ਲੁਧਿਆਣਾ (ਸੁਰਿੰਦਰ ਸੋਨੀ) : ਪੰਜਾਬ ਵਿੱਚ ਕਣਕ ਦੀ ਫਸਲ ਪੱਕ ਚੁੱਕੀ ਹੈ ਤੇ ਕਿਸਾਨ ਤੇਜ਼ੀ ਨਾਲ ਫ਼ਸਲ ਵੱਢ ਵੱਢ ਕੇ ਵੇਚਣ ਲਈ ਮੰਡੀਆਂ ਚ ਲਿਆ ਵੀ ਰਹੇ ਨੇ ਪਰ ਇਸ ਦੌਰਾਨ ਲੰਘੀ ਰਾਤ ਪੰਜਾਬ ਅੰਦਰ ਪਏ ਭਾਰੀ ਮੀਂਹ ਨੇ ਕਿਸਾਨਾਂ ਦੇ ਸਾਹ ਸੂਤ ਕੇ ਰੱਖ ਦਿੱਤੇ ਨੇ। ਇੰਸ ਦੌਰਾਨ ਮੌਸਮ ਵਿਭਾਗ ਨੇ ਵੀ ਭਵਿੱਖਵਾਣੀ ਕੀਤੀ ਹੈ ਕਿ 25 ਤੋਂ 27 ਅਪ੍ਰੈਲ ਤੱਕ ਪੰਜਾਬ ‘ਚ ਵੱਖ ਵੱਖ ਥਾਈਂ ਤੇਜ਼ ਹਵਾਂਵਾਂ ਚੱਲਣ ਦੇ ਨਾਲ ਨਾਲ ਹਲਕੀ ਬਾਰਿਸ਼ ਪੈਣ ਦੀ ਸੰਭਾਵਨਾ ਹੈ। ਲਿਹਾਜ਼ਾ ਕਿਸਾਨਾਂ ਨੂੰ ਅਜੇ ਆਪਣੀ ਫ਼ਸਲ ਨਹੀਂ ਕੱਟਣੀ ਚਾਹੀਦੀ, ਕਿਉਂਕਿ ਇੰਝ ਫ਼ਸਲ ਤੇ ਨਮੀ ਦੀ ਮਾਰ ਪਏਗੀ ਤੇ ਕਿਸਾਨਾਂ ਨੂੰ ਆਪਣੀ ਜਿਣਸ ਦਾ ਮੁੱਲ ਸਹੀ ਤੇ ਸਮੇ ਸਿਰ ਨਹੀਂ ਮਿਲ ਪਏਗਾ।
ਇਸ ਬਾਰੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਧੇ ਮੌਸਮ ਵਿਭਾਗ ਦੇ ਵਿਗਿਆਨੀ ਡਾ ਕੇਕੇ ਗਿੱਲ ਨੇ ਦੱਸਿਆ ਕਿ ਭਾਰਤੀ ਮੌਸਮ ਵਿਭਾਗ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਆਉਣ ਵਾਲੇ ਦੋ ਹੋਰ ਦਿਨ ਕਿਸਾਨਾਂ ਨੂੰ ਆਪਣੀ ਫ਼ਸਲ ਕੱਟਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੌਸਮ ਵਿੱਚ ਅਚਾਨਕ ਆਇਆ ਇਹ ਬਦਲਾਅ ਪੱਛਮੀ ਗੜਬੜੀ ਕਾਰਨ ਹੋਇਆ ਹੈ। ਜਿਸ ਕਾਰਨ ਵਧਿਆ ਹੋਇਆ ਤਾਪਮਾਨ ਇੱਕ ਦੱਮ ਘਟ ਗਿਆ।ਡਾਕਟਰ ਗਿੱਲ ਅਨੁਸਾਰ ਮਾਰਚ ਮਹੀਨੇ ਵਿੱਚ ਆਮ ਨਾਲੋਂ ਵੱਧ ਬਰਸਾਤ ਹੋਈ ਸੀ ਤੇ ਅਪ੍ਰੈਲ ਦੌਰਾਨ ਵੀ ਹੁਣ ਤੱਕ 10 ਐਮਐਮ ਮੀਂਹ ਪੈ ਚੁੱਕਿਆ ਹੈ।ਇਸ ਦੌਰਾਨ ਉਨ੍ਹਾਂ ਕਿਸਾਨਾਂ ਨੂੰ ਕਣਕ ਦੀ ਨਾੜ ਨੂੰ ਕਟਾਈ ਮਗਰੋਂ ਅੱਗ ਨਾ ਲਾਉਣ ਦੀ ਵੀ ਅਪੀਲ ਕੀਤੀ ਕਿਉਂਕਿ ਤੇਜ਼ ਹਵਾਵਾਂ ਕਾਰਨ ਇਹ ਅੱਗ ਅੱਗੇ ਦੀ ਅੱਗੇ ਫੈਲ ਸਕਦੀ ਹੈ।
