ਫਗਵਾੜਾ : ਫਗਵਾੜਾ ਦੇ ਪਿੰਡ ਪਾਂਛਟਾ ਵਿੱਚ ਬੱਸ ਸਟੈਂਡ ਦੇ ਕੋਲ ਸਥਿਤ ਇੱਕ ਜਵੈਲਰ ਦੀ ਦੁਕਾਨ ‘ਤੇ ਆਏ ਕਾਰ ਸਵਾਰ ਲੁਟੇਰਿਆਂ ਨੇ ਦੁਕਾਨ ਮਾਲਿਕ ਤੋਂ ਸੋਨੇ ਦੇ ਗਹਿਣਿਆਂ ਨਾਲ ਭਰਿਆ ਬੈਗ ਖੋਹ ਲਿਆ ਅਤੇ ਵਿਰੋਧ ਕਰਨ ‘ਤੇ ਮਾਲਿਕ ਅਤੇ ਉਸ ਦੇ ਕਰਮਚਾਰੀ ਨੂੰ ਗੋਲੀ ਮਾਰ ਕੇ ਫਰਾਰ ਹੋ ਗਏ l ਸੂਚਨਾ ਮਿਲਣ ‘ਤੇ ਐਸਐਸਪੀ ਕਪੂਰਥਲਾ ਸਤਿੰਦਰ ਸਿੰਘ ਨੇ ਮੌਕੇ ਦਾ ਦੌਰਾ ਕੀਤਾ l ਇਸ ਤੋਂ ਪਹਿਲਾਂ ਐਸਪੀ ਫਗਵਾੜਾ ਮਨਵਿੰਦਰ ਸਿੰਘ, ਡੀਐਸਪੀ ਸੁਰਿੰਦਰ ਚੰਦ ਨੇ ਭਾਰੀ ਪੁਲਿਸ ਫੋਰਸ ਦੇ ਨਾਲ ਦੌਰਾ ਕੀਤਾ l ਐਸਪੀ ਮਨਿੰਦਰ ਸਿੰਘ ਨੇ ਕਿਹਾ ਕਿ ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ l
ਜ਼ਖ਼ਮੀਆਂ ਨੂੰ ਪਹਿਲਾਂ ਫਗਵਾੜਾ ਦੇ ਨਿੱਜੀ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ, ਜਿੱਥੇ ੳਨ੍ਹਾਂ ਦੀ ਹਸਲਤ ਦੇਖਦੇ ਹੋਏ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਹੈ l ਮਿਲੀ ਜਾਣਕਾਰੀ ਦੇ ਅਨੁਸਾਰ ਫਗਵਾੜਾ ਦੇ ਭਾਜਪਾ ਨੇਤਾ ਮਧੂਭੁਸ਼ਣ ਕਾਲੀਆ ਦੇ ਕਰੀਬੀ ਰਿਸ਼ਤੇਦਾਰ ਦੀਪਕ ਕਾਲੀਆ ਦੀ ਪਾਂਛਟਾ ਵਿੱਚ ਕਾਲੀਆ ਜਵੈਲਰਸ ਦੇ ਨਾਮ ‘ਤੇ ਦੁਕਾਨ ਹੈ l ਜਿੱਥੇ ਉਹ ਮਨੀਚੇਂਜਰ ਦਾ ਕੰਮ ਕਰਦਾ ਹੈ l ਵੀਰਵਾਰ ਨੂੰ ਦੁਪਹਿਰ ਨੂੰ ਜਦੋਂ ਉਹ ਦੁਕਾਨ ਵਿੱਚ ਸੀ ਅਤੇ ਉਸ ਦੇ ਨਾਲ ਉਸ ਦੇ ਕੋਲ ਕੰਮ ਕਰਨ ਵਾਲਾ ਸੁਖਪਾਲ ਵਾਸੀ ਨੰਗਲ ਠੰਡਲ ਵੀ ਸੀ l ਇੰਨੇ ਵਿੱਚ ਕਾਰ ਵਿੱਚ ਸਵਾਰ ਹੋ ਕੇ ਕੁਝ ਨੋਜਵਾਨ ਦੁਕਾਨ ‘ਤੇ ਪਹੁੰਚੇ l
ਇੱਕ ਨੌਜਵਾਨ ਕਾਰ ਵਿੱਚ ਬੈਠਾ ਰਿਹਾ ਅਤੇ ਤਿੰਨ ਦੁਕਾਨ ਦੇ ਅੰਦਰ ਆ ਗਏ l ਉਨ੍ਹਾਂ ਨੇ ਦੀਪਕ ਕਾਲੀਆ ਤੋਂ ਨਕਦੀ ਅਤੇ ਸੋਨੇ ਦੇ ਗਹਿਣਿਆਂ ਵਾਲਾ ਬੈਗ ਪਿਸਤੌਲ ਦੇ ਦਮ ‘ਤੇ ਖੋਹ ਲਿਆ l ਜਦ ਕਾਲੀਆ ਨੇ ਵਿਰੋਧ ਕੀਤਾ ਤਾਂ ਉਨ੍ਹਾਂ ਨੇ ਗੋਲੀ ਚਲਾ ਦਿੱਤੀ, ਜੋ ਉਨ੍ਹਾਂ ਦੀ ਛਾਤੀ ਵਿੱਚ ਜਾ ਲੱਗੀ ਅਤੇ ਉਹ ਗਿਰ ਗਿਆ l ਇਸ ਤੋਂ ਬਾਅਦ ਬਦਮਾਸ਼ ਦੁਕਾਨ ਦੇ ਕੰਮ ਕਰਦੇ ਮੁੰਡੇ ਦੀ ਲੱਤ ‘ਚ ਗੋਲੀ ਮਾਰ ਕੇ ਫਰਾਰ ਹੋ ਗਏ l ਜ਼ਖ਼ਮੀਆਂ ਨੂੰ ਤੁਰੰਤ ਫਗਵਾੜਾ ਦੇ ਨਿੱਜੀ ਹਸਪਤਾਲ ਵਿੱਚ ਲੈ ਕੇ ਜਾਇਆ ਗਿਆ l
ਉੱਥੌਂ ਉਨ੍ਹਾਂ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਗਿਆ l ਦੀਪਕ ਕਾਲੀਆ ਦੀ ਹਾਲਤ ਗੰਭੀਰ ਹੈ l ਲੁਟੇਰੇ ਕਾਰ ਵਿੱਚ ਫਰਾਰ ਹੋਣ ਵਿੱਚ ਸਫਲ ਹੋ ਗਏ l ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ l ਪੁਲਿਸ ਅਧਿਕਾਰੀ ਸੀਸੀਟੀਵੀ ਫੁਟੇਜ਼ ਦੀ ਜਾਂਚ ਪੜਤਾਲ ਕਰ ਰਹੇ ਹਨ l ਦੋਨਾਂ ਦੇ ਜ਼ਖ਼ਮੀ ਹੋਣ ਦੇ ਕਾਰਨ ਹੁਣ ਤੱਕ ਲੁੱਟ ਦੀ ਰਕਮ ਦਾ ਖੁਲਾਸਾ ਨਹੀਂ ਹੋਇਆ ਹੈ, ਪੁਲਿਸ ਨੇ ਜਾਂਚ ਸ਼ੁਰੁ ਕਰ ਦਿੱਤੀ ਹੈ l ਮਾਮਲੇ ਵਿੱਚ ਹੁਣ ਤੱਕ ਕੋਈ ਸੁਰਾਗ ਨਹੀਂ ਮਿਲਿਆ ਹੈ l
