ਚੰਡੀਗੜ੍ਹ ; ਪੰਜਾਬ ਵਿਧਾਨ ਸਭਾ ‘ਚ ਸ਼ੋ੍ਰਮਣੀ ਅਕਾਲੀ ਦਲ ਦੇ ਵਿਧਾਇਕ ਦਲ ਆਗੂ ਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਪਾਰਟੀ ਨੂੰ ਅਲਵਿਦਾ ਕਹਿ ਸਕਦੇ ਨੇ l ਪਰਮਿੰਦਰ ਸਿੰਘ ਢੀਂਡਸਾ ਨੇ ਹੁਣ ਤੱਕ ਇਸ ਮੁੱਦੇ ‘ਤੇ ਚੁੱਪ ਵੱਟੀ ਹੋਈ ਹੈ ਤੇ ਉਹ ਮੀਡੀਆ ਸਾਹਮਣੇ ਨਹੀਂ ਆ ਰਹੇ ਹਨ, ਪਰ ਉਨ੍ਹਾਂ ਦੇ ਪਿਤਾ ਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਵਾਰ-ਵਾਰ ਇਹ ਦਾਅਵਾ ਕਰ ਰਹੇ ਨੇ ਕਿ ਉਨ੍ਹਾਂ ਦੇ ਬੇਟੇ ਪਰਮਿੰਦਰ ਬਾਦਲਾਂ ਦਾ ਸਾਥ ਛੱਡਣ ਵਾਲੇ ਨੇ l ਪਰਮਿੰਦਰ ਸਿੰਘ ਢੀਂਡਸਾ ਦੇ ਅਕਾਲੀ ਦਲ ਦੇ ਸਮਾਗਮਾਂ ਤੋਂ ਦੂਰੀ ਬਣਾਉਣ ਤੋਂ ਵੀ ਇਹੋ ਸੰਕੇਤ ਦੇਂਦੀ ਹੈ ਕਿ ਉਹ ਕਿਸੀ ਵੀ ਸਮੇਂ ਬਗਾਵਤ ਕਰ ਸਕਦੇ ਨੇ l
ਦਸ ਦਈਏ ਕਿ ਪਰਮਿੰਦਰ ਸਿੰਘ ਢੀਂਡਸਾ ਨੇ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਲਈ ਅੰਮ੍ਰਿਤਸਰ ਵਿੱਚ ਹੋਈ ਮੀਟਿੰਗ ਤੇ ਅਕਾਲੀ ਦਲ ਦੇ ਸਥਾਪਨਾ ਦਿਹਾੜੇ ਵਾਲੇ ਸਮਾਗਮ ਤੋਂ ਵੀ ਦੂਰੀ ਬਣਾਕੇ ਰੱਖੀ ਸੀ । ਇਸੇ ਤਰ੍ਹਾਂ ਪਟਿਆਲਾ ਵਿੱਚ ਅਕਾਲੀ ਦਲ ਦੇ ਧਰਨੇ ਵਿੱਚ ਵੀ ਉਹ ਸ਼ਾਮਲ ਨਹੀਂ ਹੋਏ ਸਨ l ਭਾਂਵੇ ਕਿ ਉਹ ਇਸ ਵੇਲੇ ਵਿਦੇਸ਼ ਵਿੱਚ ਨੇ ਪਰ ਇਹ ਸਭ ਦੇਖ ਕੇ ਜਿੰਨੇ ਮੂੰਹ ਉਣਨੀਆਂ ਗੱਲਾਂ ਵਾਲ਼ੀ ਕਹਾਵਤ ਸੱਚ ਹੁੰਦੀ ਪ੍ਰਤੀਤ ਹੁੰਦੀ ਹੈ ਤੇ ਕਿਆਸ ਲਾਏ ਜਾ ਰਹੇ ਨੇ ਕਿ ਪਰਮਿੰਦਰ ਸਿੰਘ ਢੀਂਡਸਾ ਦਾ ਅਕਾਲੀ ਦਲ ਨਾਲ ਮੋਹ ਭੰਗ ਹੋ ਗਿਆ ਹੈ l ਜੇਕਰ ਪਰਮਿੰਦਰ ਸਿੰਘ ਢੀਂਡਸਾ ਅਕਾਲੀ ਦਲ ਨਾਲ ਬਗਾਵਤ ਕਰਦੇ ਨੇ ਤਾਂ ਪਾਰਟੀ ਨੂੰ ਵਿਧਾਨਸਭਾ ਵਿੱਚ ਵਿਧਾਇਕ ਦਲ ਦਾ ਆਗੂ ਬਣਾਉਣ ਦੇ ਨਾਲ ਨਾਲ ਵਿੱਤ ਦੀ ਸਥਿਤੀ ਤੇ ਸਰਕਾਰ ਨੂੰ ਘੇਰਨ ਲਈ ਵੀ ਪਰਮਿੰਦਰ ਦਾ ਬਦਲ ਲੱਭਣਾ ਪਏਗਾ । ਇਸ ਸਮੇਂ ਪਾਰਟੀ ਕੋਲ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਸ਼ਰਨਜੀਤ ਸਿੰਘ ਢਿੱਲੋਂ ਸੀਨੀਅਰ ਆਗੂ ਨੇ l ਬਿਕਰਮ ਸਿੰਘ ਮਜੀਠੀਆ ਵਿਧਾਨਸਭਾ ‘ਚ ਸਰਕਾਰ ਨੂੰ ਅਲੱਗ ਅਲੱਗ ਮੁੱਦਿਆਂ ਤੇ ਘੇਰ ਕੇ ਸਰਕਾਰ ਲਈ ਮੁਸ਼ਕਿਲ ਜ਼ਰੂਰ ਪੈਦਾ ਕਰਦੇ ਨੇ, ਪਰ ਜੇਕਰ ਮਜੀਠੀਆ ਨੂੰ ਵਿਧਾਇਕ ਦਲ ਦਾ ਆਗੂ ਬਣਾ ਦਿੱਤਾ ਜਾਂਦਾ ਹੈ ਤਾਂ ਪਰਿਵਾਰਵਾਦ ਦਾ ਇੱਕ ਹੋਰ ਦੋਸ਼ ਪਾਰਟੀ ਲੀਡਰਸ਼ਿਪ ਤੇ ਲੱਗ ਸਕਦਾ ਹੈ l
ਇੱਥੇ ਇਹ ਵੀ ਦੱਸ ਦਈਏ ਕਿ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਪਿਛਲੇ ਸਾਲ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇਣ ਤੋਂ ਬਾਅਦ ਇਸ ਸਾਲ 19 ਅਕਤੂਬਰ ਨੂੰ ਰਾਜਸਭਾ ਅੰਦਰ ਪਾਰਟੀ ਆਗੂ ਦੇ ਅਹੁਦੇ ਤੋਂ ਵੀ ਤਿਆਗ ਪੱਤਰ ਦੇ ਦਿੱਤਾ ਸੀ l ਅਸਤੀਫਾ ਦੇਣ ਤੋਂ ਬਾਅਦ ਵੱਡੇ ਢੀਂਡਸਾ ਨੇ ਤਾਂ ਅਕਾਲੀ ਦਲ ਦੀਆਂ ਬੈਠਕਾਂ ਅਤੇ ਸਮਾਗਮਾਂ ਤੋਂ ਦੂਰੀ ਬਣਾਈ ਹੋਈ ਹੈ, ਪਰ ਉਨ੍ਹਾਂ ਦਾ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਪੂਰੀ ਤਨਦੇਹੀ ਨਾਲ ਪਰਟੀ ਲਈ ਕੰਮ ਕਰ ਰਿਹਾ ਹੈ l
ਦੂਜੇ ਪਾਸੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਵੀ ਕਹਿਣਾ ਹੈ ਕਿ ਕਿਸੇ ਆਗੂ ਦੇ ਜਾਣ ਨਾਲ ਪਾਰਟੀ ਨੂੰ ਕੋਈ ਫ਼ਰਕ ਨਹੀਂ ਪੈਂਦਾ l ਪਰ ਆਮ ਰਾਏ ਮੁਤਾਬਿਕ ਸੁਖਦੇਵ ਸਿੰਘ ਢੀਂਡਸਾ ਦੀ ਬਗਾਵਤ ਨਾਲ ਪਾਰਟੀ ਧਰਮ ਸੰਕਟ ਵਿੱਚ ਜ਼ਰੂਰ ਫਸ ਗਈ ਹੈ l ਇਸ ਤੋਂ ਪਹਿਲਾਂ ਮਾਝਾ ਦੇ ਅਕਾਲੀ ਜਰਨੈਲ ਰਣਜੀਤ ਸਿੰਘ ਬ੍ਰਹਮਪੁਰਾ,ਡਾ਼ ਰਤਨ ਸਿੰਘ ਅਜਨਾਲਾ ਅਤੇ ਸੇਵਾ ਸਿੰਘ ਸੇਖਵਾਂ ਪਾਰਟੀ ਤੋਂ ਬਗਾਵਤ ਕਰ ਅਕਾਲੀ ਦਲ ਟਕਸਾਲੀ ਬਣ ਗਏ ਹਨ l ਇਸ ਤਰ੍ਹਾਂ ਸਾਬਕਾ ਸਪੀਕਰ ਰਵੀਇੰਦਰ ਸਿੰਘ ਨੇ ਵੀ ਅਕਾਲੀ ਦਲ ਟਕਸਾਲੀ ਦੇ ਆਗੂਆਂ ਨਾਲ ਸੰਪਰਕ ਬਣਾ ਲਿਆ ਹੈ l ਕੁੱਲ ਮਿਲਾਕੇ ਅਕਾਲੀ ਦਲ ਦੇ ਇਨ੍ਹਾਂ ਵੱਡੇ ਆਗੂਆਂ ਦਾ ਇੱਕਜੁੱਟ ਹੋਣਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਲਈ ਵੱਡਾ ਸੰਕਟ ਪੈਦਾ ਕਰ ਸਕਦਾ ਹੈ l
