ਮੁਕਤਸਰ : ਸ਼ਮਸ਼ਾਨਘਾਟ ਤੇ ਪੁਲਿਸ ਇਹ ਦੋ ਅਜਿਹੇ ਅੱਖਰ ਹਨ ਜਿਨ੍ਹਾਂ ਬਾਰੇ ਸੁਣਦਿਆਂ ਸਾਰ ਬੰਦਾ ਕੰਨਾਂ ਨੂੰ ਹੱਥ ਲਾਉਦਿਾਂ ਰੱਬ ਨੂੰ ਯਾਦ ਕਰਨ ਲੱਗ ਪੈਂਦੈ। ਸ਼ਮਾਸ਼ਾਨ ਘਾਟ ਏਸ ਲਈ ਕਿ ਬੰਦਾ ਏਥੇ ਮਰ ਕੇ ਪਹੁੰਚਦਾ ਤੇ ਪੁਲਿਸ ਏਸ ਲਈ ਕਿਉਂਕਿ ਭਾਰਤ ‘ਚ ਬਹੁਤੀ ਥਾਵੇਂ ਏਸ ਮਹਿਕਮੇ ਦੀ ਦਿੱਖ ਹੀ ਡਰਾਉਣ ਵਾਲੀ ਬਣ ਚੁੱਕੀ ਐ, ਲਿਹਾਜ਼ਾ ਜਿਸ ਤੋਂ ਡਰ ਲੱਗੇ ਉਸ ਨੂੰ ਯਾਦ ਕਰਦਿਆਂ ਹੀ ਰੱਬ ਜ਼ਰੂਰ ਯਾਦ ਆਉਂਦਾ। ਪਰ ਦੋਸਤੋ ਅੱਜ ਅਸੀਂ ਤੁਹਾਡੀ ਇਹ ਮਿੱਥ ਤੋੜਨ ਜਾ ਰਹੇ ਹਾਂ ਕਿਉਂਕਿ ਜਿਸ ਪੁਲਿਸ ਵਾਲੇ ਦੀ ਅਸੀਂ ਗੱਲ ਕਰਾਂਗੇ ਉਸ ਤੋਂ ਲੋਕੀ ਡਰਦੇ ਨੀ ਬਲਕਿ ਉਸ ਨੂੰ ਪਿਆਰ ਕਰਦੇ ਨੇ ਸਤਿਕਾਰ ਕਰਦੇ ਨੇ ਤੇ ਜਿਸ ਸ਼ਮਸ਼ਾਨਘਾਟ ਦਾ ਅਸੀਂ ਜਿ਼ਕਰ ਕਰਾਂਗੇ ਉਸ ਨੂੰ ਵੇਖਣ ਸਾਰ ਤੁਹਾਡਾ ਉਂਝ ਹੀ ਮਰਨ ਨੂੰ ਜੀ ਕਰਨ ਲੱਗ ਪਏਗਾ (ਮਜ਼ਾਕ ਐ), ਤੇ ਇਹ ਸ਼ਮਸ਼ਾਨਘਾਟ ਐ ਜਿ਼ਲ੍ਹਾ ਮੁਕਤਸਰ ਦੇ ਪਿੰਡ ਵਾਦੀਆਂ ਦਾ ਜਿੱਥੋਂ ਦੇ ਥਾਣੇਦਾਰ ਜੰਗੀਰ ਸਿੰਘ ਨੇ ਆਪਣੇ ਨਾਮ ਨਾਲ ਇਸ ਸ਼ਮਸ਼ਾਨਘਾਟ ਨੂੰ ਅਜਿਹਾ ਜੋੜਿਐ ਕਿ ਸ਼ਮਸ਼ਾਨਘਾਟ ਵੀ ਚਮਕ ਪਿਐ ਤੇ ਜੰਗੀਰ ਸਿੰਘ ਦਾ ਨਾਮ ਵੀ।
ਦੱਸ ਦਈਏ ਕਿ ਇਹ ਕਹਾਣੀ ਸ਼ੁਰੂੂ ਹੋਈ ਐ ਸਹਾਇਕ ਥਾਣੇਦਾਰ ਜੰਗੀਰ ਸਿੰਘ ਦੇ ਇੱਕ ਕਰੀਬੀ ਦੀ ਮੌਤ ਤੋਂ ਬਾਅਦ ਜਦੋਂ ਜੰਗੀਰ ਸਿੰਘ ਆਪਣੇ ਉਸ ਕਰੀਬੀ ਦਾ ਇਸ ਸ਼ਮਸ਼ਾਨਘਾਟ ਅੰਦਰ ਦਾਹ ਸੰਸਕਾਰ ਕਰਨ ਲਈ ਆਇਆ ਤਾਂ ਉਸ ਨੂੰ ਆਪਣੇ ਰਿਸ਼ਤੇਦਾਰਾਂ ਸਾਹਮਣੇ ਸ਼ਮਸ਼ਾਨਘਾਟ ‘ਚ ਫੈਲੀ ਗੰਦਗੀ ਕਾਰਨ ਸ਼ਰਮਿੰਦਾ ਹੋਣਾ ਪਿਆ।ਜੰਗੀਰ ਸਿੰਘ ਜਿਵੇਂ ਕਿਵੇਂ ਕਰਕੇ ਉਹ ਮੁਰਦਾ ਤਾਂ ਇੱਥੇ ਫੂਕ ਗਿਆ ਪਰ ਨਾਲ ਹੀ ਸਿਵੇੇ ਕੋਲ ਖੜ ਕੇ ਇਹ ਪ੍ਰਣ ਕਰ ਗਿਆ ਕਿ ਹੁਣ ਏਸ ਸ਼ਮਸ਼ਾਨਘਾਟ ਦਾ ਲੋਕ ਮਜ਼ਾਕ ਨਹੀਂ ਉਡਾਉਣਗੇ ਬਲਕਿ ਇੱਥੇ ਸੈਰ ਕਰਨ ਆਇਆ ਕਰਨਗੇ।ਇਸ ਉਪਰੰਤ ਜੰਗੀਰ ਸਿੰਘ ਨੇ ਆਪਣੇ ਪੱਲਿਓਂ ਸੱਠ ਸੱਤਰ ਹਜ਼ਾਰ ਰੁਪਏ ਖਰਚੇ ਤੇ ਕੁਝ ਦਿਹਾੜੀਦਾਰਾਂ ਨੂੰ ਲਾ ਕੇ ਸ਼ਮਸ਼ਾਨਘਾਟ ਨੂੰ ਕਿਸੇ ਪਾਰਕ ਵਾਂਗ ਸਜਾ ਦਿੱਤਾ।ਜਿਸ ਵਿੱਚ ਉਸ ਦਾ ਇਲਾਕੇ ਦੇ ਕੁਝ ਨੌਜਵਾਨਾਂ ਅਤੇ ਵਿਦੇਸ਼ਾਂ ‘ਚ ਬੈਠੇ ਪਿੰਡ ਦੇ ਹਿਤਾਇਸ਼ੀਆਂ ਨੇ ਵੀ ਪੂਰਾ ਸਾਥ ਦਿੱਤਾ।
ਇਸ ਸ਼ਮਸ਼ਾਨਘਾਟ ਅੰਦਰ ਫੁੱਲ, ਬੂਟੇ, ਘਾਹ ਅਤੇ ਕੁਝ ਅਜਿਹੇ ਦਰੱਖਤ ਲਾਏ ਗਏ ਜਿਨ੍ਹਾਂ ਨੂੰ ਕਿ ਵਧੀਆ ਢੰਗ ਨਾਲ ਸਜਾ ਕੇ ਲੋਕਾਂ ਲਈ ਖਿੱਚ ਦਾ ਕੇਂਦਰ ਬਣਾ ਦਿੱਤਾ।ਹੁਣ ਇਸ ਸ਼ਮਸ਼ਾਨਘਾਟ ‘ਚੋਂ ਲੋਕਾਂ ਨੂੰ ਡਰ ਨਹੀਂ ਲੱਗਦਾ ਤੇ ਨਾ ਹੀ ਕੋਈ ਪੁਲਿਸ ਵਾਲਿਆਂ ਕੋਲੋਂ ਭੈਅ ਖਾਂਦਾ ਕਿਉਂਕਿ ਉਨ੍ਹਾਂ ਨੇ ਪੁਲਿਸ ਵਾਲਿਆਂ ਦਾ ਇੱਕ ਰੂਪ ਜੰਗੀਰ ਸਿੰਘ ਦੇ ਰੂਪ ਵਿਚ ਵੀ ਦੇਖਿਐ।
