ਫਤਹਿਗੜ੍ਹ ਸਾਹਿਬ : ਇਥੋਂ ਦੀ ਇੱਕ ਫਾਸਟ ਟ੍ਰੈਕ ਅਦਾਲਤ ਨੇ ਨਾਬਾਲਿਗ ਲੜਕੀ ਨਾਲ ਹੋਏ ਬਲਾਤਕਾਰ ਦੇ ਇੱਕ ਕੇਸ ਵਿੱਚ, ਸੁਣਵਾਈ ਦੌਰਾਨ ਪੀੜਿਤ ਲੜਕੀ ਵੱਲੋਂ ਦੋਸ਼ੀਆਂ ਦੀ ਪਹਿਚਾਣ ਕਰਨ ਤੋਂ ਇਨਕਾਰ ਕੀਤੇ ਜਾਣ ਦੇ ਬਾਵਜੂਦ, ਸਰਕਾਰੀ ਵਕੀਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ, ਪੋਸਕੋ ਐਕਟ ਤੋਂ ਇਲਾਵਾ ਮਾਮਲੇ ਨਾਲ ਜੁੜੇ ਹੋਰ ਸਬੂਤਾਂ ਦੇ ਮੱਦੇਨਜਰ ਦੋ ਬੰਦਿਆਂ ਨੂੰ ਵੀਹ ਸਾਲ ਦੀ ਕੈਦ ਅਤੇ ਵੀਹ ਹਜਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਹੁਕਮ ਦਿੱਤਾ ਹੈ ਕਿ ਜੁਰਮਾਨਾ ਅਦਾ ਨਾ ਕਰਨ ਦੀ ਸੂਰਤ ‘ਚ ਦੋਸ਼ੀਆਂ ਨੂੰ ਛੇ ਮਹੀਨੇ ਦੀ ਵਾਧੂ ਕੈਦ ਕੱਟਨੀ ਹੋਵੇਗੀ। ਦੱਸ ਦਈਏ ਕਿ ਫਤਿਹਗੜ੍ਹ ਸਾਹਿਬ ਦੀ ਅਦਾਲਤ ਦੇ ਇਸ ਫੈਸਲੇ ਨੂੰ ਇਸ ਲਈ ਇਤਿਹਾਸਿਕ ਮੰਨਿਆ ਜਾ ਰਿਹਾ ਹੈ, ਕਿਉਂਕਿ ਅਦਾਲਤ ਨੇ ਕੇਸ ਦੀ ਸੁਣਵਾਈ ਸਿਰਫ ਚਾਰ ਮਹੀਨਿਆਂ ‘ਚ ਮੁਕੰਮਲ ਕਰਕੇ ਦੋਸ਼ੀਆਂ ਨੂੰ ਉਨ੍ਹਾਂ ਦੇ ਕੀਤੇ ਦੀ ਸਜ਼ਾ ਦੇ ਦਿੱਤੀ ।
ਜਿਕਰਯੋਗ ਹੈ ਕਿ 18 ਜੁਲਾਈ 2019 ਨੂੰ 17 ਸਾਲ ਦਾ ਇਕ ਲੜਕੀ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨ ਦਰਜ ਕਰਵਾਏ ਸਨ ਕਿ ਉਸਨੂੰ ਘਰੇਲੂ ਖਰਚ ਲਈ ਪੈਸੇ ਦੀ ਜ਼ਰੂਰਤ ਸੀ, ਤੱਦ ਉਸਦੇ ਦੋਸਤ ਰਾਹੁਲ ਕੁਮਾਰ ਨੇ ਉਸਨੂੰ 18 ਜੁਲਾਈ ਨੂੰ ਗੁਰਦੁਆਰਾ ਜੋਤੀ ਸਰੂਪ ਲਾਇਟਾਂ ਵਾਲੇ ਚੌਂਕ ਤੇ ਪੈਸੇ ਦੇਣ ਲਈ ਬੁਲਾਇਆ ।ਜਦੋਂ ਉਹ ਪੈਸੇ ਲੈਣ ਲਈ ਉੱਥੇ ਪਹੁੰਚੀ ਤਾਂ ਉੱਥੇ ਰਾਹੁਲ ਦਾ ਦੋਸਤ ਦੁਪਿੰਦਰ ਸਿੰਘ ਵੀ ਆ ਗਿਆ ਦੋਨੋਂ ਜਣੇ ਉਸਨੂੰ ਇੱਕ ਕੋਠੀ ਵਿੱਚ ਲੈ ਗਏ ਜਿੱਥੇ ਦੋਨਾਂ ਨੇ ਉਸਦੇ ਨਾਲ ਬਲਾਤਕਾਰ ਕੀਤਾ ਅਤੇ ਬਾਅਦ ਵਿੱਚ ਉਸਨੂੰ ਬਸ ਸਟਾਪ ਫਤਿਹਗੜ ਸਾਹਿਬ ਕੋਲ ਛੱਡ ਗਏ ਜਿਥੋਂ ਉਸਨੇ ਪੁਲਿਸ ਨੂੰ ਮਾਮਲੇ ਦੀ ਸੂਚਨਾ ਦਿੱਤੀ। ਜਿਸ ਉਪਰੰਤ ਪੁਲਿਸ ਨੇ ਮਹੁੱਲਾ ਜੱਟਪੁਰਾ ਸਰਹਿੰਦ ਨਿਵਾਸੀ ਰਾਹੁਲ ਕੁਮਾਰ ਅਤੇ ਦੁਪਿੰਦਰ ਸਿੰਘ ਨੂੰ ਇਸ ਕੇਸ ਚ ਗ੍ਰਿਫਤਾਰ ਕਰਕੇ ਫ਼ਤਹਿਗੜ੍ਹ ਸਾਹਿਬ ਦੀ ਐਡੀਸ਼ਨਲ ਸੈਸ਼ਲ ਜਜ ਨਵਜੋਤ ਕੌਰ ਦੀ ਅਦਾਲਤ ਵਿਚ ‘ਚ ਪੇਸ਼ ਕੀਤਾ ਸੀ। ਜਿਥੋਂ ਪੀੜਿਤ ਲੜਕੀ ਨੂੰ ਅਦਾਲਤ ਨੇ ਚਾਰ ਮਹੀਨਿਆਂ ਵਿਚ ਹੀ ਇਨਸਾਫ ਦੇ ਦਿੱਤਾ ਹੈ।