ਰਾਜਪੁਰਾ : ਇਹ ਮਾਮਲਾ ਹੈ ਰਾਜਪੁਰਾ ਦੇ ਪਿੰਘ ਖਾਨਪੁਰ ਗੰਢੀਆਂ ‘ਚ ਸਥਿਤ ਇੱਟਾਂ ਦੇ ਭੱਠੇ ਤੇ ਕੰਮ ਕਰਨ ਵਾਲੇ ਮਜ਼ਦੂਰ ਰਾਮੂ ਅਤੇ ਉਸ ਦੇ ਪੁੱਤਰ ਰੋਹਿਤ ਦਾ l ਜਿੱਥੋਂ ਰੋਹਿਤ ਜਦੋਂ ਇੱਕ ਕੁੜੀ ਨੂੰ ਭਜਾ ਕੇ ਲੇ ਗਿਆ ਤਾਂ ਕੁੜੀ ਦੇ ਭਰਾਵਾਂ ਨੇ ਪੰਚਾਇਤ ਸੱਦ ਲਈ ਤੇ ਸ਼ਰੇਆਮ ਇਹ ਮੰਗ ਕੀਤੀ ਕਿ ਰੋਹਿਤ ਦੀ ਨਾਬਾਲਿਗ ਭੈਣ ਦਾ ਵਿਆਹ ਉਨ੍ਹਾਂ ਵਿੱਚੋਂ ਇੱਕ ਨਾਲ ਕਰ ਦਿੱਤਾ ਜਾਵੇ ਪਰ ਜਦੋਂ ਰਾਮੂ ਨੇ ਗੱਲ ਨਾ ਮੰਨੀ ਤਾਂ ਦੋਸ਼ ਐ ਕਿ ਕੁੜੀ ਦੇ ਭਰਾਵਾਂ ਨੇ ਰਲ ਕੇ ਰਾਮੂ ਦੇ ਗਲ ਵਿੱਚ ਰੱਸੀ ਪਾ ਕੇ ਉਸ ਦਾ ਕਤਲ ਕਰ ਦਿੱਤਾ l ਘਟਨਾ ਤੋਂ ਬਾਅਦ ਲੜਕੀ ਦੇ ਭਰਾ ਫਰਾਰ ਦੱਸੇ ਜਾਂਦੇ ਹਨ l
ਮਿਲੀ ਜਾਣਕਾਰੀ ਅਨੁਸਾਰ ਰਾਮੂ ਮਜ਼ਦੂਰ ਦੇ ਪੁੱਤਰ ਰੋਹਿਤ ਨੂੰ ਭੱਠੇ ਤੇ ਹੀ ਕੰਮ ਕਰਨ ਵਾਲੀ ਇੱਕ ਲੜਕੀ ਨਾਲ ਪਿਆਰ ਹੋ ਗਿਆ ਸੀ ਤੇ ਦੋਵੇਂ ਨੇ ਬਾਲਗ ਹੋਣ ਕਾਰਨ ਮਾਪਿਆਂ ਦੀ ਮਰਜ਼ੀ ਤੋਂ ਬਿਨਾਂ ਹੀ ਵਿਆਹ ਕਰਾਉਣ ਦਾ ਫੈਸਲਾ ਕਰ ਲਿਆ l ਏਸੇ ਚੱਕਰ ‘ਚ ਦੋਵੇਂ ਪ੍ਰੇਮੀ ਘਰੋਂ ਭੱਜ ਗਏ ਤੇ ਗੱਲ ਜਦੋਂ ਕੁੜੀ ਦੇ ਪਰਿਵਾਰ ਤੱਕ ਪਹੁੰਚੀ ਤਾਂ ਉਨ੍ਹਾਂ ਨੇ ਭਰੀ ਪੰਚਾਇਤ ਵਿੱਚ ਰੋਹਿਤ ਦੀ ਨਾਬਾਲਿਗ ਭੈਣ ਨਾਲ ਭੱਜੀ ਹੋਈ ਲੜਕੀ ਦੇ ਭਰਾ ਦਾ ਵਿਆਹ ਕਰਾਉਣ ਦੀ ਮੰਗ ਰੱਖ ਦਿੱਤੀ l ਜਿਸ ਤੋਂ ਰਾਮੂ ਨੇ ਸਾਫ ਇਨਕਾਰ ਕਰ ਦਿੱਤਾ l ਇਸ ਉਪਰੰਤ ਭੱਜੀ ਹੋਈ ਕੁੜੀ ਦੇ ਭਰਾਵਾਂ ਨੇ ਨਾ ਸਿਰਫ ਰੋਹਿਤ ਦੀ ਨਾਬਾਲਗ ਭੈਣ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਬਲਕਿ ਰਾਮੂ ਦਾ ਵੀ ਜੀਣਾ ਹਰਾਮ ਕਰ ਦਿੱਤਾ l ਗੱਲ ਵੱਧਦੀ ਦੇਖ ਰਾਮੂ ਨੇ ਆਪਣੀ ਧੀ ਨੂੰ ਪਰਿਵਾਰ ਸਮੇਤ ਵਾਪਸ ਆਪਣੇ ਪਿੰਡ ਭੇਜ ਦਿੱਤਾ l ਦੋਸ਼ ਐ ਕਿ ਇਸ ਗੱਲ ਤੋਂ ਚਿੜ ਕੇ ਭੱਜੀ ਹੋਈ ਕੁੜੀ ਦੇ ਭਰਾਵਾਂ ਨੇ ਰਾਮੂ ਉੱਤੇ ਹਮਲਾ ਕਰਕੇ ਉਸ ਨੂੰ ਜਾਨ ਤੋਂ ਮਾਰ ਦਿੱਤਾ l ਪੁਲਿਸ ਅਨੁਸਾਰ ਲਾਸ਼ ਦੀ ਗਰਦਨ ਤੇ ਰੱਸੀ ਵਰਗੇ ਨਿਸ਼ਾਨ ਵੇਖੇ ਗਏ ਹਨ, ਜਿਸ ਕਾਰਨ ਉਨ੍ਹਾਂ ਨੂੰ ਸ਼ੱਕ ਹੈ ਕਿ ਰਾਮੂ ਦਾ ਕਤਲ ਗਲ ਘੋਟ ਕੇ ਕੀਤਾ ਹੋ ਸਕਦਾ ਹੈ l ਮੌਕੇ ਤੇ ਪਹੁੰਚੀ ਪੁਲਿਸ ਨੇ ਰਾਮੂ ਦੀ ਲਾਸ਼ ਪੋਸਟਮਰਟਮ ਕਰਨ ਲਈ ਹਸਪਤਾਲ ਭੇਜ ਦਿੱਤੀ ਹੈ ਤੇ ਥਾਣਾ ਖੇੜੀ ਗੰਢੀਆਂ ਦੇ ਮੁਖੀ ਮਹਿਮਾ ਸਿੰਘ ਅਨੁਸਾਰ ਮ੍ਰਿਤਕ ਰਾਮੂ ਦੇ ਦੂਜੇ ਪੁੱਤਰ ਮੋਨੂੰ ਦੇ ਬਿਆਨਾਂ ਤੇ ਭੱਜੀ ਹੋਈ ਕੁੜੀ ਦੇ 3 ਭਰਾਵਾਂ ਸਮੇਤ ਗੁੱਢੂ, ਜਿੰਦਰ, ਸਿਬੂ ਅਤੇ ਸਾਗਰ ਤੇ ਧਾਰਾ 302 ਤਹਿਤ ਕਤਲ ਦਾ ਮਾਮਲਾ ਦਰਜ ਕਰਕੇ ਮੁਲਜ਼ਮਾਂ ਨੂੰ ਫੜਨ ਲਈ ਛਾਪਾਮਾਰੀ ਸ਼ੁਰੂ ਕਰ ਦਿੱਤੀ ਹੈ l
