ਪੱਟੀ :- ਆਖ਼ਰ ਓਹੋ ਹੀ ਹੋਇਆ ਜਿਸ ਗੱਲ ਦੀ ਚਰਚਾ ਪਿਛਲੇ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਸੀ। ਤਰਨਤਾਰਨ ਦੇ ਹਲਕਾ ਪੱਟੀ ਅਧੀਨ ਪੈਂਦੇ ਥਾਣੇ ‘ਚ ਲੁਧਿਆਣਾ ਦੇ ਚਰਚਿਤ ਤੇ ਮੁਅੱਤਲ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਖਿਲਾਫ ਪਰਚਾ ਕਰ ਲਿਆ ਗਿਆ ਹੈ। ਭਾਂਵੇ ਕਿ ਸੇਖੋਂ ਖਿਲਾਫ ਇਹ ਮਾਮਲਾ ਪੱਟੀ ਦੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਵਿਰੁੱਧ ਸੋਸ਼ਲ ਮੀਡੀਆ ‘ਤੇ ਇਤਰਾਜ਼ਯੋਗ ਟਿੱਪਣੀਆਂ ਕਰਨ ‘ਤੇ ਕੀਤਾ ਗਿਆ ਹੈ ਪਰ ਇਸ ਦੇ ਬਾਵਜੂਦ ਸਿਆਸੀ ਹਲਕਿਆਂ ‘ਚ ਇਸ ਨੂੰ ਸੇਖੋਂ ਤੇ ਮੰਤਰੀ ਭਾਰਤ ਭੂਸ਼ਣ ਵਿਚਕਾਰ ਬੀਤੇ ਦਿਨੀਂ ਭਖੇ ਵਿਵਾਦ ਨਾਲ ਜੋੜਕੇ ਦੇਖਿਆ ਜਾ ਰਿਹਾ ਹੈ।
ਦੱਸ ਦਈਏ ਕਿ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਨੇ ਲੰਘੀ 20 ਮਈ ਵਾਲੇ ਦਿਨ ਸਵੇਰੇ 6 ਵੱਜਕੇ 54 ਮਿੰਟ ‘ਤੇ ਇੱਕ ਪੋਸਟ ਪਈ ਸੀ ਜਿਸ ਵਿੱਚ ਦੋਸ਼ ਹੈ ਕਿ ਉਨ੍ਹਾਂ ਨੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਦੇ ਖਿਲਾਫ ਇਤਰਾਜ਼ਯੋਗ ਭਾਸ਼ਾ ਦਾ ਇਸਤੇਮਾਲ ਕਰਦੇ ਹੋਏ ਗਿੱਲ ਦੀ ਤੁਲਨਾ ਸੂਬਾ ਸਰਹੰਦ ਤੇ ਨਵਾਬ ਜ਼ਕਰੀਆ ਖ਼ਾਨ ਨਾਲ ਕਰ ਦਿੱਤੀ ਸੀ। ਤੇ ਇੱਥੇ ਹੀ ਸੇਖੋਂ ਗ਼ਲਤੀ ਕਰ ਗਏ ਤੇ ਸ਼ਨੀਵਾਰ ਦੀ ਰਾਤ ਉਨ੍ਹਾਂ ਖਿਲਾਫ ਥਾਣਾ ‘ਚ ਪਰਚਾ ਦਰਜ਼ ਕਰ ਲਿਆ ਗਿਆ।
ਦੱਸ ਦਈਏ ਕਿ ਇਹ ਪਰਚਾ ਪੱਟੀ ਦੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਦੇ ਕਰੀਬੀ ਤੇ ਕਾਂਗਰਸੀ ਆਗੂ ਰਾਜ ਕਰਨ ਸਿੰਘ ਭੱਗੂਪੁਰ ਨੇ ਦਰਜ਼ ਕਰਵਾਇਆ ਹੈ। ਜਿਸ ਵਿੱਚ ਰਾਜ ਕਰਨ ਸਿੰਘ ਭੱਗੂਪੁਰ ਨੇ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਏ ਹਨ ਕਿ ਲੰਘੀ 22 ਮਈ ਵਾਲੇ ਦਿਨ ਉਹ ਆਪਣੀ ਫੇਸਬੁੱਕ ਆਈਡੀ ਖੋਲ੍ਹ ਕੇ ਦੇਖ ਰਹੇ ਸਨ ਕਿ ਅਚਾਨਕ ਉਨ੍ਹਾਂ ਦੀ ਨਿਗਾਹ ਇੱਕ ਅਜਿਹੀ ਪੋਸਟ ‘ਤੇ ਪਈ ਜਿਹੜੀ ਵਿਧਾਇਕ ਹਰਮਿੰਦਰ ਸਿੰਘ ਗਿੱਲ ਦੇ ਖਿਲਾਫ ਸੀ। ਰਾਜ ਕਰਨ ਸਿੰਘ ਭੱਗੂਪੁਰ ਅਨੁਸਾਰ ਇਹ ਪੋਸਟ 20 ਮਈ ਵਾਲੇ ਦਿਨ ਪਾਈ ਗਈ ਸੀ ਤੇ ਇਸ ਵਿਚ ਵਿਧਾਇਕ ਹਰਮਿੰਦਰ ਸਿੰਘ ਗਿੱਲ ਦੇ ਖਿਲਾਫ ਇਤਰਾਜ਼ਯੋਗ ਭਾਸ਼ਾ ਦਾ ਇਸਤੇਮਾਲ ਕੀਤਾ ਗਿਆ ਸੀ।
ਰਾਜ ਕਰਨ ਸਿੰਘ ਭੱਗੂਪੁਰ ਵੱਲੋਂ ਲਾਏ ਗਏ ਇਲਜ਼ਾਮਾਂ ਦੀ ਪੁਸ਼ਟੀ ਕਰਦਿਆਂ ਥਾਣਾ ਮੁਖੀ ਅਜੇ ਖੁੱਲਰ ਨੇ ਦੱਸਿਆ ਕਿ ਬਲਵਿੰਦਰ ਸਿੰਘ ਸੇਖੋਂ ਖਿਲਾਫ ਮਾਮਲਾ ਦਰਜ਼ ਕਰ ਇਆ ਗਿਆ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਬਲਵਿੰਦਰ ਸਿੰਘ ਸੇਖੋਂ ਨੇ ਇਹ ਫੇਸਬੁੱਕ ਪੋਸਟ ਥਾਣਾ ਹਰੀਕੇ ਪੱਤਣ ਦੇ ਐਸਐਚਓ ਨਵਦੀਪ ਸਿੰਘ ਅਤੇ ਹਰਮਿੰਦਰ ਸਿੰਘ ਗਿੱਲ ਦੀ ਇੱਕ ਆਡੀਓ ਵਾਇਰਲ ਹੋਣ ਉਪਰੰਤ ਪਾਈ ਸੀ ਜਿਸ ਵਿੱਚ ਸੇਖੋਂ ਨੇ ਨਵਦੀਪ ਸਿੰਘ ਦੀ ਬਦਲੀ ‘ਤੇ ਇਤਰਾਜ਼ ਜਾਹਰ ਕਰਦਿਆਂ ਪੰਜਾਬ ਦੇ ਡੀਜੀਪੀ ਕੋਲੋਂ ਵੀ ਸਵਾਲ ਕੀਤੇ ਸਨ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਬਲਵਿੰਦਰ ਸਿੰਘ ਸੇਖੋਂ ਨੇ ਲੁਧਿਆਣਾ ਤੋਂ ਕਾਂਗਰਸੀ ਵਿਧਾਇਕ ਤੇ ਪੰਜਾਬ ਸਰਕਾਰ ਦੇ ਮੰਤਰੀ ਭਾਰਤ ਭੂਸ਼ਣ ਆਸ਼ੂ ਖਿਲਾਫ ਵੀ ਆਪਣਾ ਵਿਵਾਦ ਵੱਧ ਜਾਣ ਮਗਰੋਂ ਇੱਕ ਪੱਤਰਕਾਰ ਸਮੇਲਨ ਕਰਕੇ ਆਸ਼ੂ ਦੇ ਅੱਤਵਾਦੀਆਂ ਨਾਲ ਸਬੰਧਾਂ ਬਾਰੇ ਵੱਡੇ ਦੋਸ਼ ਲਾਏ ਸਨ। ਜਿਨ੍ਹਾਂ ਨੂੰ ਮੁਖ ਮੰਤਰੀ ਨੇ ਖੁਦ ਦਖ਼ਲ ਦੇਕੇ ਸਾਰੇ ਇਲਜ਼ਾਮਾਂ ਨੂੰ ਖਾਰਜ ਕਰ ਦਿੱਤਾ ਸੀ।