ਚੰਡੀਗੜ੍ਹ : ਪੰਜਾਬ ਅਤੇ ਮਹਾਂਰਾਸ਼ਟਰਾ ਵੱਲੋਂ ਜ਼ੇਲ੍ਹਾਂ ਅੰਦਰ ਵੱਧਦੀ ਭੀੜ ਮਾਰਨ ਕੋਰੋਨਾ ਦੇ ਖਤਰੇ ਨੂੰ ਮੁੱਖ ਰੱਖਦਿਆਂ ਆਪੋ ਆਪਣੀ ਜ਼ੇਲ੍ਹਾਂ ਵਿੱਚ ਬੰਦ ਕੈਦੀਆਂ ਨੂੰ ਰਿਹਾਅ ਕੀਤੇ ਜਾਣ ਦਾ ਫੈਸਲਾ ਹੋਰਨਾਂ ਸੂਬਿਆਂ ‘ਚ ਬੰਦ ਕਈ ਅਜਿਹੇ ਕੈਦੀਆਂ ਨੂੰ ਤੜਫਾ ਕੇ ਰੱਖ ਗਿਆ, ਜਿਹੜੇ ਪਹਿਲਾਂ ਹੀ ਚਿਰਾਂ ਤੋਂ ਜ਼ੇਲ੍ਹਾਂ ‘ਚੋਂ ਬਾਹਰ ਆਉਣ ਲਈ ਆਨੇ ਬਹਾਨੇ ਤਰਲੋ ਮੱਛੀ ਰਹਿੰਦੇ ਨੇ।ਅਜਿਹੇ ਹੀ ਕੈਦੀਆਂ ਵਿੱਚੋਂ ਇੱਕ ਹੈ ਰਾਜਸਥਾਨ ਦੀ ਜੋਧਪੁਰ ਜ਼ੇਲ੍ਹ ‘ਚ ਬੰਦ ਆਸਾਰਾਮ।ਆਸਾਰਾਮ ਨੇ ਜ਼ੇਲ੍ਹ ਵਿੱਚ ਕੋਰੋਨਾ ਫੈਲਣ ਦਾ ਹਵਾਲਾ ਦੇ ਕੇ ਇੱਕ ਹਜ਼ਾਰ ਬੰਦੀਆਂ ਸਣੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ ਤੇ ਮੰਗ ਕੀਤੀ ਹੈ ਕਿ ਏਸ ਤੋਂ ਪਹਿਲਾਂ ਕਿ ਜ਼ੇਲ੍ਹ ਵਿੱਚ ਕੋਰੋਨਾ ਫੈਲੇ ਉਨ੍ਹਾਂ ਨੂੰ ਪੈਰੋਲ ਤੇ ਰਿਹਾਅ ਕੀਤਾ ਜਾਵੇ ਤਾਂ ਕਿ ਉਹ ਆਪਣੇ ਪਰਿਵਾਰਾਂ ਦੇ ਨਾਲ ਜਾ ਕੇ ਰਹਿ ਸਕਣ।ਦੱਸ ਦਈਏ ਭਾਰਤ ਦੀਆਂ ਸਭ ਤੋਂ ਸੁਰੱਖਿਅਤ ਜ਼ੇਲ੍ਹਾਂ ਵਿੱਚੋਂ ਇੱਕ ਜੋਧਪੁਰ ਜ਼ੇਲ੍ਹ ਵਿੱਚ 1355 ਕੈਦੀ ਅਤੇ ਹਵਾਲਾਤੀ ਬੰਦ ਹਨ, ਜਿਨ੍ਹਾਂ ਵਿੱਚੋਂ 1200 ਬੰਦੀ ਭੁੱਖ ਹੜਤਾਲ ਤੇ ਜਾਣ ਦਾ ਦਾਅਵਾ ਕਰ ਰਹੇ ਹਨ।ਜਦਕਿ ਜ਼ੇਲ੍ਹ ਪ੍ਰਸ਼ਾਸ਼ਨ ਜਿੱਥੇ ਹੜਤਾਲੀ ਬੰਦੀਆਂ ਦੇ ਭੁੱਖ ਹੜਤਾਲ ਵਾਲੇ ਮਾਮਲੇ ਨੂੰ ਡਰਾਮਾ ਕਰਾਰ ਦੇ ਰਿਹਾ ਹੈ, ਉੱਥੇ ਨਾਲ ਹੀ ਇਹ ਵੀ ਦੁਹਰਾਉਂਦਾ ਕਿ ਜ਼ੇਲ੍ਹ ਵਿੱਚੋਂ ਕਿਸੇ ਨੂੰ ਰਿਹਾਅ ਕਰਨਾ ਸਰਕਾਰ ਦੇ ਹੱਥ ਵਿੱਚ ਹੈ, ਉਨ੍ਹਾਂ ਦੇ ਨਹੀਂ।
ਦੱਸ ਦਈਏ ਕਿ ਜੋਧਪੁਰ ਜ਼ੇਲ੍ਹ ਦੇ ਡਾਕਟਰ ਜਗਤ ਚੌਧਰੀ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਲੰਘੀ ਕੱਲ ਵੀਰਵਾਰ ਨੂੰ ਲਗਭਗ ਇੱਕ ਹਜ਼ਾਰ ਬੰਦੀਆਂ ਨੇ ਖਾਣਾ ਨਹੀਂ ਖਾਧਾ।ਜਿਸ ਵਿੱਚ ਆਸਾਰਾਮ ਵੀ ਸ਼ਾਮਿਲ ਸਨ।ਡਾਕਟਰ ਅਨੁਸਾਰ ਆਸਾਰਾਮ ਨੇ ਬੁੱਧਵਾਰ ਨੂੰ ਵੀ ਥੋੜਾ ਬਹੁਤ ਹੀ ਖਾਧਾ ਸੀ ਤੇ ਏਸ ਦੌਰਾਨ ਉਹ ਉਸ ਦੀ ਸਿਹਤ ਜਾਂਚ ਲਗਾਤਾਰ ਕਰ ਰਹੇ ਹਨ, ਜੋ ਦੱਸਦੀ ਹੈ ਕਿ ਉਹ ਬਿਲਕੁਲ ਠੀਕ ਹੈ।ਜ਼ੇਲ੍ਹ ਪ੍ਰਸ਼ਾਸ਼ਨ ਤਰਕ ਦਿੰਦਾ ਹੈ ਕਿ ਜਿਹੜਾ ਵੀ ਕੋਈ ਨਵਾਂ ਕੈਦੀ ਜਾਂ ਹਵਾਲਾਤੀ ਬਾਹਰੋਂ ਜ਼ੇਲ੍ਹ ਦੇ ਅੰਦਰ ਆਉਂਦਾ ਹੈ, ਉਸ ਸੰਬੰਧੀ ਬਹਰ ਨਾਲੋਂ ਵੱਧ ਜੇਲ੍ਹ ਦੇ ਅੰਦਰ ਇਹਤਿਆਤ ਵਰਤੀ ਜਾਂਦੀ ਹੈ।ਜ਼ੇਲ੍ਹ ਵਿੱਚ ਆਉਣ ਵਾਲੇ ਬੰਦੀਆਂ ਦੀ ਹਰ ਤਰ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ।ਜ਼ੇਲ੍ਹ ਸੁਪਰਡੈਂਟ ਕੈਲਾਸ਼ ਤ੍ਰਿਵੇਦੀ ਕਹਿੰਦੇ ਹਨ ਕਿ ਨਵੇਂ ਆਏ ਕੈਦੀਆਂ ਨੂੰ ਪੂਰੀ ਤਰ੍ਹਾਂ ਸੈਨੇਟਾਈਜ਼ ਕਰਨ ਤੋਂ ਬਾਅਦ ਉਸ ਨੂੰ 10 ਦਿਨਾਂ ਲਈ ਵੱਖ ਰੱਖਿਆ ਜਾਂਦਾ ਹੈ ਤੇ ਇੰਝ ਕੋਰੋਨਾ ਫੈਲਣ ਦਾ ਖਤਰਾ ਨਾ ਦੇ ਬਰਾਬਰ ਹੈ।ਤ੍ਰਿਵੇਦੀ ਅਨੁਸਾਰ ਭੁੱਖ ਹੜਤਾਲੀਆਂ ਦਾ ਮਕਸਦ ਸਿਰਫ ਜ਼ੇਲ੍ਹ ‘ਚੋਂ ਬਾਹਰ ਆਉਣਾ ਹੈ ਤੇ ਉਹ ਇਹ ਸਭ ਏਸੇ ਲਈ ਕਰ ਰਹੇ ਹਨ।
ਇੱਧਰ ਦੂਜੇ ਪਾਸੇ ਆਸਾਰਾਮ ਵੱਲੋਂ ਜ਼ੇਲ੍ਹ ‘ਚ ਭੁੱਖ ਹੜਤਾਲ ਕੀਤੇ ਜਾਣ ਦੀ ਖਬਰ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਵਿੱਚ ਇਹ ਨਵੀਂ ਚਰਚਾ ਛਿੜ ਗਈ ਹੈ ਕਿ ਜੇਕਰ ਆਸਾਰਾਮ ਭੁੱਖ ਹੜਤਾਲ ਕਰਕੇ ਜ਼ੇਲ੍ਹ ‘ਚੋਂ ਬਾਹਰ ਆਉਣ ਵਿੱਚ ਕਾਮਯਾਬ ਹੋ ਗਿਆ ਤਾਂ ਸਰਕਾਰ ਨੂੰ ਰਾਮ ਰਹੀਮ ਨੂੰ ਵੀ ਜ਼ੇਲ੍ਹ ‘ਚੋਂ ਬਾਹਰ ਕੱਢਣ ਦਾ ਦਬਾਅ ਝੱਲਣਾ ਪਵੇਗਾ, ਅਜਿਹੇ ਵਿੱਚ ਜੇਕਰ ਅਦਾਲਤਾਂ ਰਾਹੀਂ ਵਾਰ ਵਾਰ ਜ਼ੇਲ੍ਹ ‘ਚੋਂ ਰਿਹਾਅ ਹੋਣ ਦੀਆਂ ਅਸਫਲ ਕੋਸਿ਼ਸ਼ਾਂ ਕਰਦਾ ਆ ਰਿਹਾ ਰਾਮ ਰਹੀਮ ਮੌਜੂਦਾ ਕੋਸਿ਼ਸ਼ ਵਿੱਚ ਕਾਮਯਾਬ ਹੋ ਗਿਆ ਤਾਂ ਫੇਰ ਕਾਨੂੰਨ ਵਿਵਸਥਾ ਦਾ ਤਾਂ ਰੱਬ ਹੀ ਰਾਖਾ ਹੋਵੇਗਾ।ਜਿਸ ਬਾਰੇ ਮਾਹਿਰ ਕਹਿੰਦੇ ਨੇ ਕਿ ਸਰਕਾਰ ਅਜਿਹਾ ਕੋਈ ਵੀ ਰਿਸਕ ਲੈਣ ਨੂੰ ਤਿਆਰ ਨਹੀਂ ਹੋਵੇਗੀ।
