ਬਰਨਾਲਾ : ਕੋਈ ਵੇਲਾ ਸੀ ਜਦੋਂ ਪੰਜਾਬ ‘ਚ ਖਾੜਕੂਵਾਦ ਦੇ ਕਾਲੇ ਦੌਰ ਵਿੱਚ ਸੂਬੇ ਅੰਦਰ ਅਜਿਹਾ ਮਾਹੌਲ ਸੀ ਕਿ ਲੋਕ ਪੰਜਾਬ ਪੁਲਿਸ ਦੇ ਨਾਮ ਤੋਂ ਹੀ ਡਰਿਆ ਕਰਦੇ ਸਨ। ਲਗਭਗ ਉਹੋ ਜਿਹਾ ਹੀ ਮਾਹੌਲ ਹੁਣ ਬਣਿਆ ਸੀ ਕੁਝ ਦਿਨ ਪਹਿਲਾਂ ਕੋਰੋਨਾ ਮਹਾਂਮਾਰੀ ਦੀ ਭਾਰਤ ‘ਚ ਸ਼ੁਰੂਆਤ ਮੌਕੇ 25 ਅਪ੍ਰੈਲ ਤੋਂ ਲਾਏ ਗਏ ਕਰਫਿਊ ਤੇ ਤਾਲਾਬੰਦੀ ਦੌਰਾਨ। ਜਦੋਂ ਕਰਫਿਊ ਲੱਗਦੇ ਹੀ ਪੰਜਾਬ ਪੁਲਿਸ ਨੇ ਚੰਡਾਲ ਦਾ ਰੂਪ ਧਾਰਕੇ ਆਮ ਲੋਕਾਂ ਨੂੰ ਨਾ ਸਿਰਫ ਸੜਕਾਂ ਉੱਤੇ ਸ਼ਰੇਆਮ ਜਾਨਵਰਾਂ ਵਾਂਗ ਕੁੱਟਿਆ ਬਲਕਿ ਉਨ੍ਹਾਂ ਨੂੰ ਹੱਥਾਂ ਪੈਰਾਂ ਤੇ ਢਿੱਡ ਦੇ ਭਰ ਕੀੜਿਆਂ ਵਾਂਗ ਚਲਾ ਕੇ ਜਨਤਾ ਨੂੰ ਇਹ ਅਹਿਸਾਸ ਕਰਵਾਇਆ ਕਿ ਸਰਕਾਰਾਂ ਚੁਨਣ ਦੀ ਸ਼ਕਤੀ ਭਾਂਵੇ ਉਨ੍ਹਾਂ ਦੇ ਹੱਥਾਂ ਵਿੱਚ ਹੈ ਪਰ ਜਨਤਾ ਨੂੰ ਕੁੱਟਣ ਵਾਲਾ ਡੰਡਾ ਹਮੇਸ਼ਾਂ ਪੁਲਿਸ ਦੇ ਹੱਥ ਹੀ ਰਹਿਣਾ ਹੈ। ਲੋਕ ਆਪਣੇ ਵੋਟ ਦੀ ਤਾਕਤ ਨਾਲ ਜੇ ਬਾਦਲ ਸਕਦੇ ਹਨ ਤਾਂ ਸਿਰਫ ਪੁੜੇ ਪਰ ਉਨ੍ਹਾਂ ਪੁੜਿਆਂ ‘ਤੇ ਮਾਰਨ ਲਈ ਡੰਡੇ ਹਮੇਸ਼ਾਂ ਪੁਲਿਸ ਦੇ ਹੱਥ ਵਿਚ ਰਹਿਣੇ ਨੇ। ਪਰ ਇਸ ਵਾਰ ਪੁਲਿਸ ਦਾ ਇਹ ਕਹਿਰ ਜ਼ਿਆਦਾ ਦੇਰ ਤੱਕ ਨਹੀਂ ਚੱਲਿਆ। ਕਾਰਨ ਸੀ ਸੋਸ਼ਲ ਮੀਡੀਆ ਦੀ ਤਾਕਤ ਜਿਸਨੇ ਮਿੰਟਾਂ ਸਕਿੰਟਾਂ ਵਿੱਚ ਪੁਲਿਸ ਦੀ ਕਰਤੂਤ ਦੁਨੀਆਂ ਭਰ ਦੇ ਸਾਹਮਣੇ ਰੱਖ ਦਿੱਤੀ।
ਉਸਦਾ ਅਸਰ ਇਹ ਹੋਇਆ ਕਿ ਸਿਰਫ ਇੱਕ ਥਾਣੇਦਾਰ ਨੂੰ ਮੁਅੱਤਲ ਕਰਨ ਤੋਂ ਬਾਅਦ ਪੰਜਾਬ ਪੁਲਿਸ ਨੇ ਉਸੇ ਸੋਸ਼ਲ ਮੀਡੀਆ ਦੀ ਤਾਕਤ ਦਾ ਇਸਤੇਮਾਲ ਖੁਦ ਆਪ ਕਰਨਾ ਸ਼ੁਰੂ ਕਰ ਦਿੱਤਾ ਹੈ। ਲੋਕਾਂ ਦੇ ਜਨਮ ਦਿਨ ਵਿਆਹ ਦੇ ਮੌਕੇ ਅਤੇ ਉਨ੍ਹਾਂ ਦੀ ਵਿਆਹ ਦੀ ਸਾਲਗਿਰਾਹ ਮੌਕੇ ਕੇਕ ਕੱਟ ਕੇ। ਹੁਣ ਡੰਡੇ ਮਾਰਨ ਵਾਲੀ ਪੁਲਿਸ ਲੋਕਾਂ ਦੇ ਖਾਸ ਮੌਕਿਆਂ ਵੇਲੇ ਕੇਕ ਕੱਟੇ ਇਹ ਗੱਲ ਪੱਤਰਕਾਰਾਂ ਲਈ ਆਪਣੇ ਆਪ ਵਿਚ ਵੱਡੀ ਖ਼ਬਰ ਸੀ। ਲਿਹਾਜਾ ਸਾਰਿਆਂ ਮੀਡੀਆ ਅਦਾਰਿਆਂ ਨੇ ਇਨ੍ਹਾਂ ਖ਼ਬਰਾਂ ਨੂੰ ਪ੍ਰਮੁੱਖਤਾ ਨਾਲ ਨਸ਼ਰ ਕੀਤਾ। ਅਜਿਹੀਆਂ ਗੱਲਾਂ ਨਾਲ ਪੁਲਿਸ ਦਾ ਅਕਸ ਸੁਧਾਰਦਾ ਦੇਖ ਹੁਣ ਹਰ ਚੌਂਕ ਹਰ ਨਾਕੇ ‘ਤੇ ਅਤੇ ਘਰ ਘਰ ਪੁਲਿਸ ਵਾਲਿਆਂ ਵਲੋਂ ਅਜਿਹੇ ਕੇਕ ਕਟਵਾਉਣ ਦਾ ਜਿਵੇਂ ਰਿਵਾਜ਼ ਜਿਹਾ ਹੀ ਹੋ ਗਿਆ ਹੈ।
ਅਜਿਹਾ ਹੀ ਇੱਕ ਨਜ਼ਾਰਾ ਦੇਖਣ ਨੂੰ ਮਿਲਿਆ ਬਰਨਾਲਾ ਸ਼ਹਿਰ ਦੇ ਇੱਕ ਬਜ਼ੁਰਗ ਜੋੜੇ ਦੇ ਘਰ। ਜਿਸ ਜੋੜੇ ਦੇ ਵਿਆਹ ਦੀ ਗੋਲਡਨ ਜੁਬਲੀ ਮੌਕੇ ਪੁਲਿਸ ਦੀਆਂ ਗੱਡੀਆਂ ਘੁੱਗੂ ਵਜਾਉਂਦਿਆਂ ਦੇਵਕੀ ਨੰਦਨ ਅਤੇ ਚੰਦਰਕਾਂਤਾ ਨਾਮ ਦੇ ਇਸ 72 ਸਾਲ ਬਜ਼ੁਰਗ ਜੋੜੇ ਦੇ ਘਰ ਜਾ ਪਹੁੰਚੀਆਂ। ਮੁਹੱਲੇ ‘ਚ ਇੰਨੀ ਪੁਲਿਸ ਆਈ ਦੇਖ ਇੱਕ ਵਾਰ ਤਾਂ ਲੋਕਾਂ ਦੇ ਸਾਹ ਸੂਤੇ ਗਏ। ਪਰ ਇਹ ਡਾਰ ਉਸ ਵੇਲੇ ਖੁਸ਼ੀ ਚ ਤਬਦੀਲ ਹੋ ਗਿਆ ਜਦੋ ਪੁਲਿਸ ਵਾਲਿਆਂ ਨੇ ਦੇਵਕੀ ਨੰਦਨ ਤੇ ਚੰਦਰਕਾਂਤਾ ਦੇ ਘਰ ਦਾ ਗੇਟ ਖੜਕਾਇਆ ਤੇ ਉਨ੍ਹਾਂ ਦੇ ਹੱਥਾਂ ਵਿਚ ਵਿਆਹ ਦੀ ਸਾਲਗਿਰਾਹ ਦਾ ਕੇਕ ਦੇਕੇ ਉਨ੍ਹਾਂ ਨੂੰ ਮੁਬਾਰਕਾਂ ਦਿੱਤੀਆਂ। ਇਕੱਲੇ ਰਹਿੰਦੇ ਇਸ ਬਜ਼ੁਰਗ ਜੋੜੇ ਲਈ ਇਹ ਮੰਨੋ ਮੂੰਹ ਮੰਗੀ ਮੁਰਾਦ ਪੂਰੀ ਹੋਣ ਵਰਗਾ ਕੰਮ ਸੀ। ਘਰ ਦੇ ਅੰਦਰ ਜਾਕੇ ਪੁਲਿਸ ਵਾਲਿਆਂ ਨੇ ਬਜ਼ੁਰਗ ਜੋੜੇ ਨੂੰ ਨਾ ਸਿਰਫ ਸਿਰੋਪਾਓ ਦਿੱਤਾ ਬਲਕਿ ਉਨ੍ਹਾਂ ਨਾਲ ਕੇਕ ਕੱਟਣ ਮੌਕੇ ਤਾੜੀਆਂ ਮਾਰਕੇ ਵਧਾਈਆਂ ਦੇਂਦੇ ਹੋਏ ਉਨ੍ਹਾਂ ਦੀ ਖੁਸ਼ੀ ‘ਚ ਸ਼ਰੀਕ ਵੀ ਹੋਏ। ਇਸ ਮੌਕੇ ਭਾਵੁਕ ਹੋਏ ਦੇਵਕੀ ਨੰਦਨ ਤੇ ਚੰਦਰਕਾਂਤਾ ਨਾਂ ਦੇ ਇਸ ਬਜ਼ੁਰਗ ਜੋੜੇ ਨੇ ਕਿਹਾ ਕਿ ਇੱਕ ਵਾਰ ਤਾਂ ਉਹ ਡਰ ਗਏ ਸਨ ਪਰ ਪੁਲਿਸ ਦਾ ਇਹ ਰੂਪ ਦੇਖ ਕੇ ਤਾਂ ਉਨ੍ਹਾਂ ਕੋਲ ਕਹਿਣ ਲਈ ਕੋਈ ਸ਼ਬਦ ਹੀ ਨਹੀਂ ਹਨ।
ਇਸ ਮੌਕੇ ਪਹੁੰਚੇ ਥਾਣੇਦਾਰ ਸੁਖਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਮੁਹੱਲੇ ਦੇ ਹੀ ਕਿਸੇ ਬੱਚੇ ਨੇ ਦੱਸਿਆ ਸੀ ਕਿ ਅੱਜ ਇਸ ਬਜ਼ੁਰਗ ਜੋੜੇ ਦੇ ਵਿਆਹ ਦੀ 50ਵੀਂ ਵਰ੍ਹੇਗੰਢ ਹੈ ਪਾਰ ਉਹ ਇਕੱਲੇ ਹੋਣ ਕਰਨ ਮਾਨ ਨਹੀਂ ਰਹੇ। ਲਿਹਾਜ ਉਨ੍ਹਾਂ ਨੇ ਇਸ ਬਜ਼ੁਰਗ ਜੋੜੇ ਲਈ ਇਹ ਕੇਕ ਕਟਵਾਉਣ ਦਾ ਖਾਸ ਉਪਰਾਲਾ ਕੀਤਾ ਹੈ। ਥਾਣੇਦਾਰ ਅਨੁਸਾਰ ਉਨ੍ਹਾਂ ਨ ਇੰਝ ਮਹਿਸੂਸ ਹੋਇਆ ਹੈ ਜਿਵੇਂ ਆਪਣੇ ਮਾਤਾ ਪਿਤਾ ਦੇ ਵਿਆਹ ਦੀ ਵਰ੍ਹੇਗੰਢ ਮਨਾ ਰਹੇ ਹੋਣ
ਇਸ ਪੂਰੀ ਖ਼ਬਰ ਨੂੰ ਵੀਡੀਓ ਰੂਪ ‘ਚ ਦੇਖਣ ਲਈ ਹੇਠ ਦਿੱਤੇ ਲਿੰਕ ‘ਤੇ ਕਲਿੱਕ ਕਰੋ ਤੇ ਦੇਖੋ live ਵੀਡੀਓ,….