ਲੁਧਿਆਣਾ ;ਸ਼ਹਿਰ ਦੇ ਕੋਟ ਮੰਗਲ ਇਲਾਕੇ ਵਿੱਚ ਇੱਕ ਪਿਤਾ ਵੱਲੋਂ ਸਹੁਰੇ ਘਰ ਤੋਂ ਪੇਕੇ ਰਹਿਣ ਆਈ ਆਪਣੀ ਧੀ ਨੂੰ ਸਿਰਫ ਇਸ ਲਈ ਤੇਜ਼ਧਾਰ ਹਥਿਆਰਾਂ ਨਾਲ ਬੁਰੀ ਤਰ੍ਹਾਂ ਜਖ਼ਮੀ ਕਰ ਦਿਤਾ ਕਿਉਂਕਿ ਧੀ ਦੇ ਵਿਆਹ ਨੂੰ ਡੇਢ ਸਾਲ ਬੀਤ ਜਾਣ ਤੋਂ ਬਾਅਦ ਵੀ ਉਸ ਦੇ ਘਰ ਕੋਈ ਔਲਾਦ ਨਹੀਂ ਪੈਦਾ ਹੋਈ ਸੀ । ਜਖ਼ਮੀ ਵਿਆਹੁਤਾ ਨੂੰ ਸੀਐਮਸੀ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਹੈ l ਪੀੜਿਤ ਔਰਤ ਦੀ ਪਹਿਚਾਣ ਰੁਪਿੰਦਰ ਕੌਰ (25) ਵੱਜੋਂ ਹੋਈ ਹੈ l
ਇਸ ਸਬੰਧ ਵਿੱਚ ਥਾਣਾ ਡਿਵੀਜ਼ਨ 6 ਦੀ ਪੁਲਿਸ ਨੇ ਡਾਬਾ ਰੋਡ ਤੇ ਰਹਿੰਦੇ ਜਖ਼ਮੀ ਔਰਤ ਦੇ ਪਤੀ ਗੁਰਦੀਪ ਸਿੰਘ ਦੀ ਸ਼ਿਕਾਇਤ ਤੇ ਕੋਟ ਮੰਗਲ ਸਿੰਘ ਵਾਸੀ ਕੁਲਵੰਤ ਸਿੰਘ ਖਿਲਾਫ਼ ਕਤਲ ਕਰਨ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕਰ ਲਿਆ ਹੈ । ਪੁਲਿਸ ਨੇ ਮੁਲਜ਼ਮ ਕੁਲਵੰਤ ਸਿੰਘ ਨੂੰ ਗਿਰਫ਼ਤਾਰ ਕਰ ਲਿਆ ਹੈ l ਗੁਰਦੀਪ ਸਿੰਘ ਦੀ ਸ਼ਿਕਾਇਤ ਮੁਤਾਬਿਕ ਉਸਦਾ ਵਿਆਹ ਰੁਪਿੰਦਰ ਕੌਰ ਦੇ ਨਾਲ ਕਰੀਬ ਡੇਢ ਸਾਲ ਪਹਿਲਾਂ ਹੋਇਆ ਸੀ, ਪਰ ਉਸਦੇ ਘਰ ਕੋਈ ਔਲਾਦ ਨਹੀਂ ਹੋਈ l ਉਸਨੇ ਦੱਸਿਆ ਕਿ ਉਸਦੀ ਪਤਨੀ ਬੀਮਾਰ ਚੱਲ ਰਹੀ ਸੀ,ਤੇ ਉਸਦਾ ਇਲਾਜ ਚੱਲ ਰਿਹਾ ਸੀ l ਉਸਦੇ ਕਹਿਣ ਮੁਤਾਬਿਕ ਕਰੀਬ ਦੋ ਮਹੀਨੇ ਪਹਿਲਾਂ ਕੁਲਵੰਤ ਸਿੰਘ ਆਪਣੀ ਕੁੜੀ ਨੂੰ ਆਪਣੇ ਨਾਲ ਪੇਕੇ ਲੈ ਆਇਆ ਸੀ l ਸ਼ੁੱਕਰਵਾਰ ਨੂੰ ਦੋਨਾਂ ਬਾਪ ਧੀ ਵਿੱਚ ਕੀ ਗੱਲ ਹੋਈ, ਕਿਸੇ ਨੂੰ ਕੁਝ ਨਹੀਂ ਪਤਾ l
ਦੱਸ ਦਈਏ ਕਿ ਰੁਪਿੰਦਰ ਕੌਰ ਘਰ ਦੀ ਉੱਪਰਲੀ ਮੰਜ਼ਿਲ ਉੱਤੇ ਬੰਦ ਕਮਰੇ ਵਿੱਚ ਸੁੱਤੀ ਪਈ ਸੀ l ਕੁਲਵੰਤ ਸਿੰਘ ਨੀਚੇ ਫ਼ੈਕਟਰੀ ਵਿੱਚੋਂ ਕੁਹਾੜੀ ਲੈ ਕੇ ਉੱਪਰ ਆਇਆ,’ਤੇ ਧੀ ਨੂੰ ਸੁੱਤੀ ਦੇਖ ਕੇ ਕੁਹਾੜੀ ਨਾਲ ਉਸਦੀ ਗਰਦਨ ਤੇ ਪੰਜ ਛੇ ਵਾਰ ਕਰਕੇ,ਉਸਨੂੰ ਲਹੂ ਲੁਹਾਣ ਕਰਕੇ ਸਾਹ ਘੁੱਟਣ ਲਈ ਉਸ ਤੇ ਗੱਦੇ ਰੱਖ ਕੇ ਨੀਚੇ ਫ਼ੈਕਟਰੀ ਵਿੱਚ ਚਲਾ ਗਿਆ l ਨੀਚੇ ਜਾ ਕੇ ਉਸਨੇ ਪੁਲਿਸ ਨੂੰ ਫ਼ੋਨ ਕਰਕੇ ਆਪਣਾ ਜ਼ੁਰਮ ਕਬੂਲ ਕੀਤਾ ਅਤੇ ਮੌਕੇ ਤੇ ਪਹੰੁਚ ਕੇ ਪੁਲਿਸ ਨੇ ਉਸਨੂੰ ਗਿਰਫ਼ਤਾਰ ਕਰ ਲਿਆ l ਪੁਲਿਸ ਨੇ ਜ਼ਖਮੀ ਰੁਪਿੰਦਰ ਨੂੰ ਗੰਭੀਰ ਹਾਲਤ ‘ਚ ਹਸਪਤਾਲ ਭਰਤੀ ਕਰਵਾਇਆ ਹੈ ਜਿਸਦਾ ਇਲਾਜ ਜਾਰੀ ਹੈ l ਜਾਂਚ ਅਧਿਕਾਰੀ ਅਨੁਸਾਰ ਰੁਪਿੰਦਰ ਕੌਰ ਦੀ ਹਾਲਤ ਬਹੁਤ ਜ਼ਿਆਦਾ ਗੰਭੀਰ ਹੈ ਤੇ ਉਹ ਕੋਈ ਵੀ ਬਿਆਨ ਨਹੀਂ ਦੇ ਸਕਦੀ l ੳਸਦੇ ਬਿਆਨ ਦੇਣ ਤੋਂ ਬਾਅਦ ਹੀ ਪੁਲਿਸ ਅਗਲੀ ਕਾਰਵਾਈ ਕਰੇਗੀ l
