ਨਵੀਂ ਦਿੱਲੀ : ਕੋਰੋਨਾ ਸੰਕਟ ਦੇ ਚੱਲਦਿਆਂ ਸੈਨਾਵਾਂ ਦੇ ਬਜਟ ਵਿੱਚ ਕਟੌਤੀ ਦੇ ਵੀ ਆਸਾਰ ਹਨ l ਮਹਾਂਮਾਰੀ ਦੇ ਜਾਰੀ ਰਹਿਣ ਤੱਕ ਤਿੰਨਾਂ ਸੈਨਾਵਾਂ ਵਿੱਚ ਹਥਿਆਰਾਂ ਦੀ ਖਰੀਦ ਨਹੀਂ ਹੋਵੇਗੀ l ਡਿਪਾਰਟਮੈਂਟ ਆਫ ਮਿਲਟਰੀ ਅਫੇਅਰਜ਼ ਵੱਲੋਂ ਜਾਰੀ ਕੀਤੀ ਗਈ ਚਿੱਠੀ ਵਿੱਚ ਹਥਿਆਰ ਖਰੀਦ ਦੀ ਪ੍ਰਕਿਰਿਆ ਟਾਲਣ ਦੇ ਹੁਕਮ ਦਿੱਤੇ ਗਏ ਹਨ l ਇਹ ਹੁਕਮ ਉਸ ਸਮੇਂ ਆਏ ਹਨ, ਜਦੋਂ ਸੈਨਾਵਾਂ ਦੇ ਆਧੁਨਿਕੀਕਰਣ ਦੇ ਲਈ ਹਥਿਆਰ ਖਰੀਦਣ ਦੀ ਪ੍ਰਕਿਰਿਆ ਜਾਰੀ ਹੈ l
ਭਾਰਤੀ ਹਵਾਈ ਸੈਨਾ ਫਰਾਂਸ ਤੋਂ 36 ਰਾਫੇਲ ਲੜਾਕੂ ਵਿਮਾਨ ਅਤੇ ਰੂਸ ਤੋਂ ਐਸ-400 ਵਾਯੂ ਰੱਖਿਆ ਪ੍ਰਣਾਲੀ ਦੇ ਸੌਦੇ ਦੀ ਅੰਤਿਮ ਸਟੇਜ ਵਿੱਚ ਹੈ l ਉੱਥੇ, ਹੀ ਥਲ ਸੈਨਾ ਅਮਰੀਕਾ ਅਤੇ ਰੂਸ ਸਮੇਤ ਕੁਝ ਹੋਰ ਦੇਸ਼ਾਂ ਤੋਂ ਟੈਂਕ, ਆਟਿਰਲਰੀ ਗਨ ਅਤੇ ਅਸਾਲਟ ਰਾਈਫਲ ਖਰੀਦ ਰਹੀ ਹੈ l ਨੌਸੈਨਾ ਨੇ ਵੀ ਹਾਲ ਹੀ ਵਿੱਚ ਅਮਰੀਕਾ ਤੋਂ 24 ਮਲਟੀਰੋਲ ਹੈਲੀਕਾਪਟਰ ਖਰੀਦਣ ਦੇ ਸੌਦੇ ਤੇ ਦਸਤਖਤ ਕੀਤੇ ਹਨ l
ਮਿਲੀ ਜਾਣਕਾਰੀ ਅਨੁਸਾਰ, ਸਰਕਾਰ ਕੋਰੋਨਾ ਵਾਇਰਸ ਨਾਲ ਲੜਨ ਦੇ ਲਈ ਵੱਡੀ ਰਕਮ ਖਰਚ ਕਰ ਰਹੀ ਹੈ l ਦੇਸ਼ ਵਿੱਚ ਜਾਰੀ ਲਾਕਡਾਊਨ ਦੇ ਦੌਰਾਨ ਸੈਂਕੜੇ ਲੋਕਾਂ ਨੂੰ ਖਾਣਾ ਖਵਾਉਣ ਤੇ ਵੀ ਹਰ ਦਿਨ ਕਰੋੜਾਂ ਰੁਪਏ ਦੀ ਲਾਗਤ ਆ ਰਹੀ ਹੈ l ਸਰਕਾਰ ਆਰਥਿਕ ਸੰਕਟ ਨੂੰ ਟਾਲਣ ਦੇ ਲਈ ਰੱਖਿਆ ਸਮੇਤ ਸਾਰੇ ਮੰਤਰਾਲਿਆਂ ਨੂੰ ਉਨ੍ਹਾਂ ਦੇ ਬਜਟ ਵਿੱਚ ਕਟੌਤੀ ਕਰਨ ਨੂੰ ਕਹਿ ਸਕਦੀ ਹੈ l
