ਜਲੰਧਰ : ਜਲੰਧਰ ਵਿੱਚ ਲੋਕ ਡਾਊਨ ਦੌਰਾਨ 7 ਨੌਜਵਾਨਾਂ ਨੇ ਗੁੰਡਾਗਰਦੀ ਦੀਆਂ ਹੱਦਾਂ ਪਾਰ ਕਰਦੇ ਹੋਏ ਇੱਕ ਸਬਜ਼ੀ ਵਾਲੇ ਨੂੰ ਜ਼ਖਮੀ ਕਰ ਦਿੱਤਾ। ਵਾਰਦਾਤ ਦੀ ਵਜ੍ਹਾ ਸਸਤੇ ਭਾਅ ਵਿੱਚ ਸਬਜ਼ੀ ਨਾ ਦੇਣ ਨੂੰ ਦਸਿਆ ਜਾ ਰਿਹਾ ਹੈ। ਇਸਦੇ ਬਾਅਦ ਨੌਜਵਾਨਾਂ ਨੇ ਸਬਜ਼ੀ ਵਾਲੇ ਤੇ ਦਾਤਰ ਨਾਲ ਹਮਲਾ ਕਰ ਦਿੱਤਾ। ਇਹ ਘਟਨਾ ਮਿਠਾਈ ਦੀ ਇਕ ਦੁਕਾਨ ਦੇ ਬਾਹਰ ਲਗੇ ਕੈਮਰੇ ਵਿੱਚ ਕੈਦ ਹੋ ਗਈ ਹ। ਕੈਮਰੇ ਦੀ ਫੁਟੇਜ ਅਤੇ ਸਬਜ਼ੀ ਵਾਲੇ ਦੀ ਸ਼ਿਕਾਇਤ ਦੇ ਆਧਾਰ ਤੇ ਪੁਲਿਸ ਮਾਮਲੇ ਦੀ ਜਾਂਚ ਵਿੱਚ ਲੱਗੀ ਹੋਈ ਹੈ।
ਇਸ ਸਬੰਧ ‘ਚ ਸਬਜ਼ੀ ਵਾਲੇ ਕਿਸ਼ੋਰ ਕੁਮਾਰ ਵਾਸੀ ਕ੍ਰਿਸ਼ਨਾ ਨਗਰ ਨੇ ਪੁਲਿਸ ਨੂੰ ਦਿੱਤੇ ਬਿਆਨ ‘ਚ ਦਸਿਆ ਕਿ ਉਹ ਗਲੀਆਂ ਮੁਹੱਲਿਆਂ ਵਿੱਚ ਸਬਜ਼ੀ ਵੇਚਦਾ ਹੈ। ਬੀਤੇ ਦਿਨੀਂ ਉਹ ਆਦਰਸ਼ ਨਗਰ ਵਿੱਚ ਸਬਜ਼ੀ ਵੇਚ ਰਿਹਾ ਸੀ ਕਿ ਐਨੇ ਵਿੱਚ ਇਕ ਨੌਜਵਾਨ ਆਇਆ ਅਤੇ ਉਸ ਤੋਂ ਸਬਜ਼ੀ ਖਰੀਦਣ ਲੱਗਾ। ਕਿਸ਼ੋਰ ਕੁਮਾਰ ਅਨੁਸਾਰ ਜਦੋਂ ਪੈਸੇ ਦੇਣ ਦੀ ਗੱਲ ਆਈ ਤਾਂ ਉਹ ਖਰੀਦ ਭਾਅ ਤੋਂ ਵੀ ਘੱਟ ਦੇਣ ਦੀ ਗੱਲ ਕਰਨ ਲੱਗਾ। ਉਸਨੇ ਦਸਿਆ ਕਿ ਉਸਦੇ ਘੱਟ ਭਾਅ ਚ ਸਬਜ਼ੀ ਵੇਚਣ ਤੋਂ ਮਨ੍ਹਾਂ ਕਰਨ ਮਗਰੋਂ ਉਹ ਨੌਜਵਾਨ ਉਸ ਨੂੰ ਗਾਲ੍ਹਾਂ ਕੱਢਣ ਲਗਾ। ਇਸ ਦੌਰਾਨ ਰੌਲਾ ਸੁਣਕੇ ਆਲੇ ਦੁਆਲੇ ਦੇ ਲੋਕਾਂ ਨੇ ਵਿੱਚ ਆਕੇ ਜਿਵੇਂ ਤਿਵੇਂ ਇੱਕ ਵਾਰ ਤਾਂ ਉਸਨੂੰ ਉਥੋਂ ਭੇਜ ਦਿੱਤਾ ਪਰ ਥੋੜੀ ਦੇਰ ਬਾਅਦ ਉਹ ਆਪਣੇ ਸਾਥੀਆਂ ਨਾਲ ਵਾਪਿਸ ਆ ਗਿਆ ਤੇ ਆਉਣ ਸਾਰ ਸਾਰੇ ਬੁਰੀ ਤਰ੍ਹਾਂ ਸਬਜ਼ੀ ਵਾਲੇ ਦੀ ਕੁੱਟਮਾਰ ਕਰਨ ਲਗੇ। ਉਹਨਾਂ ਨੇ ਸਾਰੀਆਂ ਸਬਜ਼ੀਆਂ ਵੀ ਰੇਹੜੀ ਤੋਂ ਥੱਲੇ ਸੁੱਟ ਦਿੱਤੀਆਂ।
ਪੀੜਿਤ ਦੀ ਸ਼ਿਕਾਇਤ ‘ਤੇ ਪੁਲਿਸ ਨੇ ਅਣਪਛਾਤੇ ਲੋਕਾਂ ਦੇ ਖਿਲਾਫ ਕੇਸ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਇਹ ਘਟਨਾ ਉਸ ਘਟਨਾ ਵਾਲੀ ਜਗ੍ਹਾ ਦੇ ਕੋਲ ਹੀ ਮਿਠਾਈ ਵਾਲੀ ਦੁਕਾਨ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਪੁਲਿਸ ਨੇ 2 ਦੀ ਪਹਿਚਾਣ ਰਵਿੰਦਰ ਸਿੰਘ ਅਤੇ ਬੰਟੀ ਦੇ ਰੂਪ ਵਿੱਚ ਕਰ ਲਈ ਹੈ, ਬਾਕੀਆਂ ਦੀ ਪਹਿਚਾਣ ਕੀਤੀ ਜਾ ਰਹੀ ਹੈ।
