112ਵਾਂ ਸ਼੍ਰੀ ਵਿਸ਼ਵਕਰਮਾ ਪੂਜਾ ਮਹਾਂ-ਉਤਸਵ ਸ਼੍ਰੋਮਣੀ ਸ੍ਰੀ ਵਿਸ਼ਵਕਰਮਾ ਮੰਦਰ ਬੰਗਾ ਰੋਡ ਫਗਵਾੜਾ ਜਿਲਾ ਕਪੂਰਥਲਾ ਵਿਖੇ ਹਰ ਸਾਲ ਦੀ ਤਰਾਂ ਇਸ ਸਾਲ ਵੀ 25 ਅਤੇ 26 ਅਕਤੂਬਰ ਨੂੰ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ।

ਸਮਾਗਮ ਦੇ ਮਹਿਮਾਨਾਂ ਨੇ ਭਗਵਾਨ ਸ਼੍ਰੀ ਵਿਸ਼ਵਕਰਮਾ ਜੀ ਦੇ ਚਰਨਾਂ ਵਿੱਚ ਮੱਥਾ ਟੇਕਿਆ ਅਤੇ ਦਰਬਾਰ ਵਿਖੇ ਸਭਾ ਦੇ ਪ੍ਰਧਾਨ ਬਲਵੰਤ ਰਾਏ ਧੀਮਾਨ ਅਤੇ ਸਵਾਗਤੀ ਕਮੇਟੀ ਦੇ ਪ੍ਰਧਾਨ ਗੁਰਮੁੱਖ ਸਿੰਘ ਨਾਮਧਾਰੀ ਜੀ ਨੇ ਮਹਿਮਾਨਾਂ ਨੂੰ ਸਰੋਪਾ ਦੇ ਕੇ ਸਨਮਾਨਿਤ ਕੀਤਾ।

ਸ਼੍ਰੀ ਵਿਜੇ ਸਾਂਪਲਾ ਚੇਅਰਮੈਨ ਐੱਸ.ਸੀ. ਕਮਿਸ਼ਨ ਭਾਰਤ, ਸ੍ਰੀ ਸੋਮ ਪ੍ਰਕਾਸ਼ ਕੈਬਨਿਟ ਮੰਤਰੀ ਭਾਰਤ, ਸ਼੍ਰੀ ਅਸ਼ਵਨੀ ਸ਼ਰਮਾ ਪ੍ਰਧਾਨ ਬੀ.ਜੇ.ਪੀ. ਪੰਜਾਬ, ਰਾਜੇਸ਼ ਬਾਘਾ ਜਨਰਲ ਸੈਕਟਰੀ ਬੀ.ਜੇ.ਪੀ. ਪੰਜਾਬ, ਆਮ ਆਦਮੀ ਪਾਰਟੀ ਦੇ ਫਗਵਾੜਾ ਹਲਕਾ ਇੰਚਾਰਜ ਜੋਗਿੰਦਰ ਸਿੰਘ ਮਾਨ, ਰਾਣਾ ਗੁਰਜੀਤ ਸਿੰਘ, ਬਲਵਿੰਦਰ ਸਿੰਘ ਧਾਲੀਵਾਲ, ਰਾਜ ਕੁਮਾਰ ਚੱਬੇਵਾਲ ਸਾਰੇ ਵਿਧਾਇਕ, ਅਤੇ ਪੂਰੇ ਭਾਰਤ ਚੋਂ ਅਤੇ ਵਿਦੇਸ਼ਾਂ ਤੋਂ ਅਹਿਮ ਸ਼ਖਸ਼ੀਅਤਾਂ ਨੇ ਵਿਸ਼ੇਸ਼ ਤੌਰ ਤੇ ਇਸ ਸਮਾਗਮ ਤੇ ਪਹੁੰਚ ਕੇ ਭਗਵਾਨ ਸ਼੍ਰੀ ਵਿਸ਼ਵਕਰਮਾ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਜਿਕਰਯੋਗ ਹੈ ਕਿ ਭਗਵਾਨ ਸ਼੍ਰੀ ਵਿਸ਼ਵਕਰਮਾ ਜੀ ਦੇ ਸ਼੍ਰੋਮਣੀ ਮੰਦਰ ਵਿਖੇ ਸ੍ਰੀ ਵਿਸ਼ਵਕਰਮਾ ਚੈਰੀਟੇਬਲ ਹਸਪਤਾਲ 11 ਸਾਲਾਂ ਤੋਂ ਚੱਲ ਰਿਹਾ ਹੈ।

ਜਿਸ ਵਿੱਚ 14 ਵਿਭਾਗਾਂ ਦੀ ਰੋਜਾਨਾ 350 ਦੇ ਕਰੀਬ ਓ.ਪੀ.ਡੀ. ਹੁੰਦੀ ਹੈ ਅਤੇ ਲੋੜਵੰਦ ਮਰੀਜਾਂ ਦੀਆਂ ਅੱਖਾਂ ਦੇ ਫਰੀ ਅਪਰੇਸ਼ਨ ਵੀ ਕੀਤੇ ਜਾਂਦੇ ਹਨ। ਮੰਦਰ ਦੀ ਕਮੇਟੀ ਵਲੋਂ ਮਾਨਵਤਾ ਦੀ ਭਲਾਈ ਲਈ 50 ਬੈਂਡਾਂ ਵਾਲੇ 24 ਘੰਟੇ ਐਮਰਜੈਂਸੀ ਵਾਰਡ ਦੀ ਉਸਾਰੀ ਵੀ ਕਰਵਾਈ ਜਾ ਰਹੀ ਹੈ। 2021 ਵਿੱਚ ਸਾਬਕਾ ਮੁੱਖ ਮੰਤਰੀ ਪੰਜਾਬ ਨੇ ਸ਼ੀ ਵਿਸ਼ਵਕਰਮਾ ਡੇ ਦੇ ਸਮਾਗਮ ਵਿੱਚ ਉਚੇਚੇ ਤੌਰ ਤੇ ਪਹੁੰਚ ਕੇ ਕਮੇਟੀ ਦੇ ਕੰਮਾਂ ਦੀ ਸ਼ਲਾਘਾ ਕਰਦੇ ਹੋਏ ਹਸਪਤਾਲ ਦੇ ਉਸਾਰੀ ਅਧੀਨ ਐਮਰਜੈਂਸੀ ਵਾਰਡ ਲਈ 2 ਕਰੋੜ ਦੀ ਗਰਾਂਟ ਦਿੱਤੀ ਸੀ।

ਜਲਦ ਹੀ ਮੰਦਰ ਦੀ ਕਮੇਟੀ ਵਲੋਂ ਪਿੰਡਾਂ ਵਿੱਚ ਬਜੁਰਗਾਂ ਅਤੇ ਲੋੜਵੰਦ ਮਰੀਜਾਂ ਦੇ ਅੱਖਾਂ ਦੇ ਅਪਰੇਸ਼ਨ ਫਰੀ ਕੀਤੇ ਜਾਣਗੇ। ਉਨਾਂ ਨੂੰ ਹਸਪਤਾਲ ਵਿਖੇ ਲਿਆਉਣ ਦਾ ਅਤੇ ਘਰ ਛੱਡਣ ਦਾ ਫਰੀ ਪ੍ਰਬੰਧ ਕੀਤਾ ਜਾਵੇਗਾ। ਇਸ ਤੋਂ ਇਲਾਵਾ ਬੱਚਿਆਂ ਨੂੰ ਤਕਨੀਕੀ ਸਿੱਖਿਆ ਦੇਣ ਲਈ ISO Regd. ਚੈਰੀਟੇਬਲ ਕੰਪਿਊਟਰ ਇੰਸਟੀਚਿਊਟ ਵੀ ਚੱਲ ਰਿਹਾ ਹੈ।

ਇਸ ਸਮਾਗਮ ਵਿਚ ਦੇਸ਼ਾਂ ਵਿਦੇਸ਼ਾਂ ਤੋਂ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਭਗਵਾਨ ਸ੍ਰੀ ਵਿਸ਼ਵਕਰਮਾ ਜੀ ਦੇ ਚਰਨਾਂ ਵਿੱਚ ਨਕਮਸਤਕ ਹੋਈਆਂ। ਸਭਾ ਦੇ ਪ੍ਰਧਾਨ ਬਲਵੰਤ ਰਾਏ ਧੀਮਾਨ ਅਤੇ ਗੁਰਮੁੱਖ ਸਿੰਘ ਨਾਮਧਾਰੀ ਨੇ ਸਮੂਹ ਸੰਗਤਾਂ ਦਾ ਅਤੇ ਪਹੁੰਚੇ ਹੋਏ ਨੇਤਾਵਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।

