ਅਬੋਹਰ : ਪਿੰਡ ਗੰਢਾਡੋਬ ਵਿੱਚ ਬੀਤੇ ਦਿਨੀਂ ਘਰੇਲੂ ਵਿਵਾਦ ਨੂੰ ਲੈ ਕੇ ਇੱਕ ਵਿਅਕਤੀ ਨੇ ਪਤਨੀ ਦੀ ਕੁੱਟ ਮਾਰ ਕਰਕੇ ਉਸਦੀ ਗਲਾ ਘੋਂਟ ਕੇ ਹਤਿਆ ਕਰ ਦਿੱਤੀ। ਸੂਚਨਾ ਮਿਲਦੇ ਹੀ ਥਾਣਾ ਸਦਰ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਵਿੱਚ ਪਹੁੰਚਾਇਆ ਤੇ ਸ਼ਨੀਵਾਰ ਸਵੇਰੇ ਮ੍ਰਿਤਕਾ ਦੀ ਮਾਂ ਦੇ ਬਿਆਨ ਦੇ ਅਧਾਰ ‘ਤੇ ਉਸਦੇ ਪਤੀ ਦੇ ਖਿਲਾਫ ਹਤਿਆ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿਤੀ ਹੈ।
ਇਸ ਸਬੰਧ ‘ਚ 25 ਸਾਲਾ ਮ੍ਰਿਤਕਾ ਹਰਸਿਮਰਜੀਤ ਕੌਰ ਪੁੱਤਰੀ ਬਚਿੱਤਰ ਸਿੰਘ ਦੀ ਮਾਂ ਗੁਰਮੀਤ ਕੌਰ ਨੇ ਪੁਲਿਸ ਨੂੰ ਬਿਆਨ ਦਰਜ ਕਰਵਾਉਂਦੇ ਹੋਏ ਦਸਿਆ ਹੈ ਕਿ ਕਰੀਬ 6 ਸਾਲ ਪਹਿਲਾਂ ਉਨ੍ਹਾਂ ਨੇ ਆਪਣੀ ਕੁੜੀ ਦਾ ਵਿਆਹ ਪਿੰਡ ਗੰਢਾ ਡੋਬ ਦੇ ਮੁੰਡੇ ਜਸਵੰਤ ਸਿੰਘ ਨਾਲ ਕੀਤਾ ਸੀ।ਜਿਸ ਤੋਂ ਬਾਅਦ ਉਹਨਾਂ ਦੇ ਘਰ ਇਕ ਪੁੱਤਰ ਨੇ ਜਨਮ ਲਿਆ। ਪਰ ਪਿਛਲੇ ਕੁਝ ਸਮੇਂ ਤੋਂ ਹਰਸਿਮਰਜੀਤ ਕੌਰ ਅਤੇ ਜਸਵੰਤ ਸਿੰਘ ਵਿੱਚਕਾਰ ਪਰਿਵਾਰਿਕ ਝਗੜਾ ਰਹਿੰਦਾ ਸੀ, ਜਿਸ ਕਾਰਨ ਕਈ ਵਾਰ ਪੰਚਾਇਤਾਂ ਵੀ ਹੋਈਆਂ।
ਗੁਰਮੀਤ ਕੌਰ ਅਨੁਸਾਰ ਬੀਤੇ ਦਿਨੀਂ ਕਰੀਬ 12 ਵਜੇ ਉਨ੍ਹਾਂ ਦੀ ਕੁੜੀ ਨੇ ਆਪਣੇ ਨਾਲ ਹੋਈ ਮਾਰਕੁੱਟ ਬਾਰੇ ਉਹਨਾਂ ਨੂੰ ਦਸਿਆ ਅਤੇ ਸ਼ਾਮ ਸਮੇਂ ਜਦੋਂ ਉਹ ਆਪਣੇ ਪਤੀ ਨਾਲ ਕੁੜੀ ਦੇ ਘਰ ਪਹੁੰਚੀ ਤਾਂ ਉਹਨਾਂ ਦਾ ਜਵਾਈ ਉਹਨਾਂ ਦੀ ਧੀ ਨਾਲ ਮਾਰਕੁੱਟ ਕਰ ਰਿਹਾ ਸੀ ਅਤੇ ਉਹਨਾਂ ਦੇ ਸਾਹਮਣੇ ਹੀ ਉਸ ਨੇ ਉਨ੍ਹਾਂ ਦੀ ਧੀ ਦੀ ਗਲਾ ਘੋਂਟ ਕੇ ਹਤਿਆ ਕਰ ਦਿੱਤੀ ਅਤੇ ਮੌਕੇ ਤੋਂ ਫਰਾਰ ਹੋ ਗਿਆ।
ਜਾਣਕਾਰੀ ਮਿਲਦੇ ਹੀ ਡੀਐੱਸਪੀ ਸੰਦੀਪ ਸਿੰਘ, ਥਾਣਾ ਸਦਰ ਦੇ ਮੁਖੀ ਰਣਜੀਤ ਸਿੰਘ ਅਤੇ ਏਐੱਸਆਈ ਦਯਾਲ ਚੰਦ ਮੌਕੇ ਤੇ ਪਹੁੰਚੇ ਅਤੇ ਜਾਂਚ ਕਰਦੇ ਹੋਏ ਲਾਸ਼ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ।ਪੁਲਿਸ ਨੇ ਗੁਰਮੀਤ ਕੌਰ ਦੇ ਬਿਆਨਾਂ ਤੇ ਜਸਵੰਤ ਸਿੰਘ ਦੇ ਖਿਲਾਫ ਹੱਤਿਆ ਦੀ ਧਾਰਾ 302 ਤਹਿਤ ਮਾਮਲਾ ਦਰਜ ਕਰਦੇ ਹੋਏ ਮੁਲਜ਼ਮ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।