ਜਲੰਧਰ : ਚੋਰੀ ਦੀ ਵਾਰਦਾਤਾਂ ਤਾਂ ਬਹੁਤ ਸੁਣੀਆਂ ਹੋਣਗੀਆਂ ਪਰ ਚੋਰੀ ਦੇ ਨਾਲ ਜੇਕਰ ਘਰ ਵਿੱਚ ਰੱਖੀ ਸ਼ਰਾਬ ਵੀ ਜਾਵੇ, ਅਜਿਹਾ ਮਾਮਲਾ ਘੱਟ ਹੀ ਦੇਖਣ ਅਤੇ ਸੁਣਨ ਨੂੰ ਮਿਲਦਾ ਹੈ l ਇਸ ਤਰ੍ਹਾਂ ਦਾ ਹੀ ਇੱਕ ਮਾਮਲਾ ਜਲੰਧਰ ਵਿੱਚ ਸਾਹਮਣੇ ਆਇਆ ਹੈ l ਇੱਥੇ ਚੋਰ ਜੀਟੀਬੀ ਨਗਰ ਵਿੱਚ ਰਹਿਣ ਵਾਲੇ ਕਸਟਮ ਐਂਡ ਐਕਸਾਈਜ਼ ਡਿਪਾਰਟਮੈਂਟ ਦੇ ਰਿਟਾਇਰਡ ਅਸਿਸਟੈਂਟ ਦੇ ਘਰ ਵਿੱਚ ਜਾ ਵੜੇ l ਚੋਰੀ ਦੇ ਦੌਰਾਨ ਉਨ੍ਹਾਂ ਨੂੰ ਘਰ ਵਿੱਚ ਮਹਿੰਗੀ ਸ਼ਰਾਬ ਮਿਲੀ, ਜਿਸ ਨੂੰ ਉਹ ਪੀ ਗਏ ਅਤੇ ਨਾਲ ਹੀ ਗਹਿਣੇ ਅਤੇ ਕੈਸ਼ ਵੀ ਚੋਰੀ ਕਰਕੇ ਲੈ ਗਏ l ਚੋਰਾਂ ਨੇ ਜਿਸ ਸਮੇਂ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ, ਉਸ ਸਮੇਂ ਰਿਟਾਇਰਡ ਅਸਿਸਟੈਂਟ ਕਮਿਸ਼ਨਰ ਐਸ ਕੇ ਸਚਦੇਵਾ ਅਤੇ ਉਨ੍ਹਾਂ ਦੇ ਪਰਿਵਾਰ ਦੇ ਲੋਕ ਜੈਪੁਰ ਕਿਸੇ ਰਿਸ਼ਤੇਦਾਰ ਦੇ ਘਰ ਵਿਆਹ ਵਿੱਚ ਗਏ ਹੋਏ ਸਨ l ਸ਼ਲੀਵਾਰ ਸਵੇਰੇ ਜਦੋਂ ਗੁਆਂਢੀਆਂ ਨੇ ਘਰ ਦੇ ਤਾਲੇ ਟੁੱਟੇ ਹੋਏ ਦੇਖੇ ਤਾਂ ਪਰਿਵਾਰ ਨੂੰ ਫੋਨ ਕਰਕੇ ਇਸ ਵਾਰਦਾਤ ਦੀ ਸੂਚਨਾ ਦਿੱਤੀ l ਸੂਚਨਾ ਮਿਲਣ ‘ਤੇ ਐਸਕੇ ਸਚਦੇਵਾ ਨੇ ਪੁਲਿਸ ਨਾਲ ਸੰਪਰਕ ਕੀਤਾ l ਮੌਕੇ ‘ਤੇ ਪਹੁੰਚ ਕੇ ਪੁਲਿਸ ਨੇ ਜਦੋਂ ਜਾਂਚ ਪੜਤਾਲ ਕੀਤੀ ਤਾਂ ਘਰ ਦੇ ਅੰਦਰ ਸਾਰਾ ਸਮਾਨ ਖਿਲਰਿਆ ਪਿਆ ਸੀ l ਜਿਸ ਅਲਮਾਰੀ ਵਿੱਚ ਗਹਿਣੇ ਅਤੇ ਕੈਸ਼ ਰੱਖਿਆ ਹੋਇਆ ਸੀ, ਉਸਦਾ ਲਾਕਰ ਵੀ ਤੋੜਿਆ ਹੋਇਆ ਸੀ l ਗਹਿਣੇ ਅਤੇ ਕੈਸ਼ ਚੋਰ ਆਪਣੇ ਨਾਲ ਲੈ ਗਏ l ਚੋਰ ਘਰ ਦੀ ਦੀਵਾਰ ਟੱਪ ਕੇ ਅੰਦਰ ਵੜੇ ਸਨ l ਚੋਰਾਂ ਘਰ ਵਿੱਚੋਂ ਕੈਸ਼ ਅਤੇ ਜਵੈਲਰੀ ਦੀ ਤਲਾਸ਼ ਕਰ ਰਹੇ ਸਨ ਤਾਂ ਉਨ੍ਹਾਂ ਦੀ ਨਜ਼ਰ ਅਲਮਾਰੀ ਵਿੱਚ ਰੱਖੀ ਮਹਿੰਗੀ ਸ਼ਰਾਬ ‘ਤੇ ਪਈ l ਚੋਰਾਂ ਨੇ ਘਰ ਦੇ ਅੰਦਰ ਪਹਿਲਾਂ ਮਹਿੰਗੀ ਸ਼ਰਾਬ ਪੀਤੀ ਅਤੇ ਉਸ ਤੋਂ ਬਾਅਦ ਸਾਰਾ ਸਮਾਨ ਲੈ ਕੇ ਉੱਥੋਂ ਫ਼ਰਾਰ ਹੋ ਗਏ l ਘਰ ਵਿੱਚ ਸੀਸੀਟੀਵੀ ਕੈਮਰਾ ਵੀ ਨਹੀਂ ਲੱਗਿਆ ਹੋਇਆ, ਜਿਸ ਕਾਰਨ ਪੁਲਿਸ ਨੂੰ ਮੁਲਜ਼ਮਾਂ ਦੀ ਪਛਾਣ ਕਰਨ ਵਿੱਚ ਪਰੇਸ਼ਾਨੀ ਹੋ ਰਹੀ ਹੈ l ਜੀਟੀਬੀ ਨਗਰ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਸਾਹਿਲ ਭਾਟੀਆ ਨੇ ਪੁਲਿਸ ਨੂੰ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ l ਘਰ ਦੇ ਅੰਦਰ ਖਿਲਰੇ ਸਮਾਨ ਦੇ ਕੋਲ ਸ਼ਰਾਬ ਦੀ ਬੋਤਲ ਅਤੇ ਗਿਲਾਸ ‘ਤੇ ਖਾਣ ਪੀਣ ਦਾ ਸਮਾਨ ਵੀ ਪਿਆ ਹੋਇਆ ਸੀ l ਮੌਕੇ ‘ਤੇ ਫਿੰਗਰਪ੍ਰਿੰਟ ਐਕਸਪਰਟ ਟੀਮ ਪਹੁੰਚੀ ਅਤੇ ਫਿੰਗਰ ਪ੍ਰਿੰਟ ਲੈ ਗਈ l ਥਾਣਾ ਡਿਵੀਜ਼ਨ ਨੰਬਰ ਛੇ ਦੀ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ l
