ਮੋਗਾ : ਕਹਿੰਦੇ ਨੇ ਵਿਹਲਾ ਮਨ ਸ਼ੈਤਾਨ ਦਾ ਘਰ ਤੇ ਜਦੋਂ ਕੋਰੋਨਾ ਵਰਗੀ ਬੀਮਾਰੀ ਸਾਰੀ ਦੁਨੀਆਂ ਨੂੰ ਘਰੋਂ ਘਰੀਂ ਵਿਹਲਾ ਕਰਕੇ ਬਿਠਾ ਦੇਵੇ ਤਾਂ ਅਜਿਹੇ ਵਿੱਚ ਸ਼ੈਤਾਨ ਦਿਮਾਗ ਲੋਕ ਪੁੱਠੀਆਂ ਹਰਕਤਾਂ ਕਰਨ ਬਾਰੇ ਨਹੀਂ ਸੋਚਣਗੇ, ਅਜਿਹਾ ਯਕੀਨ ਨਾਲ ਨਹੀਂ ਕਿਹਾ ਜਾ ਸਕਦਾ ਤੇ ਜਿਹੜੀ ਘਟਨਾ ਦਾ ਜਿ਼ਕਰ ਇੱਥੇ ਅਸੀਂ ਕਰਨ ਜਾ ਰਹੇ ਹਾਂ ਉਸਨੂੰ ਦੇਖ ਕੇ ਤਾਂ ਤੁਸੀਂ ਭਲੀਭਾਂਤ ਸਮਝ ਜਾੳਗੇ ਕਿ ਅਸੀਂ ਅਜਿਹਾ ਕਿਉਂ ਕਹਿ ਰਹੇ ਹਾਂ।ਮੋਗਾ ਦੇ ਹੀ ਇੱਕ ਪਿੰਡ ਵਿੱਚ ਵਾਪਰੀ ਇਸ ਘਟਨਾ ਦੀ ਭਿਆਨਕਤਾ ਦਾ ਅੰਦਾਜ਼ਾ ਤੁਸੀਂ ਇਸ ਗੰਲ ਤੋਂ ਲਗਾ ਸਕਦੇ ਓ ਕਿ 22 ਮਾਰਚ ਵਾਲੇ ਦਿਨ ਘਰ ਵਿੱਚ ਵਿਹਲੇ ਬੈਠੇ ਪਿੰਡ ਵਾਸੀ ਲਖਵਿੰਦਰ ਸਿੰਘ ਲੱਖੀ ਨਾਮ ਦੇ ਇੱਕ 21 ਸਾਲਾ ਨੌਜਵਾਨ ਦੇ ਸਿ਼ਕੰਜੇ ਵਿੱਚ ਜਦੋਂ 11 ਸਾਲਾ ਇੱਕ ਅਜਿਹਾ ਬੱਚਾ ਆ ਗਿਆ ਜਿਹੜਾ ਬੇਹੱਦ ਗਰੀਬ ਪਰਿਵਾਰ ਨਾਲ ਸੰਬੰਧ ਰੱਖਦਾ ਸੀ ਤਾਂ ਉਸ ਨੇ ਉਸ ਬੱਚੇ ਨਾਲ ਬਦਫੈਲੀ ਕਰਨ ਤੋਂ ਬਾਅਦ ਉਸ ਨੂੰ ਜਿ਼ੰਦਾ ਸਾੜ ਦਿੱਤਾ।ਸ਼ਾਇਦ ਇਸ ਘਟਨਾ ਉੱਤੇ ਵੀ ਥੋੜਾ ਲੰਬਾ ਸਮਾਂ ਪਰਦਾ ਪਿਆ ਰਹਿੰਦਾ ਜੇਕਰ ਪਿੰਡ ਵਾਸੀਆਂ ਨੇ ਪਿੰਡ ਅੰਦਰ ਸੀਸੀਟੀਵੀ ਕੈਮਰੇ ਨਾ ਲਾਏ ਹੁੰਦੇ।ਜਿਨ੍ਹਾਂ ਦੀ ਫੁਟੇਜ਼ ਦੇਖਣ ਤੋਂ ਬਾਅਦ ਪੁਲਿਸ ਵਾਲਿਆਂ ਨੂੰ ਲਖਵਿੰਦਰ ਸਿੰਘ ਲੱਕੀ ਦੀ ਧੌਣ ਤੇ ਹੱਥ ਪਾਉਂਦਿਆਂ ਦੇਰ ਨਹੀਂ ਲੱਗੀ।
ਏਸ ਸੰਬੰਧ ਵਿੱਚ ਐਸਐਸਪੀ ਹਰਮਨਬੀਰ ਸਿੰਘ ਗਿੱਲ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮ੍ਰਿਤਕ ਲੜਕੇ ਦੀ ਮਾਂ ਨੇ ਪੁਲਿਸ ਕੋਲ ਸਿ਼ਕਾਇਤ ਦਰਜ ਕਰਵਾਈ ਸੀ ਕਿ ਉਸ ਦਾ ਪਤੀ ਢਾਈ ਸਾਲ ਪਹਿਲਾਂ ਮਰ ਚੁੱਕਿਆ ਹੈ ਤੇ ਉਸ ਦੇ 3 ਮੁੰਡਿਆਂ ਨੂੰ ਉਹ ਆਪ ਖੁਦ ਮਿਹਨਤ ਮਜ਼ਦੂਰੀ ਕਰਕੇ ਪਾਲ ਰਹੀ ਹੈ।ਅਧਿਕਾਰੀ ਅਨੁਸਾਰ ਮਹਿਲਾ ਦਾ ਦੋਸ਼ ਸੀ ਕਿ 22 ਮਾਰਚ ਨੂੰ ਘਰ ਦਾ ਕੂੜਾ ਸੁੱਟਣ ਲਈ ਉਹ ਪਿੰਡ ਵਾਸੀ ਬੇਅੰਤ ਸਿੰਘ ਦੇ ਘਰੋਂ ਰੇਹੜੀ ਲੈ ਕੇ ਆਏ ਸੀ ਤੇ ਕੂੜਾ ਸੁੱਟਣ ਉਪਰੰਤ ਦੁਪਹਿਰ 12 ਵਜੇ ਉਸ ਨੇ ਆਪਣੇ 11 ਸਾਲਾ ਪੁੱਤਰ ਨੂੰ ਉਹ ਰੇਹੜੀ ਬੇਅੰਤ ਸਿੰਘ ਦੇ ਘਰ ਵਾਪਸ ਕਰਨ ਲਈ ਭੇਜ ਦਿੱਤਾ।ਜਿਸ ਤੋਂ ਬਾਅਦ ਉਸ ਦਾ ਪੁੱਤਰ ਸ਼ਾਮ ਤੱਕ ਘਰ ਨਹੀਂ ਪਰਤਿਆ।
ਮਹਿਲਾ ਨੇ ਇਹ ਦਾਅਵਾ ਕੀਤਾ ਕਿ ਪਹਿਲਾਂ ਤਾਂ ਉਸ ਨੇ ਆਪਣੇ ਪੱਧਰ ਤੇ ਆਪਣੇ ਬੱਚੇ ਦੀ ਤਲਾਸ਼ ਕੀਤੀ ਪਰ ਇਸ ਦੌਰਾਨ ਉਸ ਦੇ ਦਿਓਰ ਤੇ ਦਰਾਣੀ ਨੇ ਉਸ ਨੂੰ ਦੱਸਿਆ ਕਿ 22 ਮਾਰਚ ਦੀ ਸ਼ਾਮ ਨੂੰ ਉਹ ਕਿਸੇ ਦੇ ਘਰੋਂ ਵਾਪਸ ਆ ਰਹੇ ਸਨ ਤਾਂ ਪਿੰਡ ਦੇ ਹਾਈ ਸਕੂਲ ਕੋਲ ਉਨ੍ਹਾਂ ਨੇ ਕਿਸੇ ਬੱਚੇ ਦੇ ਚੀਕਣ ਦੀਆਂ ਆਵਾਜ਼ਾਂ ਸੁਣੀਆਂ ਸਨ ਤੇ ਏਸ ਲਈ ਉਸ ਨੂੰ ਸ਼ੱਕ ਹੈ ਕਿ ਉਸ ਦੇ ਬੱਚੇ ਨਾਲ ਜ਼ਰੂਰ ਸਕੂਲ ਵਾਲੇ ਪਾਸੇ ਕੁਝ ਹੋਇਆ ਹੋ ਸਕਦਾ ਹੈ।ਜਿਸ ਤੋਂ ਬਾਅਦ ਉਸ ਨੇ ਪੁਲਿਸ ਨੂੰ ਇਤਲਾਹ ਦੇਣ ਦੇ ਨਾਲ ਨਾਲ ਗਲੀ ‘ਚ ਲੱਗੇ ਕੈਮਰੇ ਦੀਆਂ ਤਸਵੀਰਾਂ ਫਰੋਲਣੀਆਂ ਸ਼ੁਰੂ ਕੀਤੀਆਂ ਤਾਂ ਉਹ ਇਹ ਦੇਖ ਕੇ ਦੰਗ ਰਹਿ ਗਈ ਕਿ ਉਨ੍ਹਾਂ ਦੇ ਗੁਆਂਢ ‘ਚ ਰਹਿਣ ਵਾਲਾ 21 ਸਾਲਾ ਲਖਵਿੰਦਰ ਸਿੰਘ ਲੱਖੀ ਉਸ ਦੇ ਪੁੱਤਰ ਨੂੰ ਆਪਣੇ ਨਾਲ ਲਿਜਾ ਰਿਹਾ ਸੀ।ਇੱਕ ਇੱਕ ਕਰਕੇ ਸਾਰੇ ਕੈਮਰੇ ਚੈਕ ਕਰਨ ਤੇ ਤਾ ਲੱਗਾ ਕਿ ਲੱਖੀ ਉਸ ਦੇ ਮੁੰਡੇ ਨੂੰ ਪਿੰਡ ਦੇ ਸਰਕਾਰੀ ਹਾਈ ਸਕੂਲ ‘ਚ ਲੈ ਗਿਆ, ਜਿੱਥੇ ਉਸ ਨੇ ਬੱਚੇ ਨਾਲ ਬਦਫੈਲੀ ਕਰਨ ਤੋਂ ਬਾਅਦ ਸਬੂਤ ਨਾ ਛੱਡਣ ਦੀ ਨੀਅਤ ਨਾਲ ਉਸ ਨੂੰ ਜਿ਼ੰਦਾ ਸਾੜ ਦਿੱਤਾ।ਏਸ ਉਪਰੰਤ ਪੁਲਿਸ ਦੀ ਮਦਦ ਨਾਲ ਮ੍ਰਿਤਕ ਦੀ ਮਾਂ ਨੇ ਸਕੂਲ ਅੰਦਰੋਂ ਆਪਣੇ ਮੁੰਡੇ ਦਾ ਸੜਿਆ ਹੋਇਆ ਸਰੀਰ ਬਰਾਮਦ ਕਰ ਲਿਆ ਤੇ ਨਾਲ ਹੀ ਪੁਲਿਸ ਨੇ ਲਖਵਿੰਦਰ ਨੂੰ ਮੌਕੇ ਤੇ ਹੀ ਕਾਬੂ ਕਰ ਲਿਆ।
ਐਸਐਸਪੀ ਹਰਮਨਦੀਪ ਸਿੰਘ ਗਿੱਲ ਅਨੁਸਾਰ ਲਖਵਿੰਦਰ ਸਿੰਘ ਲੱਖੀ ਨੇ ਪੁਲਿਸ ਦੀ ਮੁੱਢਲੀ ਪੁੱਛਗਿਛ ਦੌਰਾਨ ਨਾ ਸਿਰਫ ਆਪਣਾ ਗੁਨਾਹ ਕਬੂਲ ਕਰ ਲਿਆ ਬਲਕਿ ਜਾਂਚ ਦੌਰਾਨ ਇੱਕ ਸਨਸਨੀਖੇਜ ਤੱਥ ਹੋਰ ਸਾਹਮਣੇ ਆਇਆ ਕਿ ਕਰੀਬ ਇੱਕ ਮਹੀਨਾ ਪਹਿਲਾਂ ਵੀ ਲਖਵਿੰਦਰ ਸਿੰਘ ਲੱਖੀ ਨੇ ਆਪਣੇ ਗੁਆਂਢੀਆਂ ਦੇ ਇੱਕ ਨਾਬਾਲਿਗ ਬੱਚੇ ਨਾਲ ਬਦਫੈਲੀ ਕਰਨ ਦਾ ਯਤਨ ਕੀਤਾ ਸੀ।ਮੁਲਜ਼ਮ ਨੇ ਪੁਲਿਸ ਨੂੰ ਦੱਸਿਆ ਕਿ ਮਾਮਲਾ ਗਰਮਾਉਣ ਤੋਂ ਬਾਅਦ ਪੰਚਾਇਤ ਸੱਦੀ ਗਈ ਜਿੱਥੇ ਪੰਚਾਇਤ ਨੇ ਦੋਵਾਂ ਪੱਖਾਂ ‘ਚ ਸਮਝੌਤਾ ਕਰਵਾ ਕੇ ਮਾਮਲਾ ਠੰਢਾ ਕਰ ਦਿੱਤਾ ਤੇ ਇਹੋ ਗੱਲ 11 ਸਾਲਾ ਬੱਚੇ ਨਾਲ ਬਦਫੈਲੀ ਕਰਨ ਲਈ ਲਖਵਿੰਦਰ ਸਿੰਘ ਲੱਖੀ ਨੂੰ ਏਸ ਲਈ ਉਕਸਾ ਗਈ ਕਿ ਪਹਿਲਾਂ ਕਿਹੜਾ ਕੁਝ ਹੋਇਆ ਹੈ ਕਿ ਜਹੜਾ ਹੁਣ ਹੋਵੇਗਾ।ਫਿਲਹਾਲ ਪੁਲਿਸ ਨੇ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕਰ ਲਿਆ ਹੈ ਤੇ ਪੁੱਛਗਿਛ ਤੋ਼ ਬਾਅਦ ਅੱਗੇ ਹੋਰ ਕੀ ਨਿਕਲ ਕੇ ਸਾਹਮਣੇ ਆਉਂਦਾ ਇਹ ਵੇਖਣ ਲਈ ਸਾਰਿਆਂ ਨੇ ਆਪਣੀਆਂ ਨਿਗਾਹਾਂ ਟਿਕਾਈਆਂ ਹੋਈਆਂ ਨੇ।
