ਲਹਿਰਾਗਾਗਾ : ਗੋਦਾਮ ਵਿੱਚ ਚੋਰੀ ਦੀ ਨੀਅਤ ਨਾਲ ਵੜੇ 5-6 ਲੁਟੇਰਿਆਂ ਨੇ 2 ਚੌਕੀਦਾਰਾਂ ਨੂੰ ਬੰਧਕ ਬਣਾ ਕੇ ਮੰਜੇ ਨਾਲ ਬੰਨ ਦਿੱਤਾ l ਤੀਸਰੇ ਚੌਕੀਦਾਰ ਨੂੰ ਜਦ ਘਟਨਾ ਦਾ ਪਤਾ ਲੱਗਿਆ ਤਾਂ ਉਹ ਲੁਟੇਰਿਆਂ ਨਾਲ ਉਲਝ ਗਿਆ l ਜਿਸ ਤੋਂ ਬਾਅਦ ਲੁਟੇਰਿਆਂ ਨੇ ਉਸ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਫਰਾਰ ਹੋ ਗਏ l ਇਸ ਦੌਰਾਨ ਲੁਟੇਰੇ ਸਿਰਫ ਗੋਦਾਮ ਦੇ ਦਫਤਰ ਵਿੱਚ ਪਿਆ ਲੈਪਟਾਪ ਲਿਜਾਣ ਵਿੱਚ ਸਫਲ ਹੋ ਗਏ l ਹਾਲਾਂਕਿ ਲੁਟੇਰੇ ਚਾਵਲ ਦੇ ਥੈਲੇ ਲੈ ਜਾਣ ਦੇ ਲਈ ਨਾਲ ਟਰੈਕਟਰ ਟਰਾਲੀ ਵੀ ਲਿਆਏ ਸਨ l ਪਰ ਸ਼ੋਰ ਪਾਉਣ ਦੇ ਡਰ ਤੋਂ ਫਰਾਰ ਹੋ ਗਏ l ਪਿੰਡ ਸੰਗਤਪੁਰਾ ਨਿਵਾਸੀ ਹਰਦੇਵ ਸਿੰਘ ਨੇ ਦੱਸਿਆ ਕਿ ਉਹ ਸੰਗਤਪੁਰਾ ਖੋਖਰ ਰੋਡ ‘ਤੇ ਸਥਿਤ ਗੋਦਾਮ ਵਿੱਚ ਚੌਕੀਦਾਰੀ ਦਾ ਕੰਮ ਕਰਦਾ ਹੈ l ਵੀਰਵਾਰ ਅਤੇ ਸ਼ੁੱਕਰਵਾਰ ਦੀ ਰਾਤ ਨੂੰ ਗੋਦਾਮ ਦੇ ਗੇਟ ‘ਤੇ ਡਿਊਟੀ ਦੇ ਰਿਹਾ ਸੀ l ਇਸ ਦੌਰਾਨ ਜਦ ਗੋਦਾਮ ਦੇ ਪਿਛਲੇ ਪਾਸੇ ਚੱਕਰ ਲਾਉਣ ਗਿਆ ਤਾਂ ਉੱਥੇ ਉਸਦੇ ਨਾਲ ਡਿਊਟੀ ਕਰਦੇ ਰਣ ਸਿੰਘ ਅਤੇ ਹਰਜੀਤ ਸਿੰਘ ਨੂੰ 5-6 ਅਣਪਛਾਤੇ ਬੰਦਿਆਂ ਨੇ ਰੱਸੀਆਂ ਨਾਲ ਮੰਜੇ ‘ਤੇ ਬੰਨ ਰੱਖਿਆ ਸੀ l ਜਦ ਉਸ ਨੇ ਦੋਨੋਂ ਸਾਥੀਆਂ ਨੂੰ ਛੁਡਵਾਉਣ ਦੀ ਕੋਸ਼ਿਸ਼ ਕੀਤੀ ਤਾਂ ਲੁਟੇਰਿਆਂ ਨੇ ਉਸ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਉਸ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ l
