ਨਵੀਂ ਦਿੱਲੀ : ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਲੋਕਾਂ ਨੂੰ ਪਲਾਜ਼ਮਾ ਥੈਰੇਪੀ ਨਾਲ ਠੀਕ ਕਰਨ ਦੀ ਚਰਚਾਵਾਂ ਦੇ ਵਿੱਚ ਬੀਤੀ ਕੱਲ ਇੱਕ ਰਾਹਤ ਵਾਲੀ ਖਬਰ ਆਈ ਹੈ l ਦਿੱਲੀ ਦੇ ਮੈਕਸ ਹਸਪਤਾਲ ਵਿੱਚ 4 ਅਪ੍ਰੈਲ ਤੋਂ ਇਲਾਜ ਅਧੀਨ 49 ਸਾਲਾ ਮਰੀਜ਼ ਪਲਾਜ਼ਮਾ ਥੈਰੇਪੀ ਨਾਲ ਇਲਾਜ ਦੇ ਬਾਅਦ ਠੀਕ ਹੋ ਗਿਆ ਅਤੇ ਉਸ ਨੂੰ ਛੁੱਟੀ ਦੇ ਦਿੱਤੀ ਗਈ ਹੈ l
ਇਸ ਥੈਰੇਪੀ ਨਾਲ ਇਲਾਜ ਕਰਵਾ ਕੇ ਠੀਕ ਹੋਣ ਵਾਲਾ ਇਹ ਦੇਸ਼ ਦਾ ਪਹਿਲਾ ਮਰੀਜ਼ ਹੈ l ਸਾਕੇਤ ਸਥਿਤ ਮੈਕਸ ਹਸਪਤਾਲ ਦੇ ਡਾਕਟਰਾਂ ਨੇ ਇਸ ਦੀ ਪੁਸ਼ਟੀ ਕਰਕੇ ਦੱਸਿਆ ਕਿ ਮਰੀਜ਼ ਵੈਂਟੀਲੇਟਰ ਤੇ ਸੀ ਪਰ ਪਲਾਜ਼ਮਾ ਥੈਰੇਪੀ ਨਾਲ ਉਸ ਦੀ ਹਾਲਤ ਵਿੱਚ ਸੁਧਾਰ ਹੋਇਆ ਅਤੇ ਹੁਣ ਉਸ ਨੂੰ ਛੁੱਟੀ ਦਿੱਤੀ ਜਾ ਚੁੱਕੀ ਹੈ l
ਮਾਹਿਰਾਂ ਦੇ ਮੁਤਾਬਿਕ ਕੋਰੋਨਾ ਵਾਇਰਸ ਹੋਣ ਦੇ ਬਾਅਦ ਮਰੀਜ਼ ਨੂੰ ਨਿਮੋਨੀਆ ਹੋ ਗਿਆ ਸੀ, ਜਿਸ ਦੇ ਕਾਰਨ ਮਰੀਜ਼ ਨੂੰ ਆਈਸੀਯੂ ਵਿੱਚ ਰੱਖਣਾ ਪਿਆ ਸੀ l ਸਾਹ ਲੈਣ ਵਿੱਚ ਕਠਿਨਾਈ ਹੋਣ ਤੇ ਉਸ ਨੂੰ ਵੈਂਟੀਲੇਟਰ ਤੇ ਲਿਆਂਦਾ ਗਿਆ ਸੀ l ਉਸ ਦੇ ਪਰਿਵਾਰ ਦੀ ਮਨਜ਼ੂਰੀ ਦੇ ਬਾਅਦ ਪਲਾਜ਼ਮਾ ਥੈਰੇਪੀ ਨਾਲ ਇਲਾਜ ਦਾ ਟਰਾਇਲ ਸ਼ੁਰੂ ਕੀਤਾ l
ਉੱਧਰ ਦਿੱਲੀ ਦੇ ਲੋਕ ਨਾਇਕ ਹਸਪਤਾਲ ਵਿੱਚ ਵੀ 5 ਮਰੀਜ਼ਾਂ ਤੇ ਟਰਾਇਲ ਚੱਲ ਰਿਹਾ ਹੈ l ਤਿੰਨ ਮਰੀਜ਼ਾਂ ਦੀ ਸਥਿਤੀ ਵਿੱਚ ਸੁਧਾਰ ਦੇਖਣ ਨੂੰ ਮਿਲ ਰਿਹਾ ਹੈ l ਦਿੱਲੀ ਸਰਕਾਰ ਦੀ ਘੋਸ਼ਣਾ ਦੇ ਬਾਅਦ ਲੋਕ ਨਾਇਕ ਹਸਪਤਾਲ ਵਿੱਚ ਦਾਖਲ ਕੋਰੋਨਾ ਪ੍ਰਭਾਵਿਤ ਮਰੀਜ਼ਾਂ ਤੇ ਇਹ ਟਰਾਇਲ ਸ਼ੁਰੂ ਹੋਇਆ ਹੈ l
ਪਹਿਲਾਂ ਚਾਰ ਮਰੀਜ਼ ਇਸ ਵਿੱਚ ਸ਼ਾਮਿਲ ਸਨ l ਆਈਐਲਬੀਐਸ ਹਸਪਤਾਲ ਵਿੱਚ ਪਲਾਜ਼ਮਾ ਲੈਣ ਦੇ ਬਾਅਦ ਲੋਕਨਾਇਕ ਹਸਪਤਾਲ ਵਿੱਚ ਦਾਖਲ ਮਰੀਜ਼ਾਂ ਤੇ ਇਨ੍ਹਾਂ ਨੂੰ ਚੜਾਇਆ ਜਾ ਰਿਹਾ ਹੈ l ਏਮਜ਼ ਦੇ ਝੱਜਰ ਸਥਿਤ ਐਨਆਈਸੀ ਵਿੱਚ ਦਾਖਲ ਇੱਕ ਮਰੀਜ਼ ਜਿਹੜਾ ਕਿ ਵੈਂਟੀਲੇਰ ਤੇ ਹੈ ਉਸ ਨੂੰ ਪਲਾਜ਼ਮਾ ਚੜਾਇਆ ਜਾ ਰਿਹਾ ਹੈ l ਪਲਾਜ਼ਮਾ ਤਬਲੀਗੀ ਜਮਾਤ ਦੇ ਹੀ ਇੱਕ ਵਿਅਕਤੀ ਨੇ ਦਿੱਤਾ ਹੈ l
