ਫਰੀਦਕੋਟ : ਜ਼ਿਲ੍ਹਾ ਫਰੀਦਕੋਟ ਪੁਲਿਸ ਨੇ ਇੱਕ ਅਜਿਹੀ ਮਾਂ ਦੇ ਕਾਲਜੇ ਠੰਢ ਪਾਈ ਹੈ, ਜਿਸ ਦਾ 5 ਮਹੀਨੇ ਦਾ ਬੱਚਾ ਚੋਰੀ ਹੋਣ ਤੋਂ ਬਾਅਦ ਉਹ ਥਾਂ ਥਾਂ ਮਾਰੀ ਮਾਰੀ ਫਿਰ ਰਹੀ ਸੀ l ਪੁਲਿਸ ਨੇ ਇਸ ਮਾਮਲੇ ਨੂੰ ਹੱਲ ਕਰਨ ਲਈ ਇੰਨੀ ਤੇਜ਼ੀ ਵਿਖਾਈ ਕਿ 2 ਡੀਐਸਪੀ, 2 ਸੀਆਈਏ ਥਾਣੇ ਤੇ ਵੱਡੀ ਤਾਦਾਦ ਵਿੱਚ ਹੋਰ ਪੁਲਿਸ ਵਾਲਿਆਂ ਦੀਆਂ ਵੱਖ ਟੀਮਾਂ ਬਣਾ ਕੇ ਇੱਕੋ ਸਮੇਂ ਤੇ ਕਾਰਵਾਈ ਕਰਨ ਤੇ ਬੱਚਾ ਚੋਰ 5 ਘੰਟਿਆਂ ਦੇ ਅੰਦਰ ਹੀ ਫੜੇ ਗਏ, ਜਿਨ੍ਹਾਂ ਕੋਲੋਂ ਬੱਚਾ ਸਹੀ ਸਲਾਮਤ ਬਰਾਮਦ ਕਰਕੇ ਪੁਲਿਸ ਨੇ ਮਾਂ ਦੀ ਝੋਲੀ ਵਿੱਚ ਪਾ ਦਿੱਤਾ l
ਏਸ ਸੰਬੰਧ ਵਿੱਚ ਜ਼ਿਲ੍ਹਾ ਫਰੀਦਕੋਟ ਦੇ ਐਸਐਸਪੀ ਮਨਜੀਤ ਸਿੰਘ ਢੇਸੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਥਾਣਾ ਸਦਰ ਕੋਟਕਪੁਰਾ ਅਧੀਨ ਪੈਂਦੇ ਪਿੰਡ ਫਿੱਡੇ ਵਾਸੀ ਅਮਨਦੀਪ ਸਿੰਘ ਦੀ ਪਤਨੀ ਮਨਪ੍ਰੀਤ ਕੌਰ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸਦਾ 5 ਮਹੀਨੇ ਦਾ ਬੱਚਾ ਵਾਰਿਸਦੇਵ ਸਿੰਘ ਕੋਈ ਚੋਰੀ ਕਰਕੇ ਲੈ ਗਿਆ ਹੈ l ਹੁਣ ਕਿਉਂਕਿ ਬੱਚੇ ਦੀ ਉਮਰ 5 ਮਹੀਨੇ ਦੀ ਸੀ ਲਿਹਾਜ਼ਾ ਉਸ ਦੇ ਆਪਣੇ ਆਪ ਤੁਰ ਫਿਰ ਕੇ ਕਿਤੇ ਇੱਧਰ ਉੱਧਰ ਜਾਣ ਦੀ ਸੰਭਾਵਨਾ ਨਾ ਹੋਣ ਕਾਰਨ ਪੁਲਿਸ ਨੇ ਇਹ ਬੱਚਾ ਚੋਰੀ ਹੋ ਜਾਣ ਦੀ ਚੋਰੀ ਦੇ ਨਜ਼ਰੀਏ ਨਾਲ ਜਾਂਚ ਸ਼ੁਰੂ ਕੀਤੀ ਤੇ ਜਾਂਚ ਵਿੱਚ ਇਹ ਸਾਹਮਣੇ ਆਇਆ ਕਿ ਮਨਜੀਤ ਕੌਰ ਦੀ ਗੁਆਂਢਣ ਕੁੜੀ ਮਾਹਨੀ ਕੌਰ ਤੇ ਮੋਗਾ ਦੀ ਰਹਿਣ ਵਾਲੀ ਇੱਕ ਸਹੇਲੀ ਵੀਰਵਾਰ ਦੀ ਰਾਤ ਮਨਪ੍ਰੀਤ ਕੌਰ ਦੇ ਘਰ ਰੁਕੀਆਂ ਸਨ ਪਰ ਅਗਲੇ ਦਿਨ ਦੀ ਸਵੇਰ ਤੋਂ ਹੀ ਦੋਵੇਂ ਸਹੇਲੀਆਂ ਲਾਪਤਾ ਸਨ ਲਿਹਾਜ਼ਾ ਪੁਲਿਸ ਦੀ ਸ਼ੱਕ ਵਾਲੀ ਸੂਈ ਨੇ ਸਭ ਤੋਂ ਪਹਿਲਾਂ ਇਨ੍ਹਾਂ ਦੋਹਾਂ ਸਹੇਲੀਆਂ ਵੱਲ ਇਸ਼ਾਰਾ ਕੀਤਾ.ਮਾਮਲਾ ਦਰਜ ਕਰਦਿਆਂ ਹੀ ਫਰੀਦਕੋਟ ਦੇ ਐਸਪੀ ਸੇਵਾ ਸਿੰਘ ਮੱਲੀ ਨੇ ਡੀਐਸਪੀ ਜਸਤਿੰਦਰ ਸਿੰਘ ਤੇ ਕੋਟਕਪੁਰਾ ਦੇ ਡੀਐਸਪੀ ਬਲਕਾਰ ਸਿੰਘ ਦੀ ਅਗਵਾਈ ਵਾਲੀਆਂ 2 ਟੀਮਾਂ ਤਿਆਰ ਕੀਤੀਆਂ l ਜਿਨ੍ਹਾਂ ਨੇ ਅੱਗੋਂ ਸੀਆਈਏ ਫਰੀਦਕੋਟ ਤੇ ਸੀਆਈਏ ਜੈਤੋਂ ਦੀ ਮਦਦ ਨਾਲ ਮਾਹਨੀ ਕੌਰ ਪਤਨੀ ਚਮਕੌਰ ਸਿੰਘ ਵਾਸੀ ਖੋਸਾ ਜੋ ਕਿ ਫਿਲਹਾਲ ਬਹੂਨਾ ਚੌਂਕ ਮੋਗਾ ਦੀ ਰਹਿਣ ਵਾਲੀ ਹੈ, ਉਸ ਨੂੰ ਗ੍ਰਿਫਤਾਰ ਕਰਕੇ ਮਨਪ੍ਰੀਤ ਦੇ ਬੱਚੇ ਨੂੰ ਬਰਾਮਦ ਕਰ ਲਿਆ ਹੈ l ਪੁਲਿਸ ਨੇ ਇਸ ਵਾਰਦਾਤ ਲਈ ਵਰਤੀ ਗਈ ਉਸ ਐਕਟਿਵਾ ਮੋਪੇਡ ਨੂੰ ਵੀ ਬਰਾਮਦ ਕੀਤਾ ਹੈ ਜਿਸ ਤੇ ਸਵਾਰ ਹੋ ਕੇ ਉਨ੍ਹਾਂ ਨੇ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ ਸੀ l ਮੁਲਜ਼ਮ ਦੀ ਗ੍ਰਿਫਤਾਰੀ ਤੋਂ ਬਾਅਦ ਇਹ ਖੁਲਾਸਾ ਹੋਇਆ ਕਿ ਉਹ ਦੋਵੇਂ ਇਸ ਬੱਚੇ ਨੂੰ ਅੱਗੇ ਵੇਚਣ ਦੀ ਨੀਅਤ ਨਾਲ ਲੈ ਕੇ ਗਈਆਂ ਸਨ l ਐਸਐਸਪੀ ਮਨਜੀਤ ਸਿੰਘ ਢੇਸੀ ਨੇ ਪੱਤਰਕਾਰਾਂ ਦੀ ਹਾਜ਼ਰੀ ਵਿੱਚ ਹੀ ਬੱਚੇ ਨੂੰ ਉਸ ਦੇ ਮਾਂ ਬਾਪ ਦੇ ਹਵਾਲੇ ਕਰ ਦਿੱਤਾ l
