ਚੰਡੀਗੜ : ਕਿਸੇ ਵੇਲੇ ਕਾਂਗਰਸ ਪਾਰਟੀ ‘ਚ ਸਭ ਤੋਂ ਵੱਡੇ ਦਬੰਗ ਮੁੱਖ ਮੰਤਰੀ ਵੱਜੋਂ ਚਰਚਿਤ ਕੈਪਟਨ ਅਮਰਿੰਦਰ ਸਿੰਘ ਨੂੰ ਅੱਜ ਉਨ੍ਹਾਂ ਦੇ ਆਪਣਿਆਂ ਵੱਲੋਂ ਹੀ ਇੰਨਾ ਵਿਰੋਧ ਝੱਲਣਾ ਪੈ ਰਿਹੈ ਕਿ ਕੈਪਟਨ ਜੇਕਰ ਇੱਕ ਨੂੰ ਸ਼ਾਂਤ ਕਰਦੇ ਨੇ ਤਾਂ ਦੂਜਾ ਵਿਰੋਧ ਕਰ ਦਿੰਦਾ ‘ਤੇ ਜੇਕਰ ਦੂਜੇ ਨੂੰ ਸ਼ਾਂਤ ਕਰਦੇ ਨੇ ਤਾਂ ਪਹਿਲਾਂ ਵਾਲਾ ਵਿਰੋਧੀ ਸੁਰ ਅਪਣਾ ਲੈਂਦੈ l ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਕੈਪਟਨ ਅਮਰਿੰਦਰ ਸਿੰਘ ਦੇ ਉਨ੍ਹਾਂ 5 ਸਲਾਹਕਾਰ ਵਿਧਾਇਕਾਂ ਦਾ ਜਿਨ੍ਹਾਂ ਨੇ ਰਾਜਾ ਵੜਿੰਗ ਤੋਂ ਬਾਅਦ ਹੁਣ ਆਪਣੇ ਅਸਤੀਫੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਭੇਜ ਦਿੱਤੇ ਨੇ l ਇਨ੍ਹਾਂ ਪੰਜ ਵਿਧਾਇਕਾਂ ਵਿੱਚ ਸੰਗਤ ਸਿੰਘ ਗਿਲਜੀਆਂ, ਕੁਲਦੀਪ ਸਿੰਘ ਨਾਗਰਾ, ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ, ਇੰਦਰਬੀਰ ਸਿੰਘ ਬੁਲਾਰੀਆ ‘ਤੇ ਤਰਸੇਮ ਡੀਸੀ ਦੇ ਨਾਮ ਸ਼ਾਮਿਲ ਹਨ l ਦੱਸ ਦਈਏ ਕਿ ਇਹ ਪੰਜ ਵਿਧਾਇਕ ਉਹ ਨੇ ਜਿਨ੍ਹਾਂ ਨੂੰ ਕੈਪਟਨ ਨੇ ਕੁਝ ਮਹੀਨੇ ਪਹਿਲਾਂ ਆਪਣੇ ਸਲਾਹਕਾਰ ਨਿਯੁਕਤ ਕੀਤਾ ਸੀ ‘ਤੇ ਇਨ੍ਹਾਂ ਵਿੱਚ ਛੇਵਾਂ ਨਾਮ ਰਾਜਾ ਵੜਿੰਗ ਦਾ ਸ਼ਾਮਿਲ ਹੈ l ਇਨ੍ਹਾਂ ਸਾਰੇ ਵਿਧਾਇਕਾਂ ਨੂੰ ਕੈਬਨਿਟ ਮੰਤਰੀ ਦਾ ਰੈਂਕ ਦਿੱਤਾ ਗਿਆ ਸੀ ਜਿਨ੍ਹਾਂ ਵਿੱਚੋਂ ਰਾਜਾ ਵੜਿੰਗ, ਸੰਗਤ ਸਿੰਘ ਗਿਲਜੀਆਂ, ਕੁਸ਼ਲਦੀਪ ਸਿੰਘ ਢਿੱਲੋਂ ‘ਤੇ ਇੰਦਰਬੀਰ ਸਿੰਘ ਬੁਲਾਰੀਆ ਨੂੰ ਮੁੱਖਮੰਤਰੀ ਦਾ ਸਿਆਸੀ ਸਲਾਹਕਾਰ ‘ਤੇ ਕੁਲਬੀਰ ਸਿੰਘ ਨਾਗਰਾ ਤੋਂ ਇਲਾਵਾ ਤਰਸੇਮ ਡੀਸੀ ਨੂੰ ਸਲਾਹਕਾਰ ਯੋਜਨਾ ਲਾਇਆ ਗਿਆ ਸੀ l
ਦੱਸ ਦਈਏ ਕਿ ਪੰਜਾਬ ਦੇ ਰਾਜਪਾਲ ਵੀਡੀ ਸਿੰਘ ਬਦਨੌਰ ਨੇ ਲੰਘੇ ਦਿਨੀਂ ਆਫਿਸ ਆਫ ਪ੍ਰੋਫਿਟ ਬਿੱਲ 2019 ‘ਚ ਇਤਰਾਜ਼ ਲਾ ਕੇ ਫਾਈਲ ਐਡਵੋਕੇਟ ਜਨਰਲ ਅਤੁਲ ਨੰਦਾ ਦੇ ਦਫਤਰ ਉਸ ਵੇਲੇ ਵਾਪਸ ਮੋੜ ਦਿੱਤੀ ਸੀ l ਜਦੋਂ ਇਹ ਫਾਈਲ ਰਾਜਪਾਲ ਦੇ ਦਫਤਰ ਮੋਹਰ ਲੱਗਣ ਲਈ ਗਈ ਸੀ l ਪਤਾ ਲੱਗਿਆ ਹੈ ਕਿ ਰਾਜਪਾਲ ਨੇ ਇਸ ਫਾਈਲ ‘ਤੇ ਇਤਰਾਜ ਲਾਉਂਦਿਆਂ ਹੋਇਆਂ ਕਈ ਤਰ੍ਹਾਂ ਦੇ ਸਵਾਲ ਚੁੱਕੇ ਸਨ, ਜਿਨ੍ਹਾਂ ਦਾ ਉਹ ਸਪੱਸ਼ਟੀਕਰਨ ਚਾਹੁੰਦੇ ਸਨ ‘ਤੇ ਇਨ੍ਹਾਂ ਇਤਰਾਜ਼ਾਂ ਦਾ ਜਵਾਬ ਤਿਆਰ ਕਰਨ ਉਪਰੰਤ ਫਾਈਲ ਅਟਾਰਨੀ ਜਨਰਲ ਦੇ ਦਫਤਰ ਪਹੁੰਚਦੀ ਕਰ ਦਿੱਤੀ ਗਈ ਹੈ l ਜਿਸ ‘ਤੇ ਕੈਪਟਨ ਅਮਰਿੰਦਰ ਸਿੰਘ ਨਾਲ ਅਤੁਲ ਨੰਦਾ ਦੀ ਚਰਚਾ ਵੀ ਹੋ ਗਈ ਐ ‘ਤੇ ਇਹ ਫਾਈਲ ਵਾਪਸ ਵੀ ਮੋੜ ਦਿੱਤੀ ਗਈ ਸੀ ਪਰ ਇਸ ਦੇ ਬਾਵਜੂਦ 5 ਵਿਧਾਇਕਾਂ ਨੇ ਮੁੱਖਮੰਤਰੀ ਨੂੰ ਮਿਲ ਕੇ ਆਪਣੇ ਸਲਾਹਕਾਰਾਂ ਵਾਲੇ ਅਸਤੀਫੇ ਉਨ੍ਹਾਂ ਦੇ ਹਵਾਲੇ ਕਰ ਦਿੱਤੇ ਨੇ, ਜਿਸ ਬਾਰੇ ਪਤਾ ਲੱਗਿਆ ਹੈ ਕਿ ਮੁੱਖਮੰਤਰੀ ਨੇ ਉਨ੍ਹਾਂ ਦੇ ਅਸਤੀਫੇ ਕਬੂਲ ਨਹੀਂ ਕੀਤੇ ‘ਤੇ ਉਨ੍ਹਾਂ ਨੂੰ ਕੁਝ ਇੰਤਜ਼ਾਰ ਕਰਨ ਲਈ ਕਿਹਾ l ਹੁਣ ਵੇਖਣਾ ਇਹ ਹੋਵੇਗਾ ਕਿ ਇਹ ਵਿਧਾਇਕ ਮੁੱਖਮੰਤਰੀ ਦਾ ਕਿਹਾ ਮੰਨ ਕੇ ਇੰਤਜ਼ਾਰ ਕਰਨਗੇ ਜਾਂ ਰਾਜਾ ਵੜਿੰਗ ਵਾਂਗ ਇੱਕ ਵਾਰੀ ਅਸਤੀਫਾ ਦੇ ਦਿੱਤਾ ਤਾਂ ਦੇ ਦਿੱਤਾ ਵਾਲੀ ਰਣਨੀਤੀ ਅਪਣਾਉਣਗੇ l
