ਹੁਸਿ਼ਆਰਪੁਰ : ਇੱਕ ਪਾਸੇ ਕੋਰੋਨਾ ਵਾਇਰਸ ਦੇ ਡਰੋਂ ਦੇਸ਼ ਭਰ ਦੇ ਲਗਭਗ ਸਾਰੇ ਸਰਕਾਰੀ ਅਤੇ ਨਿੱਜੀ ਅਦਾਰੇ ਹੋਲੀ ਹੋਲੀ ਬੰਦ ਕੀਤੇ ਜਾ ਰਹੇ ਨੇ, ਉੱਥੇ ਦੂਜੇ ਪਾਸੇ ਪੰਜਾਬ ਸਰਕਾਰ ਨੇ ਸੂਬੇ ਅੰਦਰ ਲਗਭਗ ਸਾਰੇ ਪੁਲਿਸ ਸਿਖਲਾਈ ਕੇਂਦਰ ਬੰਦ ਕਰਨ ਦੇ ਹੁਕਮ ਦੇ ਦਿੱਤੇ ਨੇ, ਜਿਨ੍ਹਾਂ ਸਿਖਲਾਈ ਕੇਂਦਰਾਂ ਨੂੰ ਬੰਦ ਕੀਤਾ ਗਿਆ ਹੈ, ਉਨ੍ਹਾਂ ਵਿੱਚ ਪੀਏਪੀ ਫਿਲੌਰ, ਬਹਾਦੁਰਗੜ ਪੁਲਿਸ ਸਿਖਲਾਈ ਕੇਂਦਰ, ਜਹਾਨਖੇਲਾਂ ਪੁਲਿਸ ਟਰੇਨਿੰਗ ਸੈਂਟਰ ਨੂੰ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤਾ ਗਿਆ ਹੈ।ਇਨ੍ਹਾਂ ਪੁਲਿਸ ਸਿਖਲਾਈ ਕੇਂਦਰਾਂ ਵਿੱਚ ਕੁੱਲ 3000 ਪੁਲਿਸ ਮੁਲਾਜ਼ਮ ਸਿਖਲਾਈ ਹਾਸਿਲ ਕਰ ਰਹੇ ਸਨ।
ਇਹ ਫੈਸਲਾ ਪੰਜਾਬ ਦੇ ਗ੍ਰਹਿ ਵਿਭਾਗ ਡੀਜੀਪੀ ਅਤੇ ਹੋਰ ਵਿਭਾਗੀ ਅਧਿਕਾਰੀਆਂ ਦੀ ਇੱਕ ਸਾਂਝੀ ਮੀਟਿੰਗ ਵਿੱਚ ਲਿਆ ਗਿਆ ਹੈ।ਦੱਸ ਦਈਏ ਕਿ ਇਹ ਪੰਜਾਬ ਪੁਲਿਸ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਜਦੋਂ ਸੂਬੇ ਦੇ ਸਾਰੇ ਸਿਖਲਾਈ ਕੇਂਦਰਾਂ ਨੂੰ ਇੱਕੋ ਵਾਰ ‘ਚ ਬੰਦ ਕਰ ਦਿੱਤਾ ਗਿਆ ਹੋਵੇ।ਏਸ ਸੰਬੰਧੀ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਵਿਸ਼ਵਾਸ਼ ਦਿਵਾਇਆ ਹੈ ਕਿ ਜਿਓਂ ਹੀ ਹਾਲਾਤ ਕਾਬੂ ਹੇਠ ਆਉਣਗੇ, ਇਨ੍ਹਾਂ ਪੁਲਿਸ ਸਿਖਲਾਈ ਕੇਂਦਰਾਂ ਨੂੰ ਤੁਰੰਤ ਸ਼ੁਰੂ ਕਰ ਦਿੱਤਾ ਜਾਵੇੇਗਾ ਪਰ ਕੋਰੋਨਾ ਵਾਇਰਸ ਦੇ ਭੈਅ ਦੇ ਚੱਲਦਿਆਂ ਇਨ੍ਹਾਂ ਸਿਖਲਾਈ ਕੇਂਦਰਾਂ ਅੰਦਰ ਚੱਲ ਰਹੀ ਟਰੇਨਿੰਗ ਨੂੰ ਅਸਥਾਈ ਰੂਪ ਵਿੱਚ ਬੰਦ ਕਰਨਾ ਮਜ਼ਬੂਰੀ ਹੋ ਗਿਆ ਹੈ।
