ਨਵੀਂ ਦਿੱਲੀ ; ਇੱਥੋਂ ਦੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਉਸ ਸਮੇਂ ਭਾਜੜਾਂ ਪੈ ਗਈਆਂ l ਜਦੋਂ ਗੁਰਦੁਆਰਾ ਪ੍ਰਬੰਧਕਾਂ ਅਤੇ ਸੰਗਤ ਨੂੰ ਇਹ ਪਤਾ ਲੱਗਾ ਕਿ ਲੰਗਰ ਵਿੱਚ ਪਕਾਈ ਗਈ ਦਾਲ ਪਲਾਸਟਿਕ ਦੀ ਹੈ l ਦੱਸ ਦਈਏ ਕਿ ਗੁਰੁਦੁਆਰਾ ਸਾਹਿਬ ਵਿੱਚ ਪੱਕਣ ਵਾਲੀ ਦਾਲ ਕੋਈ ਸਾਧਾਰਨ ਦਾਲ ਨਹੀਂ ਹੈ,ਇਸ ਦਾਲ ਵਿੱਚ ਪਲਾਸਟਿਕ ਦੀ ਦਾਲ ਮਿਲਾਈ ਗਈ ਹੈ l ਇਹ ਗੱਲ ਖੁਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਹੀ ਹੈ, ਕਿ ਇਹ ਕਿਸੇ ਦੀ ਸ਼ਰਾਰਤ ਹੈ l
ਲੰਗਰ ਹਾਲ ਦੇ ਪ੍ਰਬੰਧਕਾਂ ਅਨੁਸਾਰ ਇੱਕ ਵਾਰ ਤਾਂ ਇਹ ਦਾਲ ਪਕਾ ਵੀ ਲਈ ਗਈ ਸੀ, ‘ਤੇ ਅਰਦਾਸ ਕਰਨ ਤੋਂ ਬਾਅਦ ਜਦੋਂ ਸੰਗਤ ਨੂੰ ਵਰਤਾਈ ਜਾਣ ਲੱਗੀ ਤਾਂ ਉਸ ਤੋਂ ਪਹਿਲਾਂ ਉਨ੍ਹਾਂ ਨੂੰ ਇਹ ਸ਼ੱਕ ਹੋਇਆ ਕਿ ਦਾਲ ਵਿੱਚ ਕੁਝ ਦਾਣੇ ਪਲਾਸਟਿਕ ਦੇ ਮਿਲਾਏ ਹੋਏ ਸਨ l
ਘਟਨਾ ਪਤਾ ਲੱਗਦਿਆਂ ਹੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਤੁਰੰਤ ਮੀਟਿੰਗ ਸੱਦ ਕੇ ਸਾਰੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰਨ ਦੇ ਨਾਲ-ਨਾਲ ਮਾਮਲਾ ਪੁਲਿਸ ਦੇ ਹਵਾਲੇ ਵੀ ਕਰ ਦਿੱਤਾ ਹੈ l ਉਨ੍ਹਾਂ ਨੇ ਕਿਹਾ ਕਿ ਜਿਸਨੇ ਵੀ ਇਹ ਕੰਮ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਕੀਤਾ ਹੈ, ਉਹ ਕਿਸੇ ਹੋਰ ਧਾਰਮਿਕ ਸਥਾਨ ਜਾਂ ਗੁਰਦੁਆਰਾ ਸਥਾਨ ‘ਤੇ ਵੀ ਕਰ ਸਕਦਾ ਹੈ l
ਬਿਨਾਂ ਸ਼ੱਕ ਮਾਮਲਾ ਬੇਹੱਦ ਗੰਭੀਰ ਹੈ, ਤੇ ਇਹ ਘਿਨੌਣਾ ਕੰਮ ਗੁਰੂ ਦੇ ਉਸ ਲੰਗਰ ਅਸਥਾਨ ਤੇ ਹੋਇਆ ਹੈ l ਜਿਸ ‘ਤੇ ਸਿਰਫ਼ ਸਿੱਖ ਕੌਮ ਹੀ ਨਹੀਂ,ਬਲਕਿ ਖਾਲਸਾ ਏਡ ਵੱਲੋਂ ਕੀਤੇ ਗਏ,ਯਤਨਾਂ ਤੋਂ ਬਾਅਦ ਅੱਜ ਦੁਨੀਆਂ ਭਰ ਦੇ ਲਗਭਗ ਸਾਰੇ ਦੇਸ਼ਾਂ ਦੇ ਲੋਕ ਯਕੀਨ ਕਰਦੇ ਨੇ ‘ਤੇ ਅਜਿਹੇ ਵਿੱਚ ਜੇਕਰ ਲੰਗਰ ਅੰਦਰ ਵੀ ਅਜਿਹਾ ਕੁਝ ਹੋਣ ਲੱਗ ਪਿਆ ਹੈ, ਤਾਂ ਫ਼ਿਰ ਸਿੱਖ ਕੌਮ ਦੀ ਸ਼ਾਖ ਨੂੰ ਬਹੁਤ ਵੱਡਾ ਧੱਕਾ ਲੱਗ ਸਕਦਾ ਹੈ l ਲਿਹਾਜ਼ਾ ਇਸ ਗੱਲ ਦੀ ਡੂੰਘਾਈ ਨਾਲ ਜਾਂਚ ਕੀਤੇ ਜਾਣ ਦੀ ਲੋੜ ਹੈ ਕਿ ਇਹ ਕੰਮ ਕਿਸ ਨੇ ਕੀਤਾ ਹੈ l ਕੀ ਇਸਦੇ ਵਿੱਚ ਗੁਰਦੁਆਰਾ ਪ੍ਰਬੰਧਕਾਂ ਦੇ ਬੰਦਿਆਂ ਦੀ ਸ਼ਮੂਲੀਅਤ ਹੈ ਤੇ ਕੀ ਇਸ ਤੋਂ ਪਹਿਲਾਂ ਲੰਗਰ ਵਿੱਚ ਅਜਿਹੀ ਦਾਲ ਪਕਾ ਕੇ ਸੰਗਤ ਵਿੱਚ ਵਰਤਾਈ ਗਈ ਸੀ ਜਾਂ ਨਹੀਂ l
