ਚੰਡੀਗੜ੍ਹ : ਲੰਘੀ 12 ਅਪ੍ਰੈਲ ਵਾਲੇ ਦਿਨ ਪਟਿਆਲਾ ਪੁਲਿਸ ਦੇ ਜਿਸ ਥਾਣੇਦਾਰ ਹਰਜੀਤ ਸਿੰਘ ਦਾ ਨਿਹੰਗ ਬਾਣੇ ‘ਚ ਆਏ ਕੁਝ ਲੋਕਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹੱਥ ਵੱਢ ਦਿੱਤਾ ਸੀ।ਪੀਜੀਆਈ ਦੇ ਡਾਕਟਰਾਂ ਨੇ ਭਾਵੇਂ ਉਸ ਐਸਆਈ ਹਰਜੀਤ ਸਿੰਘ ਦਾ ਹੱਥ ਪਲਾਸਟਿਕ ਸਰਜਰੀ ਕਰਕੇ ਜੋੜ ਦਿੱਤਾ ਗਿਆ ਹੋਵੇ ਪਰ ਡਾਕਟਰਾਂ ਦਾ ਇਹ ਕਹਿਣਾ ਹੈ ਕਿ ਜਿਸ ਹੱਥ ਦੀ ਉਨ੍ਹਾਂ ਨੇ ਸਰਜਰੀ ਕੀਤੀ ਹੈ ਉਹ ਆਉਣ ਵਾਲੇ ਚਾਰ ਪੰਜ ਮਹੀਨੇ ਅੰਦਰ ਕੰਮ ਤਾਂ ਕਰਨ ਲੱਗ ਪਵੇਗਾ ਪਰ ਸਰਜਰੀ ਅਤੇ ਹੱਡੀ ਜੋੜਨ ਦੀ ਵਜ੍ਹਾ ਨਾਲ ਉਹ ਹੱਥ ਇੱਕ ਇੰਚ ਛੋਟਾ ਹੋ ਜਾਵੇਗਾ।ਡਾਕਟਰਾਂ ਅਨੁਸਾਰ ਹਰਜੀਤ ਸਿੰਘ ਦਾ ਹੱਥ ਤੇਜ਼ੀ ਨਾਲ ਠੀਕ ਹੋਣ ਵੱਲ ਵੱਧ ਰਿਹਾ ਹੈ ਤੇ ਉਨ੍ਹਾਂ ਦੀ ਕੋਸਿ਼ਸ਼ ਇਹ ਹੈ ਕਿ ਆਉਣ ਵਾਲੇ ਦਸ ਦਿਨਾਂ ਦੇ ਅੰਦਰ ਉਹ ਹਰਜੀਤ ਸਿੰਘ ਨੂੰ ਹਸਪਤਾਲ ਵਿੱਚੋਂ ਛੁੱਟੀ ਦੇ ਦੇਣ।
ਇਸ ਸੰਬੰਧ ਵਿੱਚ ਡਿਪਾਰਟਮੈਂਟ ਆਫ ਪਲਾਸਟਿਕ ਸਰਜਰੀ ਪੀਜੀਆਈ ਦੇ ਮੁਖੀ ਪ੍ਰੋਫੈਸਰ ਡਾਕਟਰ ਆਰਕੇ ਸ਼ਰਮਾ ਦਾ ਕਹਿਣਾ ਹੈ ਕਿ ਹਰਜੀਤ ਸਿੰਘ ਦੇ ਹੱਥ ਦੀ ਪੱਟੀ ਖੋਲ ਦਿੱਤੀ ਗਈ ਹੈ ਤੇ ਉਨ੍ਹਾਂ ਨੂੰ ਇਹ ਜਾਣ ਕੇ ਬੇਹੱਦ ਖੁਸ਼ੀ ਹੋਈ ਹੈ ਕਿ ਹਰਜੀਤ ਦਾ ਹੱਥ ਠੀਕ ਹੋ ਰਿਹਾ ਹੈ।ਡਾਕਟਰ ਅਨੁਸਾਰ ਖੂਨ ਦਾ ਦੌਰਾ ਚੱਲਣ ਕਾਰਨ ਹੱਥ ਗਰਮ ਹੋ ਗਿਆ ਹੈ ਤੇ ਹੁਣ ਉਹ ਖਤਰੇ ਤੋਂ ਬਾਹਰ ਹੈ।ਡਾਕਟਰ ਸ਼ਰਮਾ ਕਹਿੰਦੇ ਹਨ ਕਿ ਅਜੇ ਵੀ ਹਰਜੀਤ ਦੇ ਹੱਥ ਦੀਆਂ ਕਈ ਚੀਜ਼ਾਂ ਦੀ ਮੁਰੰਮਤ ਹੋਣੀ ਬਾਕੀ ਹੈ ਤੇ ਉਸ ਹੱਥ ਨੂੰ ਪੂਰੀ ਤਰ੍ਹਾਂ ਠੀਕ ਹੁੰਦੇ ਹੁੰਦੇ ਚਾਰ ਤੋਂ ਪੰਜ ਮਹੀਨੇ ਲੱਗ ਜਾਣਗੇ।ਉਨ੍ਹਾਂ ਕਿਹਾ ਕਿ ਹਰਜੀਤ ਦੇ ਹੱਥ ਦੀਆਂ ਉਂਗਲੀਆਂ ‘ਚ ਭਾਵੇਂ ਹਿਲਜੁਲ ਹੋਣ ਵੀ ਲੱਗ ਪਵੇ ਪਰ ਇਸ ਦੇ ਬਾਵਜੂਦ ਉਹ ਉਸ ਨੂੰ ਹਿਲਾਉਣ ਦੀ ਇਜ਼ਾਜ਼ਤ ਨਹੀਂ ਦੇਣਗੇ।
ਦੂਜੇ ਪਾਸੇ ਸਬ ਇੰਸਪੈਕਟਰ ਹਰਜੀਤ ਸਿੰਘ ਦਾ ਅਪਰੇਸ਼ਨ ਕਰਨ ਵਾਲੇ ਡਾਕਟਰ ਸੁਨੀਲ ਗਾਬਾ ਕਹਿੰਦੇ ਹਨ ਕਿ ਉਹ ਇਹ ਦੇਖ ਕੇ ਖੁਸ਼ ਹਨ ਕਿ ਹਰਜੀਤ ਦਾ ਹੱਥ ਠੀਕ ਹੋ ਰਿਹਾ ਹੈ।ਡਾਕਟਰ ਗਾਬਾ ਅਨੁਸਾਰ ਅਜੇ ਵੀ ਉਨ੍ਹਾਂ ਨੂੰ ਹਰਜੀਤ ਦਾ ਹੱਥ ਠੀਕ ਕਰਨ ਲਈ ਕਾਫੀ ਕੰਮ ਕਰਨਾ ਪਵੇਗਾ।ਉਨ੍ਹਾਂ ਨੇ ਖੁਲਾਸਾ ਕੀਤਾ ਕਿ ਹਰਜੀਤ ਦੇ ਹੱਥ ਵਿੱਚ ਸਨਸਨੀ ਲਿਆਉਣ ਲਈ ਉਨ੍ਹਾਂ ਨੇ ਜਿਹੜੀਆਂ ਨਸਾਂ ਜੋੜੀਆਂ ਸਨ, ਉਨ੍ਹਾਂ ਨੂੰ ਕੰਮ ਕਰਨ ਵਿੱਚ ਚਾਰ ਮਹੀਨੇ ਦਾ ਸਮਾਂ ਲੱਗੇਗਾ, ਜਿਸ ਮਗਰੋਂ ਹਰਜੀਤ ਦੇ ਹੱਥ ਨੂੰ ਫਿਜ਼ੀਓਥੈਰੇਪੀ ਦਿੱਤੀ ਜਾਵੇਗੀ ਤੇ ਉਸ ਦਾ ਹੱਥ ਪੂਰੀ ਤਰ੍ਹਾਂ ਕੰਮ ਕਰਨ ਲੱਗ ਪਵੇਗਾ।
ਦੱਸ ਦਈਏ ਕ ਲੰਘੀ 12 ਅਪ੍ਰੈਲ ਨੂੰ ਪਟਿਆਲਾ ਦੀ ਸਬਜ਼ੀ ਮੰਡੀ ਦੇ ਬਾਹਰ ਡਿਊਟੀ ਦੇ ਰਹੇ ਹਰਜੀਤ ਸਿੰਘ ਦੇ ਨਿਹੰਗ ਬਾਣੇ ‘ਚ ਆਏ ਕੁਝ ਲੋਕਾਂ ਵੱਲੋਂ ਹਮਲਾ ਕਰਕੇ ਉਸ ਦਾ ਹੱਥ ਉਸ ਵੇਲੇ ਵੱਢ ਦਿੱਤਾ ਸੀ, ਜਦੋਂ ਹਰਜੀਤ ਅਤੇ ਉਸ ਦੇ ਸਾਥੀਆਂ ਨੇ ਹਮਲਾਵਰਾਂ ਕੋਲੋਂ ਕਰਫਿਊ ਪਾਸ ਮੰਗਿਆ ਸੀ।ਇਸ ਹਮਲੇ ਵਿੱਚ ਜਿੱਥੇ ਹਰਜੀਤ ਦਾ ਹੱਥ ਵੱਢਿਆ ਗਿਆ ਸੀ,ਉੱਥੇ ਹੀ ਥਾਣਾ ਸਦਰ ਪਟਿਆਲਾ ਦੇ ਐਸਐਚਓ ਬਿੱਕਰ ਸਿੰਘ ਤੋਂ ਇਲਾਵਾ ਹੋਰ ਕਈ ਮੁਲਾ਼ਜਮ ਜਖ਼ਮੀ ਹੋਏ ਸਨ।ਜਿਸ ਉਪਰੰਤ ਹਰਜੀਤ ਸਿੰਘ ਆਪਣਾ ਧਰਤੀ ਤੇ ਡਿੱਗਾ ਹੋਇਆ ਹੱਥ ਆਪ ਖੁਦ ਚੁੱਕ ਕੇ ਸਕੂਟਰੀ ਤੇ ਬੈਠ ਹਸਪਤਾਲ ਪਹੁੰਚਿਆ ਸੀ, ਜਿੱਥੋਂ ਉਸ ਨੂੰ ਪੀਜੀਆਈ ਚੰਡੀਗੜ ਭੇਜ ਦਿੱਤਾ ਗਿਆ ਸੀ।ਜਿੱਥੋਂ ਦੇ 9 ਡਾਕਟਰਾਂ ਤੇ ਸਟਾਫ ਨਰਸਾਂ ਦੀ ਟੀਮ ਨੇ ਸਾਡੇ ਸੱਤ ਘੰਟੇ ਲੰਬਾ ਆਪਰੇਸ਼ਨ ਕਰਕੇ ਹਰਜੀਤ ਸਿੰਘ ਦਾ ਹੱਥ ਮੁੜ ਜੋੜ ਦਿੱਤਾ ਸੀ।