ਨਾਭਾ (ਸੁਖਚੈਨ ਸਿੰਘ ਲੁਬਾਣਾ) :- ਪਟਿਆਲਾ ਜ਼ਿਲ੍ਹੇ ਚ ਪੈਂਦੇ ਬਲਾਕ ਨਾਭਾ ਦੇ ਪਿੰਡ ਸੁਰਾਜਪੁਰ ‘ਚ 33 ਏਕੜ ਪੰਚਾਇਤੀ ਜ਼ਮੀਨ ਦੀ ਬੋਲੀ ਨੂੰ ਲੈਕੇ ਦੱਬਕੇ ਜੂਤ ਚੱਲੇ। ਮੌਕਾ ਸੀ ਪਿੰਡ ‘ਚ ਦਲਿਤ ਅਤੇ ਜ਼ਿਮੀਦਾਰ ਭਾਈਚਾਰੇ ਦੇ ਲੋਕਾਂ ਵਲੋਂ ਵੱਖੋ-ਵੱਖ ਬੋਲੀ ਲਾਉਣ ਦਾ। ਜਾਣਕਾਰੀ ਮੁਤਾਬਕ ਇਸ ਦੌਰਾਨ ਇੱਕ ਦਲਿਤ ਨੌਜਵਾਨ ਵੱਲੋਂ ਬੋਲੀ ‘ਚ 100 ਰੁਪਏ ਦਾ ਵਾਧਾ ਕਰਨ ‘ਤੇ ਦੋਵੇਂ ਧਿਰਾਂ ‘ਚ ਸ਼ੁਰੂ ਹੋਈ ਹੱਥੋਪਾਈ ਇੱਕ ਦੂਜੇ ‘ਤੇ ਕੁਰਸੀਆਂ ਵਰ੍ਹਾਉਣ, ਪੱਗ ਲਾਹੁਣ, ਦਾਹੜੀ ਪੱਟਣ ਤੇ ਜਨਾਨੀਆਂ ਦੀ ਸ਼ਰੇਆਮ ਬੇਇੱਜਤੀ ਤੱਕ ਜਾ ਪਹੁੰਚੀ। ਇਸ ਉਪਰੰਤ ਦਲਿਤ ਭਾਈਚਾਰੇ ਦੇ ਪੀੜੀਤ ਹਰਭਜਨ ਸਿੰਘ, ਸੁਨੀਤਾ ਰਾਣੀ ਤੇ ਧਰਮਪ੍ਰੀਤ ਸਿੰਘ ਨੇ ਵਿਰੋਧੀ ਧਿਰ ‘ਤੇ ਗੁਰਸਿੱਖ ਬੰਦੇ ਦੀ ਪੱਗ ਉਤਾਰਨ ਅਤੇ ਦਾੜ੍ਹੀ ਪੁੱਟਣ ਦੇ ਗੰਭੀਰ ਦੋਸ਼ ਲਾਏ।
ਉੱਧਰ ਇਸ ਮਾਮਲੇ ‘ਚ ਪਿੰਡ ਦੇ ਸਰਪੰਚ ਦੀਦਾਰ ਸਿੰਘਅਤੇ ਪੰਚਾਇਤ ਸੈਕਟਰੀ ਬਲਜੀਤ ਸਿੰਘਦਾ ਕਹਿਣੈ ਕਿ ਦੋਵਾਂ ਧਿਰਾਂ ‘ਚ ਜ਼ਮੀਨ ਦੀ ਬੋਲੀ ਕਾਰਨ ਹੋਈ ਲੜ੍ਹਾਈ ਤੋਂ ਬਾਅਦ ਬੋਲੀ ਰੱਦ ਕਰ ਦਿੱਤੀ ਗਈ ਹੈ।
ਫਿਲਹਾਲ ਇਸ ਮਾਮਲੇ ‘ਚ ਕਿਸੇ ਵੀ ਧਿਰ ਵੱਲੋਂ ਜਾਂ ਮਾਲ ਮਹਿਕਮੇ ਦੇ ਅਫਸਰਾਂ ਵੱਲੋਂ ਪੁਲਿਸ ਕੋਲ ਸ਼ਿਕਾਇਤ ਦਰਜ਼ ਕਰਵਾਉਣ ਦੀ ਗੱਲ ਸਾਹਮਣੇ ਨਹੀਂ ਆਈ ਹੈ ,ਪਰ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਪੰਚਾਇਤੀ ਜ਼ਮੀਨ ਦੀ ਬੋਲੀ ਹੋਣ ਮੌਕੇ ਜਿੱਥੇ ਵੀ ਲੜਾਈ ਹੋਣ ਦਾ ਡਰ ਹੋਵੇ ਉੱਥੇ ਪਹਿਲਾਂ ਸਥਿਤੀ ‘ਤੇ ਕਾਬੂ ਪਾਉਣ ਦੇ ਇੰਤਜ਼ਾਮ ਕੀਤੇ ਜਾਣ, ਤਾਂ ਜੋ ਕਿਸੇ ਵੱਡੀ ਅਣਹੋਣੀ ਘਟਨਾ ਨੂੰ ਵਾਪਰਨ ਤੋਂ ਰੋਕਿਆ ਜਾ ਸਕੇ।
