਟੀਆਂ ਜਾਣ
– ਦਾਖਲਿਆਂ ਲਈ ਬੇਲੋੜਾ ਦਬਾਓ ਬਣਾਉਣਾ ਬੰਦ ਕੀਤਾ ਜਾਵੇ
ਮਲੇਰਕੋਟਲਾ, 2 ਅਗਸਤ 2023 – ਡੇਮੋਕ੍ਰੇਟਿਕ ਟੀਚਰਜ਼ ਫ਼ਰੰਟ ਜ਼ਿਲਾ ਮਲੇਰਕੋਟਲਾ ਵੱਲੋਂ ਜ਼ਿਲਾ ਸਿਖਿਆ ਅਫਸਰ ਐਲੀ.ਸਿੱਖਿਆ ਸ਼੍ਰੀ ਮੁਹੰਮਦ ਖ਼ਲੀਲ ਜਿੰਨਾ ਕੋਲ ਸੈਕੰਡਰੀ ਸਿਖਿਆ ਅਫ਼ਸਰ ਦਾ ਵਾਧੂ ਚਾਰਜ ਹੈ ਰਾਹੀਂ ਸਿਖਿਆ ਮੰਤਰੀ ਦੇ ਨਾਮ ਭੇਜੇ ਗਏ ਇਤਰਾਜ਼ ਪੱਤਰ ਬਾਰੇ ਜ਼ਿਲਾ ਪ੍ਰਧਾਨ ਵਿਕਰਮਜੀਤ ਸਿੰਘ ਅਤੇ ਜਿਲ੍ਹਾ ਸਕੱਤਰ ਗੁਰਜੰਟ ਸਿੰਘ ਅਤੇ DTF ਦੇ ਆਗੂ ਮੁਹੰਮਦ ਬਸ਼ੀਰ ਨੇ ਦੱਸਿਆ ਕਿ ਅਧਿਆਪਕਾਂ ਦੀ ਵੱਡੇ ਪੱਧਰ ਤੇ ਲੱਗੀ ਬੀ.ਐੱਲ.ਓ. ਡਿਊਟੀ ਲੱਗੀ ਹੈ |ਜਦੋ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਵਿਧਾਨ ਸਭਾ ਅਤੇ ਹੋਰ ਕਈ ਮਹੱਤਵਪੂਰਨ ਮੰਚਾਂ ਤੋਂ ਉਨ੍ਹਾਂ ਦੀ ਸਰਕਾਰ ਵਿੱਚ ਅਧਿਆਪਕਾਂ ਦੀਆਂ ਗੈਰ-ਵਿੱਦਿਅਕ ਡਿਊਟੀਆਂ ਲੱਗਣ ‘ਤੇ ਮੁਕੰਮਲ ਪਾਬੰਦੀ ਹੋਣ ਦੀ ਗੱਲ ਆਖੀ ਜਾ ਰਹੀ ਹੈ। ਪ੍ਰੰਤੂ ਜਮੀਨੀ ਹਕੀਕਤ ਇਸ ਤੋਂ ਵੱਖਰੀ ਹੈ, ਕਿਉਂਕਿ ਹਾਲੇ ਵੀ ਪੰਜਾਬ ਸਰਕਾਰ ਨੇ 16000 ਤੋਂ ਵਧੇਰੇ ਅਧਿਆਪਕਾਂ ਨੂੰ ਬੂਥ ਲੈਵਲ ਅਫ਼ਸਰ (ਬੀ.ਐੱਲ.ਓ.) ਦੀ ਡਿਊਟੀ ‘ਤੇ ਲਗਾਇਆ ਹੋਇਆ ਹੈ। ਜਿਸ ਕਾਰਨ ਜਿੱਥੇ ਸਕੂਲਾਂ ਦਾ ਵਿੱਦਿਅਕ ਮਾਹੋਲ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ, ਉੱਥੇ ਬੀ.ਐੱਲ.ਓ. ਡਿਊਟੀ ਦੇ ਰਹੇ ਅਧਿਆਪਕ ਵੀ ਕੰਮ ਦੇ ਦੂਹਰੇ ਭਾਰ ਤੋਂ ਪੀੜਤ ਹਨ। ਇਸ ਸੰਬੰਧੀ ਡੀ.ਟੀ.ਐੱਫ., ਆਪ ਜੀ ਦੇ ਸਨਮੁੱਖ ਇਤਰਾਜ਼ ਜਾਹਿਰ ਕਰਦਾ ਹੋਇਆ ਵਿੱਦਿਅਕ ਹਿੱਤਾਂ ਦੇ ਮੱਦੇਨਜ਼ਰ ਅਧਿਆਪਕਾਂ ਦੀਆਂ ਬੀ.ਐੱਲ.ਓ. ਡਿਊਟੀਆਂ ਨੂੰ ਪੱਕੇ ਤੌਰ ‘ਤੇ ਰੱਦ ਕਰਨ ਅਤੇ ਸਾਲ ਭਰ ਚੱਲਣ ਵਾਲੀ ਇਸ ਡਿਊਟੀ ਲਈ ਵੱਖਰੀ ਨਵੀਂ ਭਰਤੀ ਕਰਕੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਦੀ ਮੰਗ ਕਰਦਾ ਹੈ।
ਜਿਲ੍ਹਾ ਮੀਤ ਪ੍ਰਧਾਨ ਅਮਨਦੀਪ ਸਿੰਘ ਅਤੇ ਇੰਦਰਜੀਤ ਸਿੰਘ ਨੇ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਗੈਰ-ਵਿਗਿਆਨਿਕ, ਗੈਰ-ਵਾਜਿਬ ਅਤੇ ਮਕੈਨੀਕਲ ਪੁਹੰਚ ਅਪਣਾਉਂਦੇ ਹੋਏ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੇ 10% ਦਾਖਲੇ ਨਾ ਵਧਾਉਣ ਵਾਲੇ ਜਿਿਲ੍ਹਆਂ ਦੇ ਜਿਲ੍ਹਾ ਸਿਿਖਆ ਅਫਸਰਾਂ ਨੂੰ ‘ਕਾਰਨ ਦੱਸੋ’ ਨੋਟਿਸ ਜਾਰੀ ਕੀਤੇ ਗਏ ਹਨ ਅਤੇ ਇਸੇ ਤਰਜ਼ ‘ਤੇ ਅੱਗੇ ਬੀ.ਪੀ.ਈ.ਓਜ਼. ਤੇ ਸਕੂਲ ਮੁੱਖੀਆਂ ਨੂੰ ਵੀ ਨੋਟਿਸ ਜਾਰੀ ਹੋਏ ਹਨ। ਡੀ.ਟੀ.ਐੱਫ. ਨੇ ਹਮੇਸ਼ਾ ਤੋਂ ਸਰਕਾਰੀ ਸਕੂਲਾਂ ਵਿੱਚ ਦਾਖਲੇ ਉਤਸ਼ਾਹਿਤ ਕਰਨ ਦੀ ਪ੍ਰੋੜਤਾ ਕੀਤੀ ਹੈ, ਪ੍ਰੰਤੂ ਇਸ ਲਈ ਦਬਾਅ ਬਣਾਉਣ ਦੀ ਨੀਤੀ ਕਿਸੇ ਵੀ ਪੱਖੋਂ ਜਾਇਜ਼ ਨਹੀਂ ਹੈ। ਕਿਉਂਕਿ ਦਾਖਲੇ ਘਟਣ ਪਿੱਛੇ ਸਭ ਲਈ ਇੱਕ-ਸਮਾਨ, ਮੁੱਫ਼ਤ ਅਤੇ ਮਿਆਰੀ ਸਿੱਖਿਆ ਦੇਣ ਲਈ ਸਥਾਨਕ ਲੋੜਾਂ ਅਨੁਸਾਰ ਪੰਜਾਬ ਦੀ ਆਪਣੀ ਵਿੱਦਿਅਕ ਨੀਤੀ ਦਾ ਮੌਜੂਦ ਨਾ ਹੋਣਾ, ਸਿੱਖਿਆ ਦਾ ਵਧਦਾ ਨਿੱਜੀਕਰਨ, ਵਿਦੇਸ਼ਾਂ ਵੱਲ ਪ੍ਰਵਾਸ, ਲੋੜ ਅਨੁਸਾਰ ਨਵੇਂ ਸਕੂਲ ਖੋਲਣ ਤੇ ਨਵੀਆਂ ਅਸਾਮੀਆਂ ਨਾ ਦੇਣਾ, ਹਜਾਰਾਂ ਅਸਾਮੀਆਂ ਦਾ ਸਾਲਾਂ ਬੱਧੀ ਖਾਲੀ ਰਹਿਣਾ, ਅਧਿਆਪਕਾਂ ਦੀ ਗੈਰ-ਵਿੱਦਿਅਕ ਡਿਊਟੀ, ਹਰੇਕ ਸਕੂਲ ਵਿੱਚ ਸੇਵਾਦਾਰਾਂ, ਮਾਲੀਆਂ, ਸਫ਼ਾਈ ਸੇਵਕਾਂ, ਚੌਕੀਦਾਰਾਂ, ਨਾਨ-ਟੀਚਿੰਗ ਅਤੇ ਪ੍ਰੀ-ਪ੍ਰਾਇਮਰੀ ਬੱਚਿਆਂ ਲਈ ਕੇਅਰ ਟੇਕਰ ਦੀ ਪੱਕੀ ਭਰਤੀ ਨਾ ਹੋਣਾ, ਬਹੁਤ ਸਾਰੇ ਸਕੂਲਾਂ ਦਾ ‘ਅਧਿਆਪਕ ਰਹਿਤ’, ‘ਸਿੰਗਲ ਟੀਚਰ’ ਹੋਣਾ ਸ਼ਾਮਿਲ ਹੈ। ਇਸ ਸੰਬੰਧੀ ਮੰਗ ਕਰਦੇ ਹਾਂ ਕਿ ਬੱਚਿਆਂ ਦੇ ਦਾਖਲੇ ਘੱਟ ਹੋਣ ਦੇ ਸਮੁੱਚੇ ਪੱਖਾਂ ਦੀ ਪੜਤਾਲ ਕਰਕੇ ਲੋੜੀਂਦੇ ਕਦਮ ਉਠਾਏ ਜਾਣ ਨਾ ਕੇ ਬੇਲੋੜਾ ਦਬਾਅ ਪਾ ਕੇ ਅਧਿਕਾਰੀਆਂ, ਸਕੂਲ ਮੁਖੀਆਂ ਅਤੇ ਅਧਿਆਪਕਾਂ ਦਾ ਸਮਾਜ ਵਿੱਚ ਅਕਸ਼ ਧੁੰਦਲਾ ਕੀਤਾ ਜਾਵੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁਹੰਮਦ ਅਰਸ਼ਦ, ਅਰਸ਼ਦ ਹੁਸੈਨ, ਰਣਦੀਪ ਸਿੰਘ ਤਰਸੇਮ ਸਿੰਘ,ਸਮੇਤ ਵੱਡੀ ਗਿਣਤੀ ਵਿਚ ਅਧਿਆਪਕ ਹਾਜ਼ਿਰ ਸਨ |
