ਕਪੂਰਥਲਾ : ਪੰਜਾਬ ਸਰਕਾਰ ਦੀਆਂ ਨੀਤੀਆਂ ਤੋਂ ਪਰੇਸ਼ਾਨ ਅਸਥਾਈ ਈਜੀਐੱਸ-ਐੱਸਟਿਆਰ ਟੀਚਰ ਪੈਟ੍ਰੋਲ ਦੀ ਬੋਤਲ ਲੈ ਕੇ ਐਤਵਾਰ ਦੀ ਦੇਰ ਰਾਤ 12 ਵਜੇ ਅਫਸਰ ਕਾਲੋਨੀ ਵਿੱਚ ਐੱਸਡੀਐਮ ਦੇ ਘਰ ਦੇ ਕੋਲ ਪੈਂਦੇ ਇੱਕ ਮੋਬਾਈਲ ਟਾਵਰ ਤੇ ਜਾ ਚੜ੍ਹਿਆ। ਇਸ ਸਬੰਧ ‘ਚ ਸੋਮਵਾਰ ਸਵੇਰ ਜਦੋਂ ਪਤਾ ਲੱਗਾ ਤਾਂ ਜਿਲ੍ਹਾ ਪ੍ਰਸ਼ਾਸ਼ਨ ਦੇ ਹੱਥ ਪੈਰ ਫੁੱਲ ਗਏ।
ਸਿਵਿਲ ਅਤੇ ਪੁਲਿਸ ਪ੍ਰਸ਼ਾਸ਼ਨਿਕ ਅਮਲਾ ਸਵੇਰੇ 5 ਵਜੇ ਤੋਂ ਉਹਨਾਂ ਨੂੰ ਮਨਾ ਕੇ ਨੀਚੇ ਉਤਾਰਨ ਵਿੱਚ ਲੱਗਿਆ ਰਿਹਾ ਪਰ ਟੀਚਰ ਸਾਥੀਆਂ ਦੇ ਰੈਗੂਲਰ ਸਮੇਤ ਹੋਰ ਮੰਗਾਂ ਦੀ ਮੰਨੇ ਜਾਣ ਤੱਕ ਉਹ ਫੈਸਲੇ ‘ਤੇ ਅੜਿਆ ਰਿਹਾ ਅਤੇ ਨੀਚੇ ਉਤਾਰਨ ਤੋਂ ਸਾਫ ਇਨਕਾਰ ਕਰ ਦਿੱਤਾ। ਉਸ ਨੇ ਮੋਬਾਇਲ ਟਾਵਰ ਦੇ ਉੱਪਰ ਤੋਂ ਹੀ ਵੀਡੀਓ ਵਾਇਰਲ ਕਰਕੇ ਪੰਜਾਬ ਸਰਕਾਰ ਅਤੇ ਸਿੱਖਿਆ ਮੰਤਰੀ ਨੂੰ ਆਤਮ ਹਤਿਆ ਦੀ ਧਮਕੀ ਦੇ ਦਿੱਤੀ। ਉਸ ਨੇ ਕਿਹਾ ਕਿ ਰੈਗੂਲਰ ਨਹੀਂ ਕੀਤਾ ਗਿਆ ਤਾਂ ਉਸਦੀ ਲਾਸ਼ ਹੀ ਨੀਚੇ ਆਵੇਗੀ।
ਮੋਬਾਈਲ ਟਾਵਰ ਤੇ ਚੜੇ ਈਜੀਐੱਸ ਟੀਚਰ ਨਿਸ਼ਾਂਤ ਕੁਮਾਰ ਨੇ ਦਸਿਆ ਕਿ ਪਿਛਲੇ ਲਗਭਗ 12-13 ਸਾਲ ਤੋਂ ਸਿੱਖਿਆ ਵਿਭਾਗ ਵਿੱਚ ਉਹਨਾਂ ਦਾ ਸ਼ੋਸ਼ਣ ਹੋ ਰਿਹਾ ਹੈ। ਕਾਫੀ ਸੰਘਰਸ਼ ਮਗਰੋਂ ਜਦ ਉਹਨਾ ਦੀ ਨਿਯੁਕਤੀ ਕੀਤੀ ਵੀ ਗਈ ਤਾਂ ਤਨਖਾਹ ਸਿਰਫ 5 ਹਜ਼ਾਰ ਰੁਪਏ ਮਹੀਨਾ ਮਿਲ ਰਹੀ ਹੈ। ਉਸਨੇ ਸਵਾਲ ਕੀਤਾ ਕਿ ਇੰਨੀ ਘੱਟ ਤਨਖਾਹ ਵਿੱਚ ਘਰ ਕਿਵੇਂ ਚੱਲੇਗਾ।
ਨਿਸ਼ਾਂਤ ਕੁਮਾਰ ਅਨੁਸਾਰ ਲੰਬੇ ਸਮੇਂ ਤੋਂ ਉਹ ਰੈਗੂਲਰ ਕਰਨ ਸਮੇਤ ਹੋਰ ਮੰਗਾਂ ਨੂੰ ਲੈ ਕੇ ਉਹ ਲੋਕ ਸੰਘਰਸ਼ ਕਰ ਰਹੇ ਹਨ,, ਪਰ ਪੰਜਾਬ ਸਰਕਾਰ ਦੇ ਕੰਨ ਤੇ ਜੂੰ ਤੱਕ ਨਹੀਂ ਸਰਕ ਰਹੀ ਹੈ।ਇਸ ਅਧਿਆਪਕ ਨੇ ਕਿਹਾ ਕਿ ਹੁਣ ਕੋਰੋਨਾ ਸੰਕਟ ਵਿੱਚ ਤਾਂ ਉਹਨਾਂ ਦਾ ਹੋਰ ਵੀ ਬੁਰਾ ਹਾਲ ਹੈ। ਘਰ ਦਾ ਚੁੱਲ੍ਹਾ ਤੱਕ ਠੰਡਾ ਹੋ ਚੁਕਿਆ ਹੈ ਪਰ ਕੋਈ ਵੀ ਉਹਨਾਂ ਦੀ ਸਾਰ ਨਹੀਂ ਲੈ ਰਿਹਾ ਹੈ। ਉਹ ਤੰਗ ਆ ਚੁਕਿਆ ਹੈ, ਇਸ ਲਈ ਹੀ ਉਹ ਪੈਟਰੋਲ ਲੈ ਕੇ ਟਾਵਰ ਤੇ ਚੜਿਆ ਹੈ।
ਉਸਨੇ ਕਿਹਾ ਕਿ ਜਦ ਤਕ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਦ ਤੱਕ ਉਹ ਟਾਵਰ ‘ਤੇ ਹੀ ਰਹੇਗਾ ਅਤੇ ਨੀਚੇ ਉਸਦੀ ਲਾਸ਼ ਹੀ ਆਵੇਗੀ। ਟਾਵਰ ਦੇ ਨੀਚੇ ਖੜੇ ਐੱਸਡੀਐਮ ਵੀਪੀਐੱਸ ਬਾਜਵਾ, ਡੀਐੱਸਪੀ ਸਬ ਡਿਵੀਜ਼ਨ ਹਰਿੰਦਰ ਸਿੰਘ ਗਿੱਲ, ਡੀਈਓ ਆਲੀਮੈਂਟਰੀ ਗੁਰਭਜਨ ਸਿੰਘ ਲਾਸਾਨੀ ਅਤੇ ਟੀਚਰ ਯੂਨੀਅਨ ਦੇ ਆਗੂ ਉਸ ਨੂੰ ਮਨਾਉਣ ਵਿੱਚ ਲੱਗੇ ਰਹੇ।
ਕਰੀਬ 5 ਘੰਟੇ ਬਾਅਦ 10 ਵਜੇ ਦੇ ਕਰੀਬ ਡੀਸੀ ਕਪੂਰਥਲਾ ਦੀਪਤੀ ਉੱਪਲ ਨਾਲ ਉਸਦੀ ਬੈਠਕ ਕਰਵਾ ਮਸਲੇ ਦਾ ਸਮਾਧਾਨ ਦਿਤਾ ਗਿਆ ਤਾਂ ਉਹ ਨੀਚੇ ਉਤਰਿਆ। ਡੀਐੱਸਪੀ ਸਬ ਡਿਵੀਜ਼ਨ ਹਰਿੰਦਰ ਸਿੰਘ ਗਿੱਲ ਨੇ ਕਿਹਾ ਕਿ ਉਸਦੀ ਮੰਗਾਂ ਮੰਨਣ ਦਾ ਅਧਿਕਾਰ ਸਰਕਾਰ ਦੇ ਕੋਲ ਹੈ।
ਉਸਨੂੰ ਸਮਝਾ ਕੇ ਏਡੀਸੀ ਸਮਾਨਯਾ ਰਾਹੁਲ ਚਾਬਾ ਨਾਲ ਗੱਲ ਕਰਵਾ ਕੇ ਮੰਗਾਂ ਨੋਟ ਕਰਵਾ ਦਿੱਤੀਆਂ ਹਨ, ਜਿਹਨਾਂ ਨੇ ਉਸ ਦੀਆਂ ਮੰਗਾਂ ਪੰਜਾਬ ਸਰਕਾਰ ਦੇ ਕੋਲ ਪਹੁੰਚਾਉਣ ਦਾ ਭਰੋਸਾ ਦਿੱਤਾ ਹੈ। ਜਿਸ ਦੇ ਬਾਅਦ ਉਸ ਨੂੰ ਸੁਰੱਖਿਅਤ ਨੀਚੇ ਉਤਾਰ ਲਿਆ ਗਿਆ ਹੈ।
ਦੱਸ ਦਈਏ ਕਿ ਨਿਸ਼ਾਂਤ ਕੁਮਾਰ ਪਹਿਲਾਂ ਵੀ ਇੰਝ ਹੀ ਪਾਣੀ ਦੀ ਟੈਂਕੀ ‘ਤੇ ਚੜ੍ਹ ਕੇ ਹਾਈ ਪ੍ਰੋਫਾਈਲ ਡਰਾਮਾ ਕਰ ਚੁਕਿਆ ਹੈ। ਬਠਿੰਡਾ ਵਿੱਚ ਵੀ ਉਹ ਕਾਫੀ ਦਿਨ ਤੱਕ ਟੈਂਕੀ ਤੇ ਚੜ੍ਹ ਕੇ ਮੰਗਾਂ ਦੇ ਸਮਰਥਨ ਵਿੱਚ ਜੁਟਿਆ ਰਿਹਾ। ਉਸ ਨੇ ਆਤਮ ਹੱਤਿਆ ਦੀ ਕੋਸ਼ਿਸ਼ ਵੀ ਕੀਤੀ ਸੀ।ਜਿਸ ਨੂੰ ਲੈ ਕੇ ਥਾਣਾ ਸਿਟੀ ਵਿੱਚ ਕੇਸ ਵੀ ਦਰਜ ਹੋਇਆ ਹੈ।
ਘਰ ਚਲਾਉਣ ਦੇ ਲਈ ਨਿਸ਼ਾਂਤ ਸਕੂਲ ਟਾਈਮ ਦੇ ਬਾਅਦ ਜਲੰਧਰ ਵਿੱਚ ਆਟੋ ਵੀ ਚਲਾਂਦਾ ਰਿਹਾ ਹੈ। ਕਪੂਰਥਲਾ ਦੇ ਕਈ ਰੈਸਟੂਰੈਂਟ ਤੇ ਹੋਮ ਡਿਲਿਵਰੀ ਦਾ ਕੰਮ ਵੀ ਕੀਤਾ ਅਤੇ ਕੋਰੋਨਾ ਸੰਕਟ ਦੇ ਦੌਰ ਵਿੱਚ ਉਸਨੇ ਰੇਹੜੀ ਤੇ ਸਬਜ਼ੀ ਤੱਕ ਵੇਚੀ ਹੈ ।